5 ਜੂਨ ਨੂੰ ਸੰਪੂਰਨ ਕਰਾਂਤੀ ਦਿਵਸ ਮਨਾਉਣਗੀਆਂ ਕਿਸਾਨ ਜਥੇਬੰਦੀਆਂ
ਪ੍ਰਿੰਸੀਪਲ ਹਰਭਜਨ ਸਿੰਘ ਟੱਲੇਵਾਲ ਨੇ ਕਨੇਡਾ ਤੋਂ 10000 ਰੁਪਏ ਦੀ ਸਹਾਇਤਾ ਰਾਸ਼ੀ ਭੇਜੀ।
ਪਰਦੀਪ ਕਸਬਾ , ਬਰਨਾਲਾ: 30 ਮਈ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 242 ਵੇਂ ਦਿਨ ਵੀ ਪੂਰੇ ਜੋਸ਼ੋ -ਖਰੋਸ਼ ਨਾਲ ਜਾਰੀ ਰਿਹਾ। 5 ਜੂਨ ਨੂੰ ਇੱਕ ਸਾਲ ਹੋ ਜਾਵੇਗਾ ਜਦੋਂ ਕੇਂਦਰ ਸਰਕਾਰ ਵੱਲੋਂ ਉਹ ਤਿੰਨ ਕਾਲੇ ਖੇਤੀ ਆਰਡੀਨੈਂਸ ਜਾਰੀ ਕੀਤੇ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਕਾਨੂੰਨ ਬਣਾ ਦਿੱਤਾ ਗਿਆ। ਸੰਯੁਕਤ ਮੋਰਚੇ ਨੇ 5 ਜੂਨ ਦੇ ਇਸ ਦਿਨ ਨੂੰ ਸੰਪੂਰਨ ਕਰਾਂਤੀ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ।ਅੱਜ ਧਰਨੇ ਵਿੱਚ ਇਸ ਦਿਨ ਨੂੰ ਮਨਾਉਣ ਦੀਆਂ ਤਿਆਰੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ।
ਕਨੇਡਾ ਦੇ ਸ਼ਰੀ ਸ਼ਹਿਰ ‘ਚ ਰਹਿੰਦੇ ਪ੍ਰਿੰਸੀਪਲ ਹਰਭਜਨ ਸਿੰਘ ਟੱਲੇਵਾਲ ਨੇ ਕਿਸਾਨ ਮੋਰਚੇ ਲਈ 10000 ਰੁਪਏ ਸਹਾਇਤਾ ਰਾਸ਼ੀ ਭੇਜੀ। ਆਪਣੀ ਸਰਵਿਸ ਦੌਰਾਨ ਅਧਿਆਪਕ ਜਥੇਬੰਦੀ ਡੀਟੀਐਫ ਦੀਆਂ ਆਗੂ ਸਫਾਂ ਵਿੱਚ ਕੰਮ ਕਰਦੇ ਰਹੇ ਪ੍ਰਿੰਸੀਪਲ ਹਰਭਜਨ ਸਿੰਘ ਭੁੱਲਰ ਅਕਸਰ, ਪੰਜਾਬ ਵਿਚ ਚਲਦੇ ਲੋਕ ਘੋਲਾਂ ਦੀ ਆਰਥਿਕ ਮਦਦ ਕਰਦੇ ਰਹਿੰਦੇ ਹਨ। ਸੰਯੁਕਤ ਕਿਸਾਨ ਮੋਰਚੇ ਦੀ ਧਰਨਾ ਸੰਚਾਲਨ ਕਮੇਟੀ ਨੇ ਇਸ ਰਾਸ਼ੀ ਲਈ ਪ੍ਰਿੰਸੀਪਲ ਹਰਭਜਨ ਸਿੰਘ ਭੁੱਲਰ ਦਾ ਬਹੁਤ ਬਹੁਤ ਧੰਨਵਾਦ ਕੀਤਾ।
ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਾਹੌਰ, ਗੁਰਮੇਲ ਸਿੰਘ ਸ਼ਰਮਾ, ਪ੍ਰੇਮਪਾਲ ਕੌਰ, ਅਮਰਜੀਤ ਕੌਰ, ਚਰਨਜੀਤ ਕੌਰ, ਨੇਕਦਰਸ਼ਨ ਸਿੰਘ,ਬਾਬੂ ਸਿੰਘ ਖੁੱਡੀ ਕਲਾਂ, ਮਨਜੀਤ ਰਾਜ, ਮਨਜੀਤ ਕੌਰ, ਹਰਚਰਨ ਸਿੰਘ ਚੰਨਾ, ਬਲਜੀਤ ਸਿੰਘ ਚੌਹਾਨਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਸਾਲ ਇਹਨੀਂ ਦਿਨੀਂ ਕਰੋਨਾ ਦੀ ਲਾਗ ਦੇ ਬਹਾਨੇ ਲੋਕਾਂ ਨੂੰ ਘਰਾਂ ਦੇ ਅੰਦਰ ਬੰਦ ਕਰਕੇ ਸਰਕਾਰ ਨੇ ਸਾਜਿਸ਼ੀ ਢੰਗ ਨਾਲ ਤਿੰਨ ਆਰਡੀਨੈਂਸ ਜਾਰੀ ਕਰ ਦਿੱਤੇ। ਆਰਡੀਨੈਂਸ ਕਿਸੇ ਅਤੀ ਜਰੂਰੀ ਸੰਕਟਮਈ ਹਾਲਾਤਾਂ ਸਮੇਂ ਜਾਰੀ ਕੀਤੇ ਜਾਂਦੇ ਹਨ। ਪਰ ਉਨ੍ਹਾਂ ਦਿਨਾਂ ‘ਚ ਇਹ ਲੋਕ ਵਿਰੋਧੀ ਆਰਡੀਨੈਂਸ ਜਾਰੀ ਕਰਨ ਪਿੱਛੇ ਸਰਕਾਰ ਦੀ ਬਦਨੀਤੀ ਕੰਮ ਕਰਦੀ ਸੀ।
ਸਰਕਾਰ ਦਾ ਅੰਦਾਜ਼ਾ ਸੀ ਕਿ ਕਰੋਨਾ ਕਾਰਨ ਕਿਸਾਨ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਨਹੀਂ ਕਰ ਸਕਣਗੇ। ਪਰ ਸਰਕਾਰ ਦੇ ਸਾਰੇ ਅੰਦਾਜ਼ੇ ਗਲਤ ਸਾਬਤ ਹੋਏ। ਸੂਝਵਾਨ ਕਿਸਾਨ ਆਗੂਆਂ ਨੇ ਇਨ੍ਹਾਂ ਆਰਡੀਨੈਂਸਾਂ ਪਿੱਛੇ ਲੁਕੀ ਹੋਈ ਬਦਨੀਤੀ ਨੂੰ ਝੱਟ ਸਮਝ ਲਿਆ ਅਤੇ ਪਹਿਲੇ ਦਿਨ ਤੋਂ ਹੀ ਇਨ੍ਹਾਂ ਵਿਰੁੱਧ ਸੰਘਰਸ਼ ਵਿੱਢ ਦਿੱਤਾ।
ਕਿਸਾਨ ਆਗੂਆਂ ਨੇ ਕਿਹਾ ਕਿ 5 ਜੂਨ ਨੂੰ ਬੀਜੇਪੀ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਘਰਾਂ ਮੂਹਰੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਸੰਪੂਰਨ ਕਰਾਂਤੀ ਦਿਵਸ ਮਨਾਇਆ ਜਾਵੇਗਾ। ਜਿਨ੍ਹਾਂ ਸ਼ਹਿਰਾਂ ਵਿੱਚ ਬੀਜੇਪੀ ਸੰਸਦ ਮੈਂਬਰ ਜਾਂ ਵਿਧਾਇਕ ਨਹੀਂ ਹਨ, ਉਥੇ ਡੀਸੀ ਜਾਂ ਐਸਡੀਐਮ ਦਫਤਰਾਂ ਮੂਹਰੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਅੱਜ ਜਸ਼ਨਦੀਪ ਕੌਰ ਤੇ ਰੁਲਦੂ ਸਿੰਘ ਸ਼ੇਰੋਂ ਨੇ ਗੀਤ ਅਤੇ ਪਰਮਜੀਤ ਸਿੰਘ ਖਾਲਸਾ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਸੁਣਾਈ।