ਖੁਦ ਪਰਚਾ ਦਰਜ਼ ਕਰਵਾ ਆਏ , ਅਕਾਲੀ ਆਗੂ ਖਿਲਾਫ ਕੇਸ ਦਰਜ਼ ਕਰਵਾਉਣ ਲਈ ਧਰਨਾ ਦੇਣ ਪਹੁੰਚੇ ਆਪ ਆਗੂ
ਮੀਤ ਹੇਅਰ , ਸੰਧਵਾਂ ਤੇ ਬਲਜਿੰਦਰ ਕੌਰ ਨੇ ਕਿਹਾ, ਪਰਚਿਆਂ ਨਾਲ ਲੋਕਾਈ ਦੀ ਅਵਾਜ ਨਹੀਂ ਦਬਾ ਸਕਦੇ
ਬੀ.ਟੀ.ਐਨ. ਸ੍ਰੀ ਮੁਕਤਸਰ ਸਾਹਿਬ ,5 ਜੂਨ 2021
ਸ੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਖਿਲਾਫ ਕੇਸ ਦਰਜ਼ ਕਰਵਾਉਣ ਲਈ ਲੰਬੀ ਵਿਖੇ ਧਰਨਾ ਦੇਣ ਪਹੁੰਚੇ ਆਮ ਆਦਮੀ ਪਾਰਟੀ ਦੇ 3 ਵਿਧਾਇਕ ਤੇ 10 ਆਗੂ ਆਪਣੇ ਹੋਰ 150 ਵਰਕਰਾਂ ਤੇ ਵੀ ਪਰਚਾ ਦਰਜ਼ ਕਰਵਾ ਆਏ। ਲੰਬੀ ਥਾਣੇ ਦੀ ਪੁਲਿਸ ਨੇ ਆਪ ਦੀ ਤਲਵੰਡੀ ਸਾਬੋ ਤੋਂ ਵਿਧਾਇਕ 1. ਬਲਜਿੰਦਰ ਕੌਰ , ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ,ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਆਪ ਦੇ ਹੋਰ ਆਗੂਆਂ ਮਨਵੀਰ ਖੁੱਡੀਆਂ, ਸੁਖਜਿੰਦਰ ਕਾਉਣੀ , ਦੀਪ ਕੰਬੋਜ਼ ਜਿਲਾ ਪ੍ਰਧਾਨ ਫਾਜਿਲਕਾ, ਅਤੁੱਲ ਨਾਗਪਾਲ ਸੀਨੀਅਰ ਆਗੂ ਫਾਜਿਲਕਾ , ਦੇਵ ਰਾਜ ਸ਼ਰਮਾ ਸਾਬਕਾ ਜਿਲਾ ਪ੍ਰਧਾਨ ਫਾਜਿਲਕਾ , ਨਵਦੀਪ ਕੰਧਵਾਲਾ , ਕਾਰਜ ਸਿੰਘ ਮਿੱਡਾ, ਜਗਦੇਵ ਸਿੰਘ ਬਾਮ , ਜੱਗਾ ਕੰਬੋਜ ਵਾਸੀ ਪਾਤੜੀਆਂ ਵਾਲਾ , ਜਗਦੀਪ ਗੋਲਡੀ ਕੰਬੋਜ ਵਾਸੀ ਜਲਾਲਾਬਾਦ ਅਤੇ ਹੋਰ 150 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 150 ਅਧੀਨ ਜੁਰਮ 188,283 IPC ਤਹਿਤ ਥਾਣਾ ਲੰਬੀ ਵਿਖੇ ਕੇਸ ਦਰਜ਼ ਕਰ ਦਿੱਤਾ ਹੈ।
ਆਪ ਆਗੂਆਂ ਤੇ ਦੋਸ਼ ਹੈ ਕਿ ਇਹ ਸਾਰੇ ਕੋਵਿਡ ਨਿਯਮਾਂ ਸਬੰਧੀ ਪੰਜਾਬ ਸਰਕਾਰ ਅਤੇ ਜਿਲ੍ਹਾ ਮਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਾਰੀ ਰੋਕਾਂ ਦੀ ਉਲੰਘਣਾ ਕਰਕੇ ਸੜ੍ਹਕ ਤੇ ਧਰਨਾ ਲਗਾ ਕੇ ਬੈਠੇ ਹਨ । ਜਿੰਨ੍ਹਾਂ ਨੇ ਰਸਤਾ ਰੋਕਿਆ ਹੋਇਆ ਹੈ ਅਤੇ ਸਮਾਜਿਕ ਦੂਰੀ ਦੀ ਪਾਲਣਾ ਨਹੀ ਕੀਤੀ। ਪਰ ਆਪਣੇ ਮੂੰਹਾਂ ਪਰ ਮਾਸਕ ਲਗਾਏ ਹੋਏ ਹਨ। ਵਰਨਣਯੋਗ ਹੈ ਕਿ ਬਾਦਲ ਪਿੰਡ ਵਿੱਚ 23 ਮਈ ਨੂੰ ਫੜ੍ਹੀ ਨਕਲੀ ਸ਼ਰਾਬ ਦੀ ਫੈਕਟਰੀ ਦੇ ਸਬੰਧ ‘ਚ ਦਰਜ਼ ਕੇਸ ਵਿੱਚ ਬਾਦਲ ਪਰਿਵਾਰ ਦੇ ਨਜਦੀਕੀਆਂ ਨੂੰ ਬਚਾਏ ਜਾਣ ਦੇ ਵਿਰੋਧ ਵਿੱਚ ਆਪ ਆਗੂ ਰੋਸ ਪ੍ਰਦਰਸ਼ਨ ਕਰਨ ਗਏ ਸਨ। ਜਿੰਨਾਂ ਸ਼ੁਕਰਵਾਰ ਨੂੰ ਥਾਣਾ ਲੰਬੀ ਮੂਹਰੇ ਅਤੇ ਮਲੋਟ-ਦਿੱਲੀ ਹਾਈਵੇ ਤੇ ਧਰਨਾ ਦਿੱਤਾ ਸੀ।
ਪਰਚਿਆਂ ਤੋਂ ਡਰਨ ਵਾਲੇ ਨਹੀਂ-ਆਪ ਵਿਧਾਇਕ
ਆਮ ਆਦਮੀ ਪਾਰਟੀ ਦੇ ਯੂਥ ਵਿੱਗ ਦੇ ਸੂਬਾਈ ਪ੍ਰਧਾਨ ਤੇ ਵਿਧਾਇਕ ਮੀਤ ਹੇਅਰ, ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਤੇ ਵਿਧਾਇਕ ਪ੍ਰੋਫੈਸਸ ਬਲਜਿੰਦਰ ਕੌਰ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਬਾਦਲ ਪਰਿਵਾਰ ਨਾਲ ਆਪਣੀ ਯਾਰੀ ਪੁਗਾ ਰਹੇ ਹਨ। ਕਲੀ ਸ਼ਰਾਬ ਦੇ ਧੰਦੇ ਵਿੱਚ ਸ਼ਾਮਿਲ ਬਾਦਲ ਪਰਿਵਾਰ ਦੇ ਕਰੀਬੀਆਂ ਖਿਲਾਫ ਕੇਸ ਦਰਜ਼ ਕਰਨ ਦੀ ਬਜਾਏ, ਉਲਟਾ ਉਨਾਂ ਖਿਲਾਫ ਕੇਸ ਦਰਜ਼ ਕਰਵਾਉਣ ਦੀ ਮੰਗ ਕਰਨ ਵਾਲਿਆਂ ਖਿਲਾਫ ਕੇਸ ਦਰਜ ਕਰਨ ਦੀ ਘਟਨਾ ਨੇ ਇੱਕ ਵਾਰ ਫਿਰ ਕੈਪਟਨ-ਬਾਦਲ ਪਰਿਵਾਰ ਦੀ ਸਾਂਝ ਨੂੰ ਬੇਨਕਾਬ ਕਰ ਦਿੱਤਾ ਹੈ। ਤਿੰਨੋਂ ਵਿਧਾਇਕਾਂ ਨੇ ਕਿਹਾ ਕਿ ਇਸ ਤਰਾਂ ਦੇ ਪਰਚਿਆਂ ਨਾਲ ਲੋਕਾਈ ਦੀ ਅਵਾਜ ਨੂੰ ਦਬਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਸਰਕਾਰ ਸਾਡੇ ਖਿਲਾਫ ਇੱਕ ਨਹੀਂ, ਹਜਾਰ ਪਰਚੇ ਵੀ ਦਰਜ ਕਰ ਦੇਵੇ,ਪਰੰਤੂ ਅਸੀਂ ਪੰਜਾਬੀਆਂ ਦੇ ਹੱਕ ਦੀ ਅਵਾਜ਼ ਨੂੰ ਬੁਲੰਦ ਕਰਦੇ ਰਹਾਂਗੇ।