ਸਾਂਝਾ ਕਿਸਾਨ ਮੋਰਚਾ:ਕਿਸਾਨ ਅੰਦੋਲਨ ਦੇ ਛੇ ਮਹੀਨੇ : ਹਰ ਤਰਫ ਕਾਲੀਆਂ ਚੁੰਨੀਆਂ, ਪੱਗਾਂ, ਪੱਟੀਆਂ ਤੇ ਝੰਡੇ/ ਝੰਡੀਆਂ ਦੀ ਭਰਮਾਰ
ਹਜ਼ਾਰਾਂ ਲੋਕਾਂ ਨੇ ਸ਼ਹਿਰ ‘ਚ ਰੋਹ ਭਰਪੂਰ ਮੁਜ਼ਾਹਰੇ ਬਾਅਦ ਮੋਦੀ ਸਰਕਾਰ ਦੀ ਅਰਥੀ ਫੂਕੀ।
ਪਰਦੀਪ ਕਸਬਾ , ਬਰਨਾਲਾ :26 ਮਈ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਸੰਘਰਸ਼ 5 ਜੂਨ 2020 ਨੂੰ ਕਾਲੇ ਆਰਡੀਨੈਂਸ ਜਾਰੀ ਹੋਣ ਦੇ ਦਿਨ ਤੋਂ ਸ਼ੁਰੂ ਹੋ ਗਿਆ ਸੀ। ਕਿਸਾਨ 26 ਨਵੰਬਰ ਤੋਂ ਆਪਣਾ ਅੰਦੋਲਨ ਦਿੱਲੀ ਦੀਆਂ ਬਰੂਹਾਂ ‘ਤੇ ਲੈ ਗਏ। ਅੱਜ 26 ਮਈ ਨੂੰ ਦਿੱਲੀ ਅੰਦੋਲਨ ਦੇ ਛੇ ਮਹੀਨੇ ਪੂਰੇ ਹੋ ਗਏ ਹਨ। ਅੰਦੋਲਨ ਦੇ ਇਸ ਪੜਾਅ ਦੀ ਮਹੱਤਤਾ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਸਰਕਾਰ ਦੀ ਹੱਠਧਰਮੀ ਵਿਰੁੱਧ ਇਸ ਦਿਨ ਨੂੰ ਕਾਲਾ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਸੀ।ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ਵਿੱਚ ਅੱਜ ਕਾਲਾ ਦਿਵਸ ਪੂਰੇ ਜ਼ੋਸ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਸ਼ਹਿਰ ਦੇ ਸਾਰੇ ਮੁੱਖ ਚੌਕਾਂ, ਬਾਜਾਰਾਂ ਵਿੱਚ, ਸੰਸਥਾਵਾਂ ਤੇ ਅਦਾਰਿਆਂ ਦੇ ਦਫਤਰਾਂ ਮੂਹਰੇ, ਲੋਕਾਂ ਨੇ ਆਪਣੇ ਘਰਾਂ ਅਤੇ ਧਰਨੇ ਵਾਲੀ ਥਾਂ ‘ਤੇ ਕਾਲੇ ਝੰਡੇ ਲਹਿਰਾਏ ਗਏ। ਝੰਡਿਆਂ ਵਾਲਿਆਂ ਥਾਵਾਂ ‘ਤੇ ਕਾਲਾ ਦਿਵਸ ਮਨਾਉਣ ਨਾਲ ਸਬੰਧਤ ਬੈਨਰ ਵੀ ਲਾਏ ਗਏ। ਸਾਰਾ ਪੰਡਾਲ ਕਾਲੇ ਬੈਨਰਾਂ ਨਾਲ ਭਰਿਆ ਹੋਇਆ ਸੀ। ਧਰਨਾਕਾਰੀ ਔਰਤਾਂ ਨੇ ਕਾਲੀਆਂ ਚੁੰਨੀਆਂ ਤੇ ਮਰਦਾਂ ਨੇ ਕਾਲੀਆਂ ਪੱਗਾਂ ਜਾਂ ਪੱਟੀਆਂ ਬੰਨ ਕੇ ਸਰਕਾਰ ਦੀ ਹੱਠਧਰਮੀ ਵਿਰੁੱਧ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ।
ਧਰਨੇ ਤੋਂ ਬਾਅਦ ਸ਼ਹਿਰ ਵਿੱਚ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ। ਭਗਤ ਸਿੰਘ ਚੌਕ ਵਿੱਚ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਆਕਾਸ਼ ਗੁੰਜਾਊ ਨਾਹਰਿਆਂ ਨਾਲ ਕਿਸਾਨੀ ਮੰਗਾਂ ਨੂੰ ਉਭਾਰਿਆ ਗਿਆ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਪਵਿੱਤਰ ਸਿੰਘ ਲਾਲੀ, ਸਾਧੂ ਸਿੰਘ ਛੀਨੀਵਾਲ, ਬਲਵੀਰ ਕੌਰ ਕਰਮਗੜ੍ਹ, ਸੁਖਦੇਵ ਸਿੰਘ ਵਜੀਦਕੇ, ਪਰਮਜੀਤ ਕੌਰ ਠੀਕਰੀਵਾਲਾ, ਖੁਸ਼ੀਆ ਸਿੰਘ, ਗੁਰਪ੍ਰੀਤ ਸਿੰਘ ਰੂੜੇਕੇ, ਮੇਲਾ ਸਿੰਘ ਕੱਟੂ, ਹਰਬਖਸ਼ ਸਿੰਘ, ਸੁਖਜੰਟ ਸਿੰਘ, ਗੁਰਮੇਲ ਸ਼ਰਮਾ,ਗੁਰਮੀਤ ਸੁਖਪੁਰ, ਗੁਰਨਾਮ ਸਿੰਘ ਠੀਕਰੀਵਾਲਾ, ਸਰਪੰਚ ਗੁਰਚਰਨ ਸਿੰਘ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਤਕਰੀਬਨ ਇੱਕ ਸਾਲ ਹੋਣ ਵਾਲਾ ਹੈ ਜਦੋਂ ਤੋਂ ਕਿਸਾਨਾਂ ਨੇ ਤਿੰਨ ਕਾਲੇ ਆਰਡੀਨੈਂਸਾਂ, ਜੋ ਬਾਅਦ ਵਿੱਚ ਕਾਨੂੰਨ ਬਣਾ ਦਿੱਤੇ ਗਏ, ਵਿਰੁੱਧ ਲਗਾਤਾਰ ਸੰਘਰਸ਼ ਵਿਢਿਆ ਹੋਇਆ ਹੈ। ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ ਬੈਠਿਆਂ ਨੂੰ ਵੀ ਛੇ ਮਹੀਨੇ ਪੂਰੇ ਹੋ ਗਏ ਹਨ। ਪਰ ਨਾ ਤਾਂ ਅੰਦੋਲਨਕਾਰੀਆਂ ਦੇ ਹੌਂਸਲੇ ਵਿੱਚ ਕੋਈ ਕਮੀ ਆਈ ਹੈ ਅਤੇ ਨਾ ਹੀ ਉਹ ਆਪਣੇ ਅਹਿਦ ਤੋਂ ਭੋਰਾ ਭਰ ਪਿੱਛੇ ਹਟੇ ਹਨ। ਸੋ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ਲਈ ਛੇ ਮਹੀਨੇ ਜਾਂ ਛੇ ਸਾਲਾਂ ਵਿੱਚ ਕੋਈ ਫਰਕ ਨਹੀਂ।ਸਾਡੇ ਕੋਲ ਕਾਨੂੰਨ ਰੱਦ ਕਰਵਾਉਣ ਤੋਂ ਬਗੈਰ ਕੋਈ ਚਾਰਾ ਨਹੀਂ ਹੈ ਅਤੇ ਸਰਕਾਰ ਕੋਲ ਕਾਨੂੰਨ ਰੱਦ ਕਰਨ ਤੋਂ ਬਗੈਰ ਹੋਰ ਕੋਈ ਵਿਕੱਲਪ ਮੌਜੂਦ ਨਹੀਂਬ। ਅੱਜ ਸੰਧੂ ਪੱਤੀ ਬਰਨਾਲਾ ਤੇ ਪਿੰਡ ਕਰਮਗੜ ਨਿਵਾਸੀਆਂ ਨੇ ਲੰਗਰ ਦੀ ਸੇਵਾ ਕੀਤੀ।