ਰਘਵੀਰ ਹੈਪੀ/ ਸੋਨੀ ਪਨੇਸਰ , ਬਰਨਾਲਾ 26 ਮਈ2021
ਲੰਘੀ ਕੱਲ੍ਹ ਸੂਰਤਗੜ੍ਹ ਆਰਮੀ ਯੂਨਿਟ ‘ਚ ਸੀਨੀਅਰ ਆਰਮੀ ਅਫ਼ਸਰ ਤੋਂ ਤੰਗ ਪ੍ਰੇਸਾਨ ਹੋ ਕੇ ਯੂਨਿਟ ਦੇ ਫੋਜੀ ਜਵਾਨ ਪ੍ਰਭਦਿਆਲ ਸਿੰਘ ਨਿਵਾਸੀ ਪਿੰਡ ਬੁਰਜ ਹਰੀ ਜਿਲ੍ਹਾ ਮਾਨਸਾ ਵੱਲੋਂ ਸੁਸਾਇਡ ਕਰਨ ਦੀ ਹਿਰਦਾ ਵਲੂੰਦਰ ਦੇਣ ਵਾਲੀ ਘਟਨਾ ਤੋਂ ਬਾਅਦ ਫੌਜੀ ਜਵਾਨਾਂ ਵਿੱਚ ਦਹਿਸਤ ਦਾ ਮਾਹੌਲ ਹੈ। ਉੱਧਰ ਪ੍ਰਭਦਿਆਲ ਸਿੰਘ ਦੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਫੈਲ ਗਈ ਹੈ। ਇਸ ਘਟਨਾ ਦੀ ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਪੁਰਜੋਰ ਨਿੰਦਿਆ ਕੀਤੀ ਹੈ। ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਚੀਫ਼ ਆਫ ਆਰਮੀ ਸਟਾਫ਼ ਕੋਲੋਂ ਪੁਰਜੋਰ ਮੰਗ ਕੀਤੀ ਕੇ ਉਕਤ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਅਫ਼ਸਰ ਨੂੰ ਮਿਸਾਲੀ ਸਜ਼ਾ ਦੇ ਕੇ ਫੌਜ ਵਿੱਚੋਂ ਬਰਖਾਸਤ ਕੀਤਾ ਜਾਵੇ ਤਾਕਿ ਅੱਗੇ ਤੋਂ ਕੋਈ ਅਧਿਕਾਰੀ ਅਜਿਹਾ ਕਰਨ ਦੀ ਜੁਰਅਤ ਨਾ ਕਰ ਸਕੇ।
ਇੰਜ ਸਿੱਧੂ ਨੇ ਇਹ ਵੀ ਮੰਗ ਕੀਤੀ ਕੇ ਫੌਜੀ ਜਵਾਨ ਪ੍ਰਭਦਿਆਲ ਸਿੰਘ ਨੂੰ ਸ਼ਹੀਦ ਸਿਪਾਹੀ ਵਾਂਗ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਣ। ਇੰਜ ਸਿੱਧੂ ਨੇ ਮੰਗ ਕੀਤੀ ਕੇ ਅਫ਼ਸਰਾਂ ਅਤੇ ਫੌਜੀ ਜੁਆਨਾਂ ਵਿਚ ਬਹੁਤ ਫਰਕ ਹਨ । ਅੱਜ ਫੌਜ ਦੀ ਵਧੀਆ ਕਾਰਗੁਜ਼ਾਰੀ ਲਈ ਇਹ ਫਰਕ ਮਿਟਾ ਕੇ ਵੱਡੀਆਂ ਤਬਦੀਲੀਆਂ ਦੀ ਲੋੜ ਹੈ , ਅੱਜ ਵੀ ਫੌਜ ਵਿੱਚ ਅੰਗਰੇਜਾਂ ਦੇ ਸਮੇਂ ਦੇ ਕਾਲੇ ਕਾਨੂੰਨ ਭਾਰੂ ਹਨ । ਓਹਨਾ ਚਿਤਾਵਨੀ ਦਿੱਤੀ ਕਿ ਜੇਕਰ ਫੌਜੀ ਜਵਾਨ ਦੀ ਆਤਮ ਹੱਤਿਆ ਦੇ ਕਾਰਨਾਂ ਦੀ ਇਨਕੁਆਰੀ ਨੂੰ ਅੱਖੋ ਪਰੋਖੇ ਕੀਤਾ ਗਿਆ ਤਾਂ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ । ਇਸ ਮੌਕੇ ਲੈਫ.ਭੋਲਾ ਸਿੰਘ ਸਿੱਧੂ , ਬਲਵਿੰਦਰ ਸਿੰਘ ਢੀਂਡਸਾ , ਅਵਤਾਰ ਸਿੰਘ ਵਾਰੰਟ ਅਫ਼ਸਰ, ਸੂਬੇਦਾਰ ਸਰਬਜੀਤ ਸਿੰਘ , ਸੁਖਦੇਵ ਸਿੰਘ ਸੂਬੇਦਾਰ, ਕਮਲ ਸ਼ਰਮਾ , ਸੁਰਿੰਦਰ ਸਿੰਘ , ਸੁਖਪਾਲ ਸਿੰਘ, ਹਰਪਾਲ ਸਿੰਘ ,ਹਰਭਜਨ ਸਿੰਘ ਹੌਲਦਾਰ ,ਦੀਵਾਨ ਸਿੰਘ, ਸੁਖਮਿੰਦਰ ਸਿੰਘ ਹਰੀਗੜ੍ਹ ,ਸਾਰਜੈਂਟ ਸਵਰਨ ਸਿੰਘ ,ਹੌਲਦਾਰ ਜੀਤ ਸਿੰਘ ਆਦਿ ਆਗੂ ਹਾਜ਼ਰ ਸਨ।