-1 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ
– ਜੈਵ ਵਿਭਿੰਨਤਾ ਦਿਵਸ ਮੌਕੇ ਕੰਪਲੈਕਸ ‘ਚ ਇਕ ਰੁੱਖ ਦਾ ਬੂਟਾ ਵੀ ਲਗਾਇਆ
ਦਵਿੰਦਰ ਡੀ ਕੇ , ਲੁਧਿਆਣਾ, 23 ਮਈ 2021
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਸੁੰਦਰੀਕਰਨ ਕੀਤਾ ਜਾਵੇਗਾ ਜਿਸਦੇ ਤਹਿਤ 1 ਕਰੋੜ ਰੁਪਏ ਦੀ ਲਾਗਤ ਨਾਲ ਸਾਰੀਆਂ ਸੜਕਾਂ ਦੀ ਮੁੜ ਬਣਾਈਆਂ ਜਾਣਗੀਆਂ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਰਜੀਤ ਬੈਂਸ, ਸ. ਹਰਜਿੰਦਰ ਸਿੰਘ ਆਈ.ਏ.ਐਸ. (ਅੰਡਰ ਟ੍ਰੇਨਿੰਗ) ਅਤੇ ਹੋਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਇੱਕ ਸੰਖੇਪ ਸਮਾਰੋਹ ਦੌਰਾਨ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲੁਧਿਆਣਾ ਦੇ ਸੁੰਦਰੀਕਰਨ ਅਤੇ ਸਾਰੀਆਂ ਸੜ੍ਹਕਾਂ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਹੈੱਡਕੁਆਰਟਰ ਹੋਣ ਦੇ ਨਾਤੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਸ ਜਗ੍ਹਾ ‘ਤੇ ਆਉਣਾ-ਜਾਣਾ ਬਣਿਆ ਰਹਿੰਦਾ ਹੈ, ਕਿਉਂਕਿ ਇੱਥੇ ਲਗਭਗ ਸਾਰੇ ਮਹੱਤਵਪੂਰਨ ਸਰਕਾਰੀ ਦਫਤਰ ਸਥਿਤ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਨਗਰ ਸੁਧਾਰ ਟਰੱਸਟ ਵੱਲੋਂ ਇੰਟਰਲਾਕਿੰਗ ਟਾਈਲਾਂ, ਪੈਦਲ ਚੱਲਣ ਵਾਲਿਆਂ ਲਈ ਢੁੱਕਵੇਂ ਫੁੱਟਪਾਥ, ਛਾਂਦਾਰ ਰੁੱਖ ਲਗਾਉਣ ਅਤੇ ਕੰਪਲੈਕਸ ਦੀਆਂ ਸਾਰੀਆਂ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਦਾ ਕੰਮ ਕੀਤਾ ਜਾਵੇਗਾ।
ਉਨ੍ਹਾਂ ਭਰੋਸਾ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਇਸੇ ਲਈ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਪਹਿਲਾਂ ਹੀ ਲੁਧਿਆਣਾ ਵਿੱਚ ਚੱਲ ਰਹੇ ਹਨ। ਵਿਸ਼ਵ ਜੈਵ ਵਿਭਿੰਨਤਾ ਦਿਵਸ ਮੌਕੇ ‘ਤੇ ਆਸ਼ੂ ਨੇ ਕੰਪਲੈਕਸ ਵਿਚ ਇਕ ਰੁੱਖ ਦਾ ਬੂਟਾ ਵੀ ਲਗਾਇਆ।