ਡੀ.ਸੀ. ਨੇ ਸਿਹਤ ਵਿਭਾਗ ਨੂੰ ਦਿੱਤੀ ਮੁਬਾਰਕਵਾਦ, ਵਸਨੀਕਾਂ ਦਾ ਵੀ ਭਰਵੇਂ ਹੁੰਗਾਰੇ ਲਈ ਕੀਤਾ ਧੰਨਵਾਦ
-ਟੀਕਾਕਰਨ ਮੁਹਿੰਮ ਅਧੀਨ ਸਾਰੀਆਂ ਸ਼੍ਰੇਣੀਆਂ ‘ਚ 7.55 ਲੱਖ ਵੈਕਸੀਨੇਸ਼ਨ ਕਰਦਿਆਂ ਪਹਿਲਾਂ ਹੀ ਹੈ ਅੱਵਲ
ਦਵਿੰਦਰ ਡੀ ਕੇ ਲੁਧਿਆਣਾ, 25 ਮਈ 2021
ਪੰਜਾਬ ਸੂਬੇ ਵਿਚ ਸਭ ਤੋਂ ਵੱਧ ਕੋਰੋਨਾ ਵਾਇਰਸ ਕੇਸਾਂ ਦੇ ਬਾਵਜੂਦ, ਲੁਧਿਆਣਾ ਟੀਕਾਕਰਣ ਦੇ ਮੋਰਚੇ ‘ਤੇ ਵੱਖਰਾ ਸਥਾਨ ਹਾਸਲ ਕਰ ਚੁੱਕਾ ਹੈ ਅਤੇ ਕੱਲ ਭਾਵ 24 ਮਈ, 2021 ਤੱਕ 18-24 ਉਮਰ ਵਰਗ ਦੇ 1.03 ਲੱਖ ਲਾਭਪਾਤਰੀਆਂ ਦਾ ਟੀਕਾਕਰਨ ਕਰਦਿਆਂ, ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ ਅਤੇ ਇਸ ਕੋਵਿਡ-19 ਮਹਾਂਮਾਰੀ ਵਿਰੁੱਧ ਇਹ ਟੀਕਾਕਰਨ ਮੁਹਿੰਮ ਜੰਗੀ ਪੱਧਰ ‘ਤੇ ਜਾਰੀ ਹੈ।
ਲੁਧਿਆਣਾ ਪਹਿਲਾਂ ਹੀ ਸੂਬੇ ਵਿੱਚ ਸਾਰੀਆਂ ਸ੍ਰੇਣੀਆਂ ਦਾ ਟੀਕਾਕਰਨ ਕਰਦਿਆਂ 7.55 ਲੱਖ ਦਾ ਆਂਕੜਾ ਪ੍ਰ੍ਰਾਪਤ ਕਰਦਿਆਂ ਪਹਿਲੇ ਨੰਬਰ ‘ਤੇ ਹੈ।
ਵੇਰਵੇ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ 18-44 ਉਮਰ ਵਰਗ ਵਿਚ 1,03,331 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈੈ ਇਹ ਆਂਕੜਾ 24 ਮਈ, 2021 ਤਕ ਪੰਜਾਬ ਵਿਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਸ੍ਰੇਣੀ ਵਿੱਚ ਜ਼ਿਲ੍ਹਾ ਲੁਧਿਆਣਾ ਤੋਂ ਬਾਅਦ ਪਟਿਆਲਾ 56480 ਅਤੇ ਹੁਸ਼ਿਆਰਪੁਰ ਨੇ 35194 ਲਾਭਪਾਤਰੀਆਂ ਨੂੰ ਕਵਰ ਕੀਤਾ ਹੈ। ਇਸੇ ਉਮਰ ਵਰਗ ਵਿੱਚ ਜ਼ਿਲ੍ਹਾ ਜਲੰਧਰ ਵੱਲੋਂ 32310 ਅਤੇ ਗੁਰਦਾਸਪੁਰ ਵੱਲੋਂ 26874 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ।
ਇੰਨੇ ਵੱਡੇ ਪੱਧਰ ‘ਤੇ ਟੀਕਾਕਰਨ ਮੁਹਿੰਮ ਨੂੰ ਅੱਗੇ ਤੋਰਨ ਲਈ ਲੁਧਿਆਣਾ ਵਿਚ ਪੰਜਾਬ ਨੂੰ ਮੋਹਰੀ ਬਣਾਉਣ ਲਈ ਸਿਹਤ ਮਸ਼ੀਨਰੀ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਸਿਹਤ ਕਰਮਚਾਰੀ ਸਾਰੇ ਯੋਗ ਵਿਅਕਤੀਆਂ ਦੇ ਟੀਕਾਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਿਹਤ ਟੀਮਾਂ ਇਸ ਦੁਰਲੱਭ ਕਾਰਨਾਮੇ ਲਈ ਸ਼ਲਾਘਾ ਦੀਆਂ ਹੱਕਦਾਰ ਹਨ ਕਿਉਂਕਿ ਬਹੁਤ ਸਾਰੇ ਕੈਂਪ ਲਗਾਉਣੇ ਅਤੇ ਲੋਕਾਂ ਨੂੰ ਟੀਕਾ ਲਗਵਾਉਣਾ ਕੋਈ ਸੁਖਾਲਾ ਕੰਮ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸਦਾ ਸਿਹਰਾ ਜ਼ਿਲੇ ਦੇ ਲੋਕਾਂ ਨੂੰ ਵੀ ਜਾਂਦਾ ਹੈ ਜਿਨ੍ਹਾਂ ਨੇ ਪੂਰੇ ਦਿਲ ਨਾਲ ਟੀਕਾਕਰਨ ਮੁਹਿੰਮ ਦੀ ਹਮਾਇਤ ਕੀਤੀ ਅਤੇ ਵੱਡੀ ਗਿਣਤੀ ਵਿੱਚ ਵੈਕਸੀਨੇਸ਼ਨ ਕਰਾਉਣ ਲਈ ਅੱਗੇ ਆਏ।
ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਜੰਗੀ ਪੱਧਰ ‘ਤੇ ਇਹ ਵਿਸ਼ਾਲ ਕੋਵਿਡ ਟੀਕਾਕਰਨ ਪ੍ਰੋਗਰਾਮ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਰੋਕਣ ਵਿਚ ਸਹਾਈ ਸਿੱਧ ਹੋਵੇਗਾ, ਕਿਉਂਕਿ ਇਸ ਟੀਕਾਕਰਨ ਮੁਹਿੰਮ ਅਧੀਨ ਲੋਕਾਂ ਦੀ ਵੱਧ ਤੋਂ ਵੱਧ ਕਵਰੇਜ ਇਸ ਦੀ ਪਸਾਰ ਲੜੀ ਨੂੰ ਤੋੜਨ ਵਿੱਚ ਕਾਮਯਾਬ ਹੋਵੇਗੀ।
ਸ੍ਰੀ ਸ਼ਰਮਾ ਨੇ ਅੱਗੇ ਕਿਹਾ ਕਿ ਲੋਕਾਂ ਨੂੰ ਮਾਸਕ ਪਹਿਨਣ, ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਉਣ ਦੀ ਲੋੜ ਹੈ। ਉਨ੍ਹਾਂ ਸਾਰਿਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਵੀ ਧਿਆਨ ਨਾਲ ਪਾਲਣਾ ਕਰਨ ਲਈ ਕਿਹਾ।
ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਇਸ ਮਹਾਂਮਾਰੀ ਦਾ ਪੂਰੀ ਤਰ੍ਹਾਂ ਖਾਤਮਾ ਨਹੀਂ ਹੋ ਜਾਂਦਾ, ਅਵੇਸਲੇ ਹੋਣ ਦੀ ਬਿਲਕੁੱਲ ਲੋੜ ਨਹੀਂ ਹੈ।