ਰਘਵੀਰ ਹੈਪੀ , ਬਰਨਾਲਾ, 19 ਮਈ 2021
ਐਸ.ਐਸ.ਪੀ. ਸ੍ਰੀ ਸੰਦੀਪ ਗੋਇਲ ਵੱਲੋਂ ਅੱਜ ਅਮਰ ਸ਼ਹੀਦ ਫੌਜੀ ਅਮਰਦੀਪ ਸਿੰਘ ਦੀ ਯਾਦ ਨੂੰ ਸਮਰਪਿਤ ਇੱਕ ਸਾਦੇ ਪਰੰਤੂ ਬੇਹੱਦ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ ਵਿਖੇ ਪਿੰਡ ਦੇ ਸਮੂਹ ਲੋਕਾਂ ਨੂੰ ਕੋਵਿਡ ਦੀ ਮਾਰ ਤੋਂ ਬਚਾਉਣ ਦੀ ਮੰਸ਼ਾ ਨਾਲ ਪੰਜ ਹਜ਼ਾਰ ਮਾਸਕ ਪਿੰਡ ਦੀ ਪੰਚਾਇਤ ਅਤੇ ਸਕੂਲ ਦੇ ਪ੍ਰਿੰਸੀਪਲ ਦੇ ਸਪੁਰਦ ਕੀਤੀੇ। ਮਾਸਕ ਵੰਡਣ ਦੀ ਰਸਮੀ ਸ਼ੁਰੂਆਤ ਐਸ.ਐਸ.ਪੀ. ਗੋਇਲ ਵੱਲੋਂ ਅਮਰ ਸ਼ਹੀਦ ਦੇ ਪਰਿਵਾਰਿਕ ਮੈਂਬਰਾਂ ਤੋਂ ਸਕੂਲ ਦੇ ਸਟਾਫ ਨੂੰ ਐਨ 95 ਮਾਸਕ ਪ੍ਰਦਾਨ ਕਰਕੇ ਕਰਵਾਈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ ਦੀ ਪੰਜਾਬੀ ਅਧਿਆਪਕ ਅੰਜਨਾ ਮੈਨਨ ਨੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਐਸ.ਐਸ.ਪੀ. ਗੋਇਲ ਅਤੇ ਸ਼ਹੀਦ ਦੇ ਪਰਿਵਾਰ ਦਾ ਵਿਸ਼ੇਸ ਧੰਨਵਾਦ ਕੀਤਾ। ਉਨਾਂ ਭਰੇ ਮਨ ਅਤੇ ਮਾਣ ਨਾਲ ਕਿਹਾ ਕਿ ਸਕੂਲ ਨੂੰ ਮਾਣ ਹੈ ਕਿ ਸਾਡਾ ਪੜ੍ਹਾਇਆ ਅਮਰਦੀਪ ਸਿੰਘ ਵੀਰਗਤੀ ਨੂੰ ਪ੍ਰਾਪਤ ਹੋਇਆ ਹੈ। ਸ਼ਹੀਦ ਅਮਰਦੀਪ ਦੀਆਂ ਸਕੂਲ ਵਿੱਚ ਛੱਡੀਆਂ ਪੈੜਾਂ, ਆਉਣ ਵਾਲੇ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਸਾਬਿਤ ਹੋਣਗੀਆਂ।
ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਇਹ ਤਾਂ ਉਨ੍ਹਾਂ ਵੱਲੋਂ ਸਿਰਫ਼ ਇਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ, ਸ਼ਹੀਦ ਅਮਰਦੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ | ਉਨ੍ਹਾਂ ਕਿਹਾ ਕਿ ਜਿਹੜੇ ਸ਼ਹੀਦ ਫੌਜੀ ਜਵਾਨ ਦੇਸ਼ ਲਈ ਆਪਣੀ ਜਾਨ ਵਾਰ ਦਿੰਦੇ ਹਨ, ਉਨ੍ਹਾਂ ਲਈ ਜੇਕਰ ਪੂਰੀ ਉਮਰ ਵੀ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮ ਕੀਤੇ ਜਾਣ, ਤਾਂ ਉਹ ਵੀ ਬਹੁਤ ਘੱਟ ਹਨ | ਉਨ੍ਹਾਂ ਕਿਹਾ ਕਿ ਇਹ ਉਹ ਸਕੂਲ ਹੈ, ਜਿੱਥੇ ਸ਼ਹੀਦ ਫੌਜੀ ਜਵਾਨ ਅਮਰਦੀਪ ਸਿੰਘ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਫੌਜ ‘ਚ ਭਰਤੀ ਹੋਇਆ ਸੀ ਅਤੇ 23 ਸਾਲ ਦੀ ਉਮਰ ‘ਚ ਆਪਣੇ ਦੇਸ਼ ਲਈ ਸ਼ਹੀਦ ਹੋ ਗਿਆ ਸੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮੇਂ ਉਨ੍ਹਾਂ ਨੂੰ ਯਾਦ ਕਰਨਾ ਉਨ੍ਹਾਂ ਦੀ ਸ਼ਹਾਦਤ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦੇਣਾ ਹੈ | ਉਨ੍ਹਾਂ ਨੇ ਗੱਲਬਾਤ ਦੌਰਾਨ ਇਕ ਕਿੱਸਾ ਸਾਂਝਾ ਕਰਦਿਆਂ ਕਿਹਾ ਕਿ ਆਪਣੇ ਦੇਸ਼ ਜਿਹੜਾ ਝੰਡਾ ਝੂਲਦਾ ਹੈ, ਇਹ ਹਵਾ ਨਾਲ ਨਹੀਂ, ਬਲਕਿ ਸਿਪਾਹੀਆਂ ਵੱਲੋਂ ਆਪਣੇ ਦੇਸ਼ ਦੇ ਲਈ ਕੀਤੀਆਂ ਗਈਆਂ ਕੁਰਬਾਨੀਆਂ ਤੋਂ ਬਾਅਦ ਉਨ੍ਹਾਂ ਦੇ ਸਾਹਾਂ ਨਾਲ ਝੂਲਦਾ ਹੈ | ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਵੱਲੋਂ ਪਿੰਡ ਕਰਮਗੜ੍ਹ ਦੇ ਲੋਕਾਂ ਨੂੰ ਮਾਸਕ ਵੰਡਣ ਦਾ ਫੈਸਲਾ ਕੀਤਾ ਗਿਆ, ਕਿਉਂਕਿ ਅੱਜ ਜੋ ਦੌਰ ਚੱਲ ਰਿਹਾ ਹੈ, ਉਸਦੇ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਲਈ ਉਨ੍ਹਾਂ ਵੱਲੋਂ ਮਾਸਕ ਵੰਡਣ ਦਾ ਉਪਰਾਲਾ ਕੀਤਾ ਗਿਆ, ਤਾਂਕਿ ਉਹ ਵੀ ਪਿੰਡ ਵਾਸੀਆਂ ਨੂੰ ਇਸ ਕੋਰੋਨਾ ਮਹਾਂਮਾਰੀ ਤੋਂ ਬਚਾ ਕੇ ਸ਼ਹੀਦ ਫੌਜੀ ਜਵਾਨ ਅਮਰਦੀਪ ਸਿੰਘ ਨੂੰ ਸ਼ਰਧਾਂਜਲੀ ਦੇ ਸਕਣ |
ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਦੀ ਪੰਜਾਬੀ ਅਧਿਆਪਕਾ ਅੰਜਨਾ ਮੈਨਨ ਨੇ ਕਿਹਾ ਕਿ ਐਸ.ਐਸ.ਪੀ. ਸੰਦੀਪ ਗੋਇਲ ਵੱਲੋਂ ਸਮਾਜ ਸੇਵਾ ਲਈ ਸ਼ੁਰੂ ਕੀਤੇ ਕੰਮਾਂ ਦੀ ਲੜੀ ਦੇ ਤਹਿਤ ਪਿੰਡ ਕਰਮਗੜ੍ਹ ਵਿਖੇ ਸ਼ਹੀਦ ਅਮਰਦੀਪ ਸਿੰਘ ਦੀ ਯਾਦ ‘ਚ ਅਤੇ ਉਸਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਦੇ ਹਰ ਘਰ ਨੂੰ 5-5 ਮਾਸਕ ਐਨ 95 ਪਹੁੰਚਾਏ ਜਾਣਗੇ। ਉਨ੍ਹਾਂ ਕਿਹਾ ਕਿ ਮਾਨਯੋਗ ਐਸ.ਐਸ.ਪੀ. ਸੰਦੀਪ ਗੋਇਲ ਵੱਲੋਂ ਪਹਿਲਾਂ ਵੀ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਮੇਂ ਸਮੇਂ ‘ਤੇ ਮਾਸਕ, ਸੈਨੇਟਾਈਜਰ, ਸਾਬੁਣ ਆਦਿ ਵੰਡੇ ਗਏ | ਉਨ੍ਹਾਂ ਕਿਹਾ ਕਿ ਅੱਜ ਅਸੀਂ ਸਾਰੇ ਇਸ ਕੋਰੋਨਾ ਕਾਲ ਦੇ ਮੁਸ਼ਕਿਲਾਂ ਭਰੇ ਦੌਰ ‘ਚ ਗੁਜਰ ਰਹੇ ਹਾਂ | ਇਸ ਲਈ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਕਰੀਏ ਅਤੇ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦਾ ਪਾਲਣ ਕਰੀਏ | ਇਸ ਮੌਕੇ ਪ੍ਰਿੰਸੀਪਲ ਰਜੇਸ਼ ਕੁਮਾਰ, ਲੈਕਚਰਾਰ ਸੁਰਜਨ ਸਿੰਘ, ਲੈਕਚਰਾਰ ਰਾਜ ਰਾਣੀ, ਅੰਜੂ ਗੋਇਲ ਸਾਇੰਸ ਮਿਸਟ੍ਰੈਸ, ਪੂਜਾ ਗਰੋਵਰ ਕੰਪਿਊਟਰ ਟੀਚਰ, ਸੁਖਪਿੰਦਰ ਕੌਰ, ਰੀਤੀ ਗੋਇਲ, ਕੰਚਨ ਮਿੱਤਲ, ਹਰਮਨਦੀਪ ਕੌਰ, ਮਨਦੀਪ ਸਿੰਘ, ਪ੍ਰਾਇਮਰੀ ਹੈਡ ਚਰਨਜੀਤ ਕੌਰ ਤੋਂ ਇਲਾਵਾ ਸ਼ਹੀਦ ਅਮਰਦੀਪ ਸਿੰਘ ਦੇ ਫੁੱਡੜ ਸੁਰਜੀਤ ਸਿੰਘ ਅਤੇ ਭਰਾ ਲਖਵੀਰ ਸਿੰਘ ਤੋਂ ਇਲਾਵਾ ਸਰਪੰਚ ਬਲਵੀਰ ਸਿੰਘ, ਸਾਬਕਾ ਪੰਚ ਗੁਰਦੀਪ ਸਿੰਘ, ਥਾਣਾ ਠੁੱਲੀਵਾਲ ਦੇ ਇੰਚਾਰਜ ਗੁਰਤਾਰ ਸਿੰਘ, ਏ.ਐਸ.ਆਈ. ਪਰਮਿੰਦਰ ਸਿੰਘ ਅਤੇ ਜਥੇਦਾਰ ਅਮਰ ਸਿੰਘ ਕਰਮਗੜ੍ਹ ਆਦਿ ਹਾਜ਼ਰ ਸਨ |