ਰਾਜਮਹਿੰਦਰ ਜੀ 25 ਸਾਲਾਂ ਤੋਂ ਗਾਂਧੀ ਆਰੀਆ ਹਾਈ ਸਕੂਲ ਵਿਖੇ ਪੰਜਾਬੀ ਅਧਿਆਪਕ ਦੇ ਤੌਰ ਤੇ ਸੇਵਾ ਨਿਭਾਉਦੇ ਆ ਰਹੇ ਹਨ।
ਹਰਿੰਦਰਪਾਲ ਨਿੱਕਾ, ਬਰਨਾਲਾ, 27 ਮਈ 2021
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਗਾਂਧੀ ਆਰੀਆ ਹਾਈ ਸਕੂਲ ਦੇ ਮੁੱਖ ਅਧਿਆਪਕ ਰਾਜਮਹਿੰਦਰ ਜੀ ਨੂੰ ਅਕਾਦਮਿਕ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ । ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵਲੋਂ ਜਾਰੀ ਕੀਤੇ ਗਏ ਪੱਤਰ ਵਿੱਚ 17 ਮੈਂਬਰ ਸ਼ਾਮਿਲ ਕੀਤੇ ਗਏ ਹਨ ਇਸ ਵਿਚ ਬੋਰਡ ਦੇ ਚੇਅਰਮੈਨ, ਉਪ ਚੇਅਰਮੈਨ ,ਡਾਇਰੈਕਟਰ ਜਰਨਲ ਸਕੂਲ ਸਿੱਖਿਆ ,ਸਿੱਖਿਆ ਬੋਰਡ ਦੇ ਸਕੱਤਰ ,ਡਾਇਰੈਕਟਰ ਐਸ ਸੀ ਈ ਆਰ ਟੀ, ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਡਾਇਰੈਕਟਰ ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਰਾਜਮਹਿੰਦਰ ਜੀ 25 ਸਾਲਾਂ ਤੋਂ ਗਾਂਧੀ ਆਰੀਆ ਹਾਈ ਸਕੂਲ ਵਿਖੇ ਪੰਜਾਬੀ ਅਧਿਆਪਕ ਦੇ ਤੌਰ ਤੇ ਸੇਵਾ ਨਿਭਾਉਦੇ ਆ ਰਹੇ ਹਨ। ਬਤੌਰ ਅਧਿਆਪਕ ਉਹਨਾਂ ਨੇ ਹਮੇਸ਼ਾ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ , ਗਰੀਬ ਵਿਦਿਆਰਥੀਆਂ ਦੀ ਸਹਾਇਤਾ ਅਤੇ ਵਿਦਿਆਰਥੀਆਂ ਦੇ ਜੀਵਨ ਵਿਚ ਨੈਤਿਕ ਗੁਣਾਂ ਨੂੰ ਤਰਜੀਹ ਦਿੱਤੀ। ਕਰੀਬ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਗਾਂਧੀ ਆਰੀਆ ਹਾਈ ਸਕੂਲ ਦੇ ਮੁੱਖ ਅਧਿਆਪਕ ਦੇ ਤੌਰ ਤੇ ਚਾਰਜ ਸੰਭਾਲਿਆ ਸੀ। ਉਸ ਸਮੇਂ ਤੋਂ ਹੀ ਉਨ੍ਹਾਂ ਨੇ ਸਕੂਲ ਪ੍ਰਬੰਧਕ ਕਮੇਟੀ ਅਤੇ ਕੁਸ਼ਲ ਸਟਾਫ਼ ਦੇ ਸਹਿਯੋਗ ਨਾਲ ਸਕੂਲ ਵਿਚ ਅਨੇਕਾਂ ਸੁਧਾਰ ਕੀਤੇ । ਪੁਰਾਣੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰੀਬ 25 ਲੱਖ ਰੁਪਏ ਦੀ ਦਾਨ ਰਾਸ਼ੀ ਇਕੱਠੀ ਕਰਕੇ ਸਕੂਲ ਦੀ ਕਾਇਆ ਕਲਪ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਕਾਦਮਿਕ ਕੌਂਸਲ ਵਿੱਚ ਰਾਜਮਹਿੰਦਰ ਜੀ ਦਾ ਨਾਮ ਸ਼ੁਮਾਰ ਹੋਣ ਤੇ ਆਰੀਆ ਸੰਸਥਾਵਾਂ ਦਾ ਹੀ ਮਾਣ ਨਹੀਂ ਵਧਿਆ ਬਲਕਿ ਬਰਨਾਲਾ ਜਿਲ੍ਹੇ ਦਾ ਨਾਮ ਵੀ ਸਿੱਖਿਆ ਖੇਤਰ ਵਿੱਚ ਉੱਚਾ ਹੋਇਆ ਹੈ ।