ਨਕਸ਼ੇ ਵਿੱਚ ਦਰਸਾਇਆ ਪਾਰਕ ਘਟਾਇਆ, ਸਰਕਾਰੀ ਗਲੀ ਨੂੰ ਪਲਾਟਾਂ ‘ਚ ਮਿਲਾਇਆ ਤੇ ਗੈਰਕਾਨੂੰਨੀ ਢੰਗ ਨਾਲ ਵਧਾਏ 4 ਹੋਰ ਪਾਲਟ
ਈ.ਉ. ਨੇ ਕਿਹਾ ਕਰਾਂਗੇ ਸਖਤ ਕਾਨੂੰਨੀ ਕਾਰਵਾਈ
ਹਰਿੰਦਰ ਨਿੱਕਾ , ਬਰਨਾਲਾ 26 ਮਈ 2021
ਸ਼ਹਿਰ ਦੇ ਧਨੌਲਾ ਰੋਡ ਤੇ ਪੈਂਦੀ ਹਾਰਮੋਨੀ ਹੋਮਜ਼ ਕਲੋਨੀ ਕਾਨੂੰਨ ਅਤੇ ਨਿਯਮਾਂ ਨੂੰ ਛਿੱਕੇ ਟੰਗਣ ਵਿੱਚ ਸ਼ਹਿਰ ਦੀ ਨੰਬਰ 1 ਕਲੋਨੀ ਬਣ ਚੁੱਕੀ ਹੈ। ਕਲੋਨਾਈਜ਼ਰ ਨੇ 104 ਪਲਾਟਾਂ ਦੀ ਕਲੋਨੀ ਵਿਕਸਤ ਕਰਨ ਸਮੇਂ ਛੱਡਿਆ ਇੱਕ ਪਾਰਕ 6 ਫੁੱਟ ਕੱਟ ਕੇ ਪਲਾਟਾਂ ਦਾ ਸਾਈਜ਼ ਪੂਰਾ ਕਰਨ ਲਈ ਵਰਤ ਲਿਆ ਹੈ। 104 ਪਲਾਟਾਂ ਦੀ ਅਪਰੂਵਡ ਕਲੋਨੀ ਵਿੱਚ ਗੈਰਕਾਨੂੰਨੀ ਢੰਗ ਨਾਲ 4 ਹੋਰ ਪਲਾਟ ਸਾਰੇ ਕਾਇਦੇ ਕਾਨੂੰਨ ਛਿੱਕੇ ਟੰਗ ਕੇ ਕੱਟ ਦਿੱਤੇ ਹਨ। ਇੱਥੇ ਹੀ ਬੱਸ ਨਹੀਂ, ਕਲੋਨਾਈਜ਼ਰ ਨੇ ਕਰੀਬ 16 ਫੁੱਟ ਚੌੜੀ ਅਤੇ ਕਰੀਬ ਡੇਢ ਸੌ ਫੁੱਟ ਤੋਂ ਜਿਆਦਾ ਸਰਕਾਰੀ ਖਡਵੱਜੇ ਲੱਗੀ ਗਲੀ ਨੂੰ ਵੀ ਗੈਰਕਾਨੂੰਨੀ ਢੰਗ ਨਾਲ ਕੱਟੇ ਪਲਾਟਾਂ ਵਿੱਚ ਮਿਲਾ ਕੇ ਨਗਰ ਕੌਂਸਲ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੇ ਵੀ ਅੱਖੀਂ ਘੱਟਾ ਪਾ ਰੱਖਿਆ ਹੈ। ਇਹ ਸਾਰਾ ਮਾਮਲਾ ਕਲੋਨੀ ਵਾਸੀਆਂ ਨੇ ਮੀਡੀਆ ਦੇ ਧਿਆਨ ਵਿੱਚ ਲਿਆਂਦਾ।
ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 10 ਕੁ ਸਾਲ ਪਹਿਲਾਂ ਹਾਰਮੋਨੀ ਹੋਮਜ਼ ਦੇ ਕਲੋਨਾਈਜ਼ਰ ਨੇ ਧਨੌਲਾ ਰੋਡ ਤੇ ਹਾਰਮੋਨੀ ਹੋਮਜ਼ ਅਪਰੂਵਡ ਕਲੋਨੀ ਦਾ ਸਾਈਟ ਪਲਾਨ / ਨਕਸ਼ਾ ਮਾਰਕੀਟ ਵਿੱਚ ਲਿਆਂਦਾ। ਸ਼ਹਿਰ ਦੇ ਨੇੜੇ ਸਿਰਫ 104 ਪਲਾਟਾਂ ਵਾਲੀ ਸੁਵਿਧਾਵਾਂ ਸੰਪੰਨ ਕਲੋਨੀ ਦੀ ਉਮੀਦ ਵਿੱਚ ਲੋਕਾਂ ਨੇ ਪਲਾਟ ਖਰੀਦ ਕਰ ਲਏ। ਹਾਲੇ ਤੱਕ ਇਸ ਕਲੋਨੀ ਅੰਦਰ ਸਿਰਫ 2 ਕੁ ਦਰਜ਼ਨ ਲੋਕਾਂ ਨੇ ਹੀ ਰਿਹਾਇਸ਼ ਰੱਖ ਕੇ ਆਲੀਸ਼ਾਨ ਕੋਠੀਆਂ ਦਾ ਨਿਰਮਾਨ ਕੀਤਾ ਹੋਇਆ ਹੈ। ਕਲੋਨੀ ਵਾਸੀਆਂ ਲਈ ਹਾਲਤ ਉਦੋਂ ਨਿਰਾਸ਼ਾਜ਼ਨਕ ਬਣ ਗਏ, ਜਦੋਂ ਕਲੋਨਾਈਜ਼ਰਾਂ ਨੇ ਥਾਂ ਥਾਂ ਤੋਂ ਟੁੱਟੀਆਂ ਸੜਕਾਂ/ ਲਾਈਟਾਂ ਆਦਿ ਦੀ ਸਾਜ ਸੰਭਾਲ ਕਰਨ ਤੋਂ ਆਪਣਾ ਮੂੰਹ ਮੋੜ ਲਿਆ। ਅਬਾਦੀ ਘੱਟ ਹੋਣ ਅਤੇ ਸੜਕਾਂ ਦੀ ਹਾਲਤ ਖਸ਼ਤਾ ਹੋਣ ਕਾਰਣ ਮੌਜ਼ੂਦਾ ਹਾਲਤ ਵਿੱਚ ਇਹ ਕਲੋਨੀ ਨੂੰ ਹਾਲੇ ਤੱਕ ਨਗਰ ਕੌਂਸਲ ਦੇ ਹੈਂਡੳਵਰ ਵੀ ਨਹੀਂ ਕੀਤਾ ਗਿਆ। ਕਲੋਨਾਈਜ਼ਰ ਵੱਲੋਂ ਕਲੋਨੀ ਦੀ ਡਿਵੈਲਪਮੈਂਟ ਕਰਨ ਤੋਂ ਹੱਥ ਪਿੱਛੇ ਖਿੱਚ ਲੈਣ ਕਾਰਣ ਕਲੋਨੀ ਵਾਸੀਆਂ ਲਈ ਹਾਲਤ ਨਾ ਘਰ ਦੇ ਨਾ ਘਾਟ ਦੇ ਵਾਲੇ ਬਣੀ ਹੋਈ ਹੈ।
ਨਕਸ਼ੇ ‘ਚ ਦਿਖਾਈ ਬਿਲਡਿੰਗ ਨੂੰ ਬਣਾਇਆ ਪਲਾਟ
ਕਲੋਨੀ ਦੇ ਪਾਰਕ ਦੇ ਨਾਲ ਇੱਕ ਜਿਮੀਂਦਾਰ ਦਾ ਤਾਮੀਰਸ਼ੁਦਾ ਮਕਾਨ ਸੀ। ਜਿਸ ਦਾ ਜਿਕਰ ਬਕਾਇਦਾ ਕਲੋਨੀ ਦੇ ਅਪਰੂਵਡ ਨਕਸ਼ੇ ਵਿੱਚ ਵੀ Existing Bulding ਲਿਖ ਕੇ ਕੀਤਾ ਹੋਇਆ ਹੈ। ਇਸ ਮਕਾਨ ਨੂੰ ਖੇਤਾਂ ਵਾਲੇ ਪਾਸਿਉਂ ਸਰਕਾਰੀ ਗਲੀ/ਪਹੀ ਲੱਗਦੀ ਸੀ। ਜਿਸ ਗਲੀ ਵਿੱਚ ਇੱਟਾਂ ਦਾ ਲੱਗਿਆ ਫਰਸ਼ ਕੁਝ ਹਿੱਸੇ ਵਿੱਚ ਹਾਲੇ ਵੀ ਝਾਤੀਆਂ ਮਾਰਦੈ । ਜਦੋਂ ਕਿ Existing Bulding ਦਾ ਵਜੂਦ ਖਤਮ ਕਰ ਦਿੱਤਾ ਗਿਆ ਹੈ। ਹੁਣ ਸਿਰਫ ਇਮਾਰਤ ਦਾ ਕੁਝ ਫਰਸ਼ ਹੀ ਬਿਲਡਿੰਗ ਹੋਣ ਦਾ ਸਬੂਤ ਬਚਿਆ ਹੈ। ਇਸ ਬਿਲਡਿੰਗ ਦੀ ਥਾਂ ਵਿੱਚ ਕਲੋਨੀ ਦੇ ਪਾਰਕ ਵਿੱਚੋਂ ਫੁੱਟ ਚੌੜਾ ਤੇ ਪਾਰਕ ਜਿੰਨਾਂ ਲੰਬਾ ਹਿੱਸਾ ਮਿਲਾ ਕੇ ਪਾਰਕ ਨੂੰ ਗੈਰਕਾਨੂੰਨੀ ਢੰਗ ਨਾਲ ਦਿਖਾਏ ਪਾਰਕ ਤੋਂ ਕਾਫੀ ਛੋਟਾ ਕਰ ਦਿੱਤਾ ਹੈ। ਬਿਲਡਿੰਗ ਅਤੇ ਪਾਰਕ ਦੀ ਜਮੀਨ ਵਿੱਚ ਮਿਲਾਈ ਜਗ੍ਹਾ ਤੇ ਹੁਣ ਬੇਤਰਤੀਵੇ ਢੰਗ ਨਾਲ 4 ਹੋਰ ਪਲਾਟ ਕਲੋਨੀ ਦੇ ਵਾਧੇ ਦੀ ਮੰਜੂਰੀ ਲਿਆ ਬਿਨਾਂ ਹੀ ਕਲੋਨਾਈਜ਼ਰ ਨੇ ਕੱਟ ਕੇ 104 ਪਲਾਟਾਂ ਦੀ ਕਲੋਨੀ ਨੂੰ 108 ਪਲਾਟਾਂ ਦੀ ਕਲੋਨੀ ਬਣਾ ਦਿੱਤਾ ਹੈ। ਇੱਨਾਂ ਪਲਾਟਾਂ ਦੇ ਆਰਜੀ ਨੰਬਰ ਲਗਾ ਕੇ ਉਨਾਂ ਨੂੰ ਵੀ ਹਾਰਮੋਨੀ ਹੋਮਜ਼ ਦਾ ਹਿੱਸਾ ਹੀ ਬਣਾ ਦਿੱਤਾ ਹੈ।
ਗੈਰਕਾਨੂੰਨੀ ਢੰਗ ਨਾਲ ਕਲੋਨੀ ਦਾ ਵਾਧਾ ਕਾਨੂੰਨੀ ਜੁਰਮ- ਮਹੇਸ਼ ਲੋਟਾ
ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਅਪਰੂਵਡ ਕਲੋਨੀ ਦੇ ਨਕਸ਼ੇ ਵਿੱਚ ਕਿਸੇ ਵੀ ਤਰਾਂ ਦੀ ਛੇੜਛਾੜ ਜਿੱਥੇ ਨਿਯਮਾਂ ਦੇ ਉਲਟ ਹੈ, ਉੱਥੇ ਕਾਨੂੰਨੀ ਜੁਰਮ ਵੀ ਹੈ। ਉਨਾਂ ਕਿਹਾ ਕਿ ਕਿਸੇ ਵੀ ਕਲੋਨੀ ਵਿੱਚ ਹੋ ਅਜਿਹੀਆਂ ਕੋਸ਼ਿਸ਼ਾਂ ਨੂੰ ਰੋਕਣਾ ਨਗਰ ਕੌਂਸਲ ਅਧਿਕਾਰੀਆਂ ਦੀ ਪੂਰੀ ਜਿੰਮੇਵਾਰੀ ਹੈ।
ਏ.ਐਮ.ਈ. ਤੇ ਜੇ.ਈ. ਦੀ ਟੀਮ ਨੂੰ ਮੌਕੇ ਤੇ ਭੇਜਿਆ-ਈ.ਉ
ਨਗਰ ਕੌਂਸਲ ਦੇ ਈ.ਉ. ਮਨਪ੍ਰੀਤ ਸਿੰਘ ਨੇ ਕਿਹਾ ਕਿ ਹਾਰਮੋਨੀ ਹੋਮਜ਼ ਵਿੱਚ ਹੋ ਰਹੀਆਂ ਅਨਿਯਮਤਾਵਾਂ ਦੀ ਜਾਂਚ ਕਰਨ ਲਈ ਏ.ਐਮ.ਈ. ਇੰਦਰਜੀਤ ਸਿੰਘ ਅਤੇ ਜੇ.ਈ ਨਿਖਲ ਕੁਮਾਰ ਨੂੰ ਮੌਕਾ ਮੁਆਇਨਾ ਕਰਨ ਲਈ ਭੇਜਿਆ ਗਿਆ ਹੈ । ਉਨਾਂ ਦੀ ਰਿਪੋਰਟ ਦੇ ਅਧਾਰ ਤੇ ਕਲੋਨਾਈਜ਼ਰ ਨੂੰ ਜੁਆਬ ਤਲਬੀ ਨੋਟਿਸ ਭੇਜਿਆ ਜਾ ਰਿਹਾ ਹੈ। ਜੇਕਰ ਜੁਆਬ ਤਸੱਲੀਬਖਸ਼ ਨਾ ਹੋਇਆ ਤਾਂ ਦੋਸ਼ੀ ਕਲੋਨਾਈਜ਼ਰਾਂ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।