ਛੇ ਮਹੀਨੇ ਪੂਰੇ ਹੋਣ ‘ਤੇ 26 ਮਈ ਦਾ ਕਾਲਾ ਦਿਵਸ ਕਿਸਾਨ ਅੰਦੋਲਨ ਦਾ ਅਹਿਮ ਮੀਲ ਪੱਥਰ: ਕਿਸਾਨ ਆਗੂ

Advertisement
Spread information

ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਵੇ – ਕਿਸਾਨ ਆਗੂ

ਪਰਦੀਪ ਕਸਬਾ  , ਬਰਨਾਲਾ: 22 ਮਈ, 2021

  ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 234ਵੇਂ ਦਿਨ  ਵੀ ਆਪਣੇ ਰਵਾਇਤੀ ਜੋਸ਼ੀਲੇ ਅੰਦਾਜ ਨਾਲ ਜਾਰੀ ਰਿਹਾ। ਅੱਗਲੇ ਹਫਤੇ 26 ਮਈ ਨੂੰ ਦਿੱਲੀ  ਦੀਆਂ ਬਰੂਹਾਂ ‘ਤੇ ਲੱਗੇ ਧਰਨਿਆਂ ਦੇ ਛੇ ਮਹੀਨੇ ਪੂਰੇ ਹੋ ਜਾਣਗੇ।ਇਸ ਮੌਕੇ ਨੂੰ ਚਿੰਨਤ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਉਸ ਦੀ ਲੋਕਤੰਤਰਿਕ ਜਿੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਹੋਏ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ।ਕਿਸਾਨ ਆਗੂਆਂ ਨੇ  ਕਿਸਾਨਾਂ ਨਾਲ ਗੱਲਬਾਤ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਅੱਜ ਧਰਨੇ ਵਿੱਚ ਇਹ ਚਿੱਠੀ ਵਾਲਾ ਮੁੱਦਾ ਚਰਚਾ ਅਧੀਨ ਰਿਹਾ।
     

Advertisement

        ਕੱਲ੍ਹ ਭਾਰਤ ਦੇ ਉਘੇ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੂਗੁਣਾ ਸਾਨੂੰ ਸਦੀਵੀ ਵਿਛੋੜਾ ਦੇ ਗਏ। ਅੱਜ ਦੇ ਦਿਨ ਸੰਨ 2009 ਵਿੱਚ ਮਹਾਨ ਗਦਰੀ ਯੋਧੇ ਭਗਤ ਸਿੰਘ ਬਿਲਗਾ ਸਾਡਾ ਸਾਥ ਛੱਡ ਗਏ ਸਨ।  ਅੱਜ  ਧਰਨੇ ਵਿੱਚ ਇਨ੍ਹਾਂ ਦੋ ਮਹਾਨ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ।

           ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ , ਦਰਸ਼ਨ ਸਿੰਘ, ਮਨਜੀਤ ਰਾਜ, ਸਰਪੰਚ ਗੁਰਚਰਨ ਸਿੰਘ, ਗੁਰਦੇਵ ਮਾਂਗੇਵਾਲ,ਚਰਨਜੀਤ ਕੌਰ, ਅਮਰਜੀਤ ਕੌਰ, ਹਰਚਰਨ ਸਿੰਘ ਚੰਨਾ, ਬਿੱਕਰ ਸਿੰਘ ਔਲਖ,ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸ਼ਰਮਾ, ਬਲਵੀਰ ਕੌਰ ਕਰਮਗੜ੍ਹ, ਧਰਮਪਾਲ ਕੌਰ ਤੇ ਬਲਜੀਤ ਸਿੰਘ ਚੌਹਾਨਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਲੋਕਤੰਤਰ ਦਾ ਮਤਲਬ ਸਿਰਫ ਚੋਣਾਂ ਜਿੱਤਣ ਤੱਕ ਸੀਮਤ ਨਹੀਂ ਹੁੰਦਾ। ਜਿਵੇਂ ਕਿਵੇਂ ਵੀ ਸੱਤਾ ਹਾਸਲ ਕਰਕੇ ਪੰਜ ਸਾਲ ਲੋਕ-ਰਾਏ ਨੂੰ ਟਿੱਚ ਸਮਝਣਾ ਜਮਹੂਰੀਅਤ ਦੀ ਹਕੀਕੀ ਭਾਵਨਾ ਦੇ ਬਿਲਕੁੱਲ ਉਲਟ ਹੈ। ਕਿਸਾਨ ਛੇ ਮਹੀਨਿਆਂ ਤੋਂ ਕੁਦਰਤ ਦੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਹੋਏ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹਨ ਪਰ ਸਰਕਾਰ ਦੇ ਕੰਨ ‘ਤੇ ਜੂੰਅ ਨਹੀਂ ਸਰਕ ਰਹੀ। ਹਕੀਕੀ ਲੋਕਤੰਤਰ ਵਿੱਚ ਸਰਕਾਰਾਂ ਕਦੇ ਵੀ ਇੰਨੀਆਂ ਸੰਵੇਦਨਹੀਣ ਨਹੀਂ ਹੁੰਦੀਆਂ। ਪਿਛਲੇ ਛੇ ਮਹੀਨਿਆਂ ‘ਚ ਚਾਰ ਸੌ ਤੋਂ ਉਪਰ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਦੇ ਮੂੰਹੋਂ ਹਮਦਰਦੀ ਦਾ ਇੱਕ ਵੀ ਸ਼ਬਦ ਨਹੀਂ ਨਿਕਲਿਆ।

                ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ 25 ਮਈ ਤੱਕ ਸਰਕਾਰ ਨੇ ਗੱਲਬਾਤ ਲਈ ਕੋਈ ਹੁੰਗਾਰਾ ਨਾ ਭਰਿਆ ਤਾਂ  ਕਿਸਾਨ 26 ਮਈ ਨੂੰ ਕਾਲਾ ਦਿਵਸ ਮਨਾਉਣਗੇ ਅਤੇ ਭਵਿੱਖ ਲਈ ਵਧੇਰੇ ਤਿੱਖੇ ਤੇ ਵਿਆਪਕ ਪ੍ਰੋਗਰਾਮ ਉਲੀਕੇ ਜਾਣਗੇ। ਆਗੂਆਂ ਨੇ ਸਮਾਜ ਦੇ ਸਾਰੇ ਵਰਗਾਂ ਨੂੰ,26 ਮਈ ਨੂੰ ਕਿਸਾਨਾਂ ਦੀ ਹਿਮਾਇਤ ਵਿੱਚ ਕਾਲਾ ਦਿਵਸ ਮਨਾਉਣ ਦੀ ਅਪੀਲ ਕੀਤੀ। ਉਸ ਦਿਨ ਸਾਰੇ ਇਨਸਾਫ ਪਸੰਦ ਨਾਗਰਿਕ ਕਾਲੀਆਂ ਪੱਗਾਂ, ਚੁੰਨੀਆਂ, ਪੱਟੀਆਂ ਤੇ  ਕਾਲੇ ਰਿਬਨ ਲਾਉਣ ; ਆਪਣੇ ਵਾਹਨਾਂ  ਉਪਰ ਕਾਲੇ ਝੰਡੇ/ਝੰਡੀਆਂ ਲਾਉਣ ਅਤੇ ਦੁਕਾਨਾਂ/ਦਫਤਰਾਂ ਤੇ ਘਰਾਂ ਉਪਰ ਕਾਲੇ ਝੰਡੇ ਲਹਿਰਾਉਣ।
ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਇਨਕਲਾਬੀ ਗੀਤ ਸੁਣਾਏ। ਨਰਿੰਦਰ ਪਾਲ ਸਿੰਗਲਾ, ਜਗਦੀਸ਼ ਲੱਧਾ ਤੇ ਮੁਖਤਿਆਰ ਕੌਰ ਨੇ ਕਵਿਤਾਵਾਂ ਤੇ ਗੀਤ ਸੁਣਾਏ।

Advertisement
Advertisement
Advertisement
Advertisement
Advertisement
error: Content is protected !!