ਚੋਰ-ਬਜਾਰੀ ਰੋਕਣ ਦੇ ਪ੍ਰਸ਼ਾਸਨਿਕ ਦਾਅਵੇ ਠੁੱਸ ਸ਼ੱਕੀ ਹੋਈ ਡੀਐਮ ਪਨਸਪ ਦੀ ਖਾਮੋਸ਼ੀ
ਸ਼ਿਕਾਇਤ ਮਿਲਣ ਤੇ ਵਿਜੀਲੈਂਸ ਨੇ ਸ਼ੁਰੂ ਕੀਤੀ ਜਾਂਚ
ਹਰਿੰਦਰ ਨਿੱਕਾ ਬਰਨਾਲਾ 4 ਅਪ੍ਰੈਲ 2020
ਕਰਫਿਊ ਦੌਰਾਨ ਲੋਕਾਂ ਨੂੰ ਸਸਤਾ ਅਨਾਜ ਮੁਹੱਈਆ ਕਰਵਾਉਣ ਅਤੇ ਕਾਲਾ ਬਜਾਰੀ ਰੋਕਣ ਦੇ ਪ੍ਰਸ਼ਾਸਨਿਕ ਦਾਅਵਿਆਂ ਦੇ ਦਰਮਿਆਨ ਹੀ ਬਰਨਾਲਾ ਦੇ ਇੱਕ ਆਟਾ ਚੱਕੀ ਮਾਲਿਕ ਵੱਲੋਂ ਪਨਸਪ ਤੋਂ ਸਰਕਾਰੀ ਰਿਆਇਤ ਪ੍ਰਾਪਤ ਕਰ ਕੇ ਖਰੀਦੀ ਕਰੀਬ ਇੱਕ ਹਜਾਰ ਕੁਇੰਟਲ ਕਣਕ 1 ਦਿਨ ਵਿੱਚ ਹੀ ਖੁਰਦ-ਬੁਰਦ ਕਰ ਦਿੱਤੀ ਗਈ। ਇਹ ਸਾਰੇ ਮਾਮਲੇ ਦੇ ਬੇਪਰਦ ਹੋ ਜਾਣ ਤੋਂ ਬਾਅਦ ਵੀ ਪਨਸਪ ਦੇ ਜਿਲ੍ਹਾ ਮੈਨੇਜਰ ਦੀ ਖਾਮੋਸ਼ੀ ਦਾਲ ਵਿੱਚ ਕੁਝ ਕਾਲਾ ਹੋਣ ਦਾ ਇਸ਼ਾਰਾ ਕਰ ਰਹੀ ਹੈ। ਵਿਜੀਲੈਂਸ ਵਿਭਾਗ ਨੂੰ ਇਸ ਕਣਕ ਘੁਟਾਲੇ ਦੀ ਸ਼ਿਕਾਇਤ ਤਾਂ ਮਿਲੀਪਰ ਹਾਲੇ ਪੜਤਾਲ ਲਈ ਵਿਜੀਲੈਂਸ ਨੇ ਕੋਈ ਕਾਹਲੀ ਨਹੀਂ ਵਿਖਾਈ। ਪਨਸਪ ਦੇ ਡੀਐਮ ਮਨਪ੍ਰੀਤ ਸਿੰਘ ਸਿੱਧੂ ਨੇ ਖੁਦ ਮੰਨਿਆ ਕਿ ਆਟਾ ਚੱਕੀ ਵਾਲੇ ਵੱਲੋਂ ਸਸਤੀ ਖਰੀਦੀ ਕਣਕ ਮਹਿੰਗੇ ਭਾਅ ਤੇ ਅੱਗੇ ਵੇਚਣ ਦੀ ਗੱਲ ਸਾਹਮਣੇ ਜਰੂਰ ਆਈ ਹੈ। ਪਰ ਇਸ ਦੀ ਪੜਤਾਲ ਵਿਜੀਲੈਂਸ ਦੇ ਡੀਐਸਪੀ ਕਰ ਰਹੇ ਹਨ।
– ਪਨਸਪ ਦਾ ਰਿਕਾਰਡ ਕੀ ਬੋਲਦੈ
ਇੱਕ ਹਜਾਰ ਕੁਇੰਟਲ ਕਣਕ ਦੇ ਘੁਟਾਲੇ ਦਾ ਪੂਰਾ ਮਾਜਰਾ ਹੈ ਕੀ ਇਸ ਦੀ ਘੋਖ ਬਰਨਾਲਾ ਟੂਡੇ ਦੀ ਟੀਮ ਨੇ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਕਰਫਿਊ ਲੱਗਣ ਤੋਂ ਬਾਅਦ ਪ੍ਰਸ਼ਾਸਨ ਦੁਆਰਾ ਤੈਅ ਰੇਟਾਂ ਤੇ ਲੋਕਾਂ ਨੂੰ ਆਸਾਨੀ ਨਾਲ ਆਟਾ ਉਪਲੱਭਧ ਕਰਵਾਉਣ ਦੀ ਨੀਤੀ ਤਹਿਤ ਸਰਕਾਰ ਦੀਆਂ ਹਦਾਇਤਾਂ ਤੇ ਆਟਾ ਚੱਕੀ ਵਾਲਿਆਂ ਨੂੰ 55 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਸਤੀ ਕਣਕ ਪਨਸਪ ਤੋਂ ਰਿਲੀਜ ਕਰਵਾਉਣ ਦਾ ਨਿਰਣਾ ਲਿਆ ਗਿਆ। ਪਨਸਪ ਦੇ ਰਿਕਾਰਡ ਅਨੁਸਾਰ ਸਰਕਾਰ ਦੀ ਤਹਿ ਨੀਤੀ ਦੇ ਤਹਿਤ ਮੈਸਰਜ.ਗੋਗੀ ਰਾਮ ਧਰਮ ਚੰਦ ਫਰਮ ਬਰਨਾਲਾ ਨੇ ਵੀ ਪਨਸਪ ਤੋਂ 31 ਮਾਰਚ ਤੇ 1 ਅਪ੍ਰੈਲ ਨੂੰ ਕਰੀਬ 1 ਹਜਾਰ ਕੁਇੰਟਲ ਕਣਕ 2080 ਰੁਪਏ ਕੁਇੰਟਲ ਦੇ ਹਿਸਾਬ ਨਾਲ ਕਰੀਬ 20.45 ਲੱਖ ਰੁਪਏ ਦੀ ਖਰੀਦ ਕੀਤੀ ਸੀ। ਨਾਈਵਾਲਾ ਰੋਡ ਤੇ ਸਥਿਤ ਅਸ਼ੋਕ ਉਪਨ ਪੁਲੰਥ ਤੋਂ ਇਹ ਕਣਕ 2 ਦਿਨ ਵਿੱਚ ਵੱਖ ਵੱਖ ਟਰੱਕਾਂ ਰਾਹੀਂ ਢੋਈ ਗਈ। ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਜਿਹੜੀ ਕਣਕ ਨੂੰ ਢੋਹਣ ਲਈ 2 ਦਿਨ ਦਾ ਸਮਾਂ ਲੱਗਿਆ ਇਸ ਨੂੰ ਇੱਕ ਦਿਨ ਵਿੱਚ ਹੀ ਵੱਟੇ-ਖਾਤੇ ਵੀ ਪਾ ਦਿੱਤਾ ਗਿਆ। ਸੂਤਰਾਂ ਅਨੁਸਾਰ ਪਨਸਪ ਤੋਂ 55 ਰੁਪਏ ਸਸਤੀ ਖਰੀਦ ਕੀਤੀ ਇਹੀ ਕਣਕ ਸਾਢੇ 21 ਸੌ ਰੁਪਏ ਤੋਂ ਵੱਧ ਰੇਟ ਤੇ ਇਲਾਕੇ ਦੀ ਇੱਕ ਹੋਰ ਵੱਡੀ ਫਲੋਰ ਮਿਲ ਨੂੰ ਵੇਚ ਦਿੱਤੀ ਗਈ। ਜਦੋਂ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਨਸਪ ਤੋਂ ਖਰੀਦੀ ਇਹ ਕਣਕ ਨੂੰ ਆਟਾ ਪੀਸ ਕੇ ਹੀ ਪ੍ਰਸ਼ਾਸਨ ਦੇ ਤੈਅ ਰੇਟਾਂ ਤੇ ਵੇਚਣ ਦੀ ਸ਼ਰਤ ਲਗਾਈ ਗਈ ਸੀ।
-ਕਿਹੜੇ ਟਰੱਕਾਂ ਰਾਹੀਂ ਢੋਈ ਕਣਕ
-ਟਰੱਕ ਨੰਬਰ-ਪੀਬੀ-19 ਐਚ 5607 ਟਰੱਕ ਡਰਾਈਵਰ- ਹਰਭਜਨ ਸਿੰਘ-ਕਣਕ ਦੀਆਂ ਬੋਰੀਆਂ- 625 .
ਟਰੱਕ ਨੰਬਰ-ਪੀਬੀ-13 ਜੀ 0286 ਟਰੱਕ ਡਰਾਈਵਰ- ਬੂਟਾ ਸਿੰਘ-ਕਣਕ ਦੀਆਂ ਬੋਰੀਆਂ- 150.
ਟਰੱਕ ਨੰਬਰ-ਪੀਬੀ-19 ਐਮ 1841 ਟਰੱਕ ਡਰਾਈਵਰ- ਦਿਲਪ੍ਰੀਤ ਸਿੰਘ-ਕਣਕ ਦੀਆਂ ਬੋਰੀਆਂ- 270.
ਟਰੱਕ ਨੰਬਰ-ਪੀਬੀ-10 ਬੀ.ਵੀ 6011 ਟਰੱਕ ਡਰਾਈਵਰ- ਮਨਦੀਪ ਸਿੰਘ-ਕਣਕ ਦੀਆਂ ਬੋਰੀਆਂ- 290.
ਟਰੱਕ ਨੰਬਰ-ਪੀਬੀ-8 ਸੀਐਸ 2755 ਟਰੱਕ ਡਰਾਈਵਰ- ਸੰਦੀਪ ਸਿੰਘ-ਕਣਕ ਦੀਆਂ ਬੋਰੀਆਂ- 260.
ਟਰੱਕ ਨੰਬਰ-ਪੀਬੀ-19 ਐਮ 1841 ਟਰੱਕ ਡਰਾਈਵਰ- ਦਿਲਪ੍ਰੀਤ ਸਿੰਘ-ਕਣਕ ਦੀਆਂ ਬੋਰੀਆਂ- 260.
ਟਰੱਕ ਨੰਬਰ-ਪੀਬੀ-19 ਬੀ 4474 ਟਰੱਕ ਡਰਾਈਵਰ- ਬੂਟਾ ਸਿੰਘ-ਕਣਕ ਦੀਆਂ ਬੋਰੀਆਂ- 112.
ਕੁੱਲ ਕਣਕ ਦੀਆਂ ਬੋਰੀਆਂ- 1967 ।
-ਕੀ ਕਹਿੰਦੇ ਹਨ ਡੀਐਮ ਪਨਸਪ
ਪਨਸਪ ਦੇ ਡੀਐਮ ਮਨਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਪਨਸਮ ਨੇ ਸਰਕਾਰੀ ਨੀਤੀ ਅਨੁਸਾਰ ਹੀ ਕਣਕ ਮੈਸਰਜ.ਗੋਗੀ ਰਾਮ ਧਰਮ ਚੰਦ ਫਰਮ ਬਰਨਾਲਾ ਨੂੰ ਵੇਚੀ ਸੀ ਉਸ ਤੋਂ ਹੋਰ ਚੱਕੀਆਂ ਵਾਲਿਆਂ ਦੀ ਤਰਾਂ ਹੀ ਬਕਾਇਦਾ ਇਹ ਲਿਖਾ ਕੇ ਵੀ ਲਿਆ ਹੈ ਕਿ ਉਹ ਕਣਕ ਦਾ ਆਟਾ ਪੀਸ ਕੇ ਹੀ ਤੈਅ ਰੇਟਾਂ ਅਨੁਸਾਰ ਵੇਚੇਗਾ। ਇਸ ਸਬੰਧੀ ਡੀਐਸਪੀ ਵਿਜੀਲੈਂਸ ਬਿਊਰੋ ਬਰਨਾਲਾ ਮਨਜੀਤ ਸਿੰਘ ਦਾ ਉਨ੍ਹਾਂ ਕੋਲ ਫੋਨ ਵੀ ਆਇਆ ਸੀ ਉਹ ਜਾਂਚ ਕਰ ਰਹੇ ਹਨ ਅਸੀਂ ਵਿਜੀਲੈਂਸ ਨੂੰ ਜਾਂਚ ਚ ਪੂਰਾ ਸਹਿਯੋਗ ਦਿਆਂਗੇ। ਜਦੋਂ ਉਨ੍ਹਾਂ ਨੂੰ ਪਨਸਪ ਦੀ ਕਿਸੇ ਟੀਮ ਵੱਲੋਂ ਖੁਦ ਆਟਾ ਚੱਕੀ ਤੇ ਫਿਜੀਕਲ ਜਾਂਚ ਕਰਨ ਸਬੰਧੀ ਪੁੱਛਿਆ ਤਾਂ ਉਹ ਖਾਮੋਸ਼ ਹੋ ਗਏ।
-ਸ਼ਿਕਾਇਤ ਮਿਲੀ ਹੈ ਜਾਂਚ ਵੀ ਜਾਰੀ-ਡੀਐਸਪੀ
ਵਿਜੀਲੈਂਸ ਬਿਊਰੋ ਬਰਨਾਲਾ ਦੇ ਡੀਐਸਪੀ ਮਨਜੀਤ ਸਿੰਘ ਨੇ ਮੰਨਿਆ ਕਿ ਉਨ੍ਹਾਂ ਕੋਲ ਇਸ ਸਬੰਧੀ ਸ਼ਿਕਾਇਤ ਆਈ ਹੈ। ਜਾਂਚ ਵੀ ਜਾਰੀ ਹੈ ਪਰ ਉਨ੍ਹਾਂ ਦੇ ਸਟਾਫ ਦੀਆਂ ਡਿਊਟੀਆਂ ਲਾਅ ਐਂਡ ਆਰਡਰ ਦੇ ਸਬੰਧ ਵਿੱਚ ਲੱਗੀਆਂ ਹੋਣ ਕਰਕੇ ਜਾਂਚ ਵਿੱਚ ਤੇਜੀ ਨਹੀ ਲਿਆਂਦੀ ਜਾ ਸਕੀ।
-ਜਾਂਚ ,ਚ ਪਾਵਰਕਾਮ ਦੀਆਂ ਸੇਵਾਵਾਂ ਵੀ ਹੋ ਸਕਦੀਆਂ ਲਾਹੇਵੰਦ
ਪਾਵਰਕਾਮ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਟਾ ਚੱਕੀ ਦੀ ਇੱਨ੍ਹਾਂ ਤਿੰਨ ਦਿਨਾਂ ਵਿੱਚ ਹੋਈ ਖਪਤ ਦਾ ਰਿਕਾਰਡ ਵੀ ਵਾਚਿਆ ਜਾ ਸਕਦਾ ਹੈ। ਕਿਉਂਕਿ 1000 ਕੁਇੰਟਲ ਕਣਕ ਦੀ ਪਿਸਾਈ ਲਈ ਬਿਜਲੀ ਦੀ ਵੀ ਚੋਖੀ ਵਰਤੋਂ ਹੋਣੀ ਹੈ। ਜੇਕਰ ਬਿਜਲੀ ਦੀ ਖਪਤ ਦਾ ਰਿਕਾਰਡ ਘੋਟਾਲੇ ਦੀ ਜਾਂਚ ਵਿੱਚ ਸ਼ਾਮਿਲ ਕਰ ਲਿਆ ਜਾਵੇ ਤਾਂ ਕਣਕ ਘੁਟਾਲੇ ਦੀਆਂ ਪਰਤਾਂ ਬੜੀ ਅਸਾਨੀ ਨਾਲ ਖੁੱਲ੍ਹ ਜਾਣਗੀਆਂ। ਇਸ ਸਬੰਧੀ ਫਰਮ ਦੀ ਮਾਲਕ ਮਨੂ ਬਾਲਾ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਗਿਆ, ਪਰ ਸੰਪਰਕ ਨਹੀਂ ਹੋ ਸਕਿਆ ਅੱਧੀ ਖੁੱਲ੍ਹੀ ਆਟਾ ਚੱਕੀ ਤੇ ਵੀ ਉਹ ਨਹੀਂ ਮਿਲੇ।