ਵਿਦਿਆਰਥੀ ਹੱਕਾਂ ਦੇ ਲਈ ਪੀਐਸਯੂ ਕਰਦੀ ਰਹੇਗੀ ਸ਼ੰਘਰਸ਼ – ਹੁਸ਼ਿਆਰ ਸਿੰਘ ਸਲੇਮਗੜ੍ਹ
ਹਰਪ੍ਰੀਤ ਕੌਰ ਬਬਲੀ , ਸੰਗਰੂਰ 22 ਮਈ 2021
ਅੱਜ ਪਿੰਡ ਮਹਿਲਾਂ ‘ਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਸੂਬਾ ਜਥੇਬੰਦਕ ਕਨਵੈਨਸ਼ਨ ਹੋਈ ਜਿਸਦੇ ਵਿੱਚ ਪੰਜਾਬ ਦੇ ਵੱਖ ਵੱਖ ਕਾਲਜਾਂ ਚੋਂ ਆਏ ਸਰਗਰਮ ਵਿਦਿਆਰਥੀ ਕਾਰਕੁਨਾਂ ਵੱਲੋਂ ਛੇ ਮੈਂਬਰੀ ਸੂਬਾ ਜਥੇਬੰਦਕ ਕਮੇਟੀ ਦੀ ਚੋਣ ਕੀਤੀ ਗਈ । ਹੁਸ਼ਿਆਰ ਸਲੇਮਗੜ ਨੂੰ ਸੂਬਾ ਜਥੇਬੰਧਕ ਸਕੱਤਰ, ਜਗਸੀਰ ਸਿੰਘ, ਕੋਮਲ ਖਨੌਰੀ, ਅਮਿਤੋਜ ਮੌੜ, ਗਗਨ ਦਬੜ੍ਹੀਖਾਨਾ ਨੂੰ ਕਮੇਟੀ ਮੈਂਬਰ ਤੇ ਰਵਿੰਦਰ ਸੇਵੇਵਾਲਾ ਨੂੰ ਸਹਿਯੋਗੀ ਮੈਂਬਰ ਦੇ ਤੌਰ ‘ਤੇ ਚੁਣਿਆ ਗਿਆ ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਵੱਲੋਂ ਸਰਕਾਰੀ ਸਿੱਖਿਆ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਤੇ ਹੁਣ ਨਵੀਂ ਸਿੱਖਿਆ ਨੀਤੀ ਤਹਿਤ ਸਿੱਖਿਆ ਨੂੰ ਸਾਮਰਾਜੀ ਬਹੁਕੌਮੀ ਕੰਪਨੀਆਂ ਲੋਕਾਂ ਦੀ ਲੁੱਟ ਦਾ ਸਾਧਨ ਬਣਾਉਣਾ ਚਾਹੁੰਦੀਆਂ ਹਨ । ਕਾਲਜਾਂ, ਸਕੂਲਾਂ, ਯੂਨੀਵਰਸਿਟੀਆਂ ਤੇ ਹੋਰ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ‘ਤੇ ਫੀਸਾਂ – ਫੰਡਾਂ ਦਾ ਬੋਝ ਅੰਨ੍ਹੇਵਾਹ ਵਧਾਇਆ ਜਾ ਰਿਹਾ ਹੈ ਪਰ ਸਹੂਲਤਾਂ ਪੱਖੋਂ ਵਿੱਦਿਅਕ ਸੰਸਥਾਵਾਂ ਦੀ ਹਾਲਤ ਦਿਨੋਂ ਦਿਨ ਪਤਲੀ ਹੋ ਰਹੀ ਹੈ। ਬਿਲਡਿੰਗਾਂ, ਲਾਇਬ੍ਰੇਰੀਆਂ, ਲੈਬਾਰਟਰੀਆਂ, ਤਕਨੀਕੀ ਸਾਮਾਨ, ਮੈਸਾਂ – ਕੰਟੀਨਾਂ, ਹੋਸਟਲਾਂ, ਸਿਹਤ ਸਹੂਲਤਾਂ, ਪਾਣੀ ਦੇ ਇੰਤਜ਼ਾਮ, ਸਪੋਰਟਸ ਅਤੇ ਹੋਰ ਸਹੂਲਤਾਂ ਪੱਖੋਂ ਵਿੱਦਿਅਕ ਅਦਾਰੇ ਖਸਤਾ ਹਾਲਤ ਦਾ ਸਾਹਮਣਾ ਕਰ ਰਹੇ ਹਨ। ਲਗਾਤਾਰ ਗਰਾਂਟਾਂ ਛਾਂਗਣ, ਜਾਮ ਕਰਨ ਅਤੇ ਅਖ਼ੀਰ ਖ਼ਤਮ ਕਰ ਦੇਣ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ । ਪੱਕੀ ਭਰਤੀ ਬੰਦ ਕਰਕੇ ਕੱਚੇ ਮੁਲਾਜ਼ਮਾਂ ਨੂੰ ਘੱਟ ਤਨਖਾਹਾਂ ‘ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਲੰਮੇ ਸਮੇਂ ਤੋਂ ਖਾਲੀ ਪਈਆਂ ਪੋਸਟਾਂ ਦਾ ਭੋਗ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਅਜਿਹੇ ਸਮੇਂ ਇਨ੍ਹਾਂ ਹਾਲਤਾਂ ਨੂੰ ਬਦਲਣ ਲਈ ਪੰਜਾਬ ਦੇ ਵਿਦਿਆਰਥੀਆਂ ਕੋਲ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਅਗਵਾਈ ‘ਚ ਉੱਸਰੀ ਸੱਤਰਵਿਆਂ ਦੀ ਇਨਕਲਾਬੀ ਨੌਜਵਾਨ – ਵਿਦਿਆਰਥੀ ਲਹਿਰ ਦਾ ਤਜਰਬਾ ਮੌਜੂਦ ਹੈ ਜਿਸ ਤੋਂ ਸੇਧ ਲੈ ਕੇ ਅੱਗੇ ਵਧਣ ਦੀ ਜ਼ਰੂਰਤ ਹੈ।
ਅਖੀਰ ‘ਚ ਵਿਦਿਆਰਥੀ ਆਗੂ ਗਗਨ ਦਬੜ੍ਹੀਖਾਨਾ ਵੱਲੋਂ ਦੋ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਵਿਦਿਆਰਥੀਆਂ ਵੱਲੋਂ ਨਾਅਰੇ ਮਾਰ ਕੇ ਪਾਸ ਕੀਤਾ ਗਿਆ। ਮਤਿਆਂ ਵਿੱਚ ਪਿਛਲੇ ਦਿਨੀਂ ਪੰਜਾਬ ਦੇ ਉੱਚ ਸਿੱਖਿਆ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਦੋ ਵੱਖ ਵੱਖ ਪੱਤਰ ਜਾਰੀ ਕਰਕੇ ਵਿਦਿਆਰਥੀਆਂ ਦੇ ਪੀਟੀਏ ਫੰਡ ਤੇ ਹੋਰ ਵਿਦਿਆਰਥੀ ਭਲਾਈ ਫੰਡਾਂ ਚੋਂ ਪੈਸਿਆਂ ਦੀ ਮੰਗ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਦੂਜੇ ਮਤੇ ਰਾਹੀਂ ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਮਈ ਨੂੰ ਦਿੱਲੀ ਮੋਰਚੇ ਦੇ ਛੇ ਮਹੀਨੇ ਪੂਰੇ ਹੋਣ ‘ਤੇ ਕੀਤੇ ਜਾ ਰਹੇ ਪ੍ਰੋਗਰਾਮਾਂ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ । ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਵਿਦਿਆਰਥੀ ਆਗੂ ਰਮਨ ਕਾਲਾਝਾਡ਼ ਨੇ ਨਿਭਾਈ ।