ਕਾਂਗਰਸੀ ਆਗੂ ਤੇ ਉਹਦੀ ਮਾਸ਼ੂਕ ਖਿਲਾਫ ਕੇਸ ਦਰਜ਼ ਕਰਨ ਤੋਂ ਟਾਲਾ ਵੱਟਦੀ ਪੁਲਿਸ ਖਿਲਾਫ ਲਾਇਆ ਥਾਣੇ ‘ਚ ਧਰਨਾ
ਹਰਿੰਦਰ ਨਿੱਕਾ , ਬਰਨਾਲਾ 19 ਮਈ 2021
ਸ਼ਹਿਰ ਦੀ ਪੌਸ਼ ਕਲੋਨੀ ‘ਚ ਬਣੇ ਗਰੀਨ ਕਲਾਸਿਕ ਹੋਟਲ ’ਚ ਰੰਗਰਲੀਆਂ ਮਨਾਉਣ ਦੀਆਂ ਤਿਆਰੀਆਂ ਵਿੱਚ ਮਸਤ ਕਾਂਗਰਸੀ ਆਗੂ ਦੀ ਪਤਨੀ ਨੇ ਪੁਲਿਸ ਅਤੇ ਪੰਚਾਇਤ ਦੇ ਸਹਿਯੋਗ ਨਾਲ ਆਪਣੇ ਪਤੀ ਨੂੰ ਉਸ ਦੀ ਮਾਸ਼ੂਕ ਸਣੇ ਕਾਬੂ ਕਰ ਲਿਆ। ਪੁਲਿਸ ਦੀ ਹਾਜ਼ਰੀ ਵਿੱਚ ਹੀ ਕਾਂਗਰਸੀ ਆਗੂ ਦੀ ਪਤਨੀ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਕਾਂਗਰਸੀ ਆਗੂ ਗੁਰਜੰਟ ਸਿੰਘ ਕਰਮਗੜ੍ਹ ਤੇ ਉਸ ਦੀ ਮਾਸ਼ੂਕ ਦਾ ਖੂਬ ਕੁਟਾਪਾ ਵੀ ਚਾੜ੍ਹਿਆ। ਪ੍ਰੇਮੀ ਜੋੜੇ ਦੀ ਹੋ ਰਹੀ ਗਿੱਦੜ ਕੁੱਟ ਤੋਂ ਬਚਾ ਕੇ ਪੁਲਿਸ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸਿਟੀ 2 ਬਰਨਾਲਾ ਵਿਖੇ ਪਹੁੰਚ ਗਈ। ਅੱਗੇ ਅੱਗੇ ਪੁਲਿਸ ਅਤੇ ਪਿੱਛੇ ਪਿੱਛੇ ਲੋਕ ਵੀ ਥਾਣੇ ਪਹੁੰਚ ਗਏ। ਪਰੰਤੂ ਜਦੋਂ ਕੁਝ ਪੁਲਿਸ ਮੁਲਾਜਮਾਂ ਨੇ ਲੋਕਾਂ ਨੂੰ ਕਿਹਾ ਕਿ ਹੋਟਲ ਵਿੱਚੋਂ ਫੜ੍ਹੇ ਪ੍ਰੇਮੀ ਜੋੜੀ ਦੇ ਖਿਲਾਫ ਕੋਈ ਜੁਰਮ ਨਹੀਂ ਬਣਦਾ ਤਾਂ ਗੁੱਸੇ ਵਿੱਚ ਆਈ ਕਾਂਗਰਸੀ ਆਗੂ ਦੀ ਪਤਨੀ ਅਤੇ ਆਗਣਵਾੜੀ ਵਰਕਰ ਸੋਨਿਕਾ ਰਾਣੀ ਨੇ ਆਪਣੇ ਰਿਸ਼ਤੇਦਾਰਾਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਸਹਿਯੋਗ ਨਾਲ ਥਾਣੇ ਦੇ ਅੰਦਰ ਹੀ ਧਰਨਾ ਲਾ ਦਿੱਤਾ। ਸੋਨਿਕਾ ਨੇ ਕਿਹਾ ਕਿ ਜਿੰਨੀਂ ਦੇਰ ਤੱਕ ਦੋਸ਼ੀਆਂ ਖਿਲਾਫ ਕੇਸ ਦਰਜ਼ ਨਹੀਂ ਹੁੰਦਾ, ਉਹ ਥਾਣੇ ਵਿੱਚ ਪੱਕਾ ਧਰਨਾ ਲਾ ਕੇ ਹੀ ਬੈਠਣਗੇ।
ਡੇਢ ਸਾਲ ਹੋ ਗਿਆ ਦੋਵਾਂ ਨੂੰ ਖੇਹ ਖਾਂਦਿਆਂ ਨੂੰ,,,
ਸੋਨਿਕਾ ਰਾਣੀ ਨੇ ਕਿਹਾ ਕਿ ਉਸ ਦੇ ਪਤੀ ਗੁਰਜੰਟ ਸਿੰਘ ਦੇ ਪਿੰਡ ਦੀ ਹੀ ਨੂੰਹ ਗੁਰਮੀਤ ਕੌਰ ਨਾਲ ਕਥਿਤ ਨਜ਼ਾਇਜ ਸਬੰਧ ਸਨ। ਜਿਸ ਸਬੰਧੀ ਉਸ ਨੇ ਆਪਣੇ ਪਤੀ ਨੂੰ ਅਤੇ ਗੁਰਮੀਤ ਕੌਰ ਨੂੰ ਕਈ ਵਾਰ ਸਮਝਾਇਆ ਵੀ, ਪਰੰਤੂ ਦੋਵੇਂ ਪੈਰਾਂ ਦੇ ਪਾਣੀ ਹੀ ਨਹੀਂ ਪੈਣ ਦਿੰਦੇ ਸਨ। ਆਖਿਰ ਮੈਂ ਆਪਣੇ ਕੁਝ ਰਿਸ਼ਤੇਦਾਰਾਂ ਦੀ ਮੱਦਦ ਨਾਲ ਉਸ ਦਾ ਪਿੱਛਾ ਕਰ ਰਹੀ ਸੀ। ਆਖਿਰ ਅੱਜ ,ਉਸ ਨੇ ਪੱਕੀ ਸੂਚਨਾ ਮਿਲਣ ਤੇ ਦੋਵਾਂ ਨੂੰ ਰੰਗੇ ਹੱਥੀਂ ਹੋਟਲ ਦੇ ਇੱਕ ਕਮਰੇ ਅੰਦਰੋਂ ਫੜ੍ਹ ਲਿਆ। ਉਨਾਂ ਕਿਹਾ ਕਿ ਦੋਵੇਂ ਦੋਸ਼ੀ ਆਪਣੇ ਪਿਆਰ ਵਿੱਚ ਰੋੜਾ ਸਮਝ ਕੇ ਮੈਨੂੰ ਮਾਰਨ ਦੀਆਂ ਵਿਊਂਤਾ ਵੀ ਘੜ੍ਹਦੇ ਰਹੇ ਹਨ। ਸੋਨਿਕਾ ਨੇ ਕਿਹਾ ਕਿ ਉਸਦਾ ਪਤੀ ਕਾਂਗਰਸੀ ਆਗੂ ਹੈ ਅਤੇ ਖੁਦ ਨੂੰ ਇਲਾਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਦਾ ਪੀ.ਏ ਕਹਿ ਕੇ ਉਸ ਨੂੰ ਅਤੇ ਉਸਦੇ ਰਿਸ਼ਤੇਦਾਰਾਂ ਤੇ ਦਬਿਸ਼ ਪਾਉਂਦਾ ਰਿਹਾ ਹੈ। ਉਸ ਦਾ ਵੱਡੇ ਰਾਜਸੀ ਆਗੂ ਨਾਲ ਸਬੰਧ ਹੋਣ ਕਰਕੇ ਹੀ ਪੁਲਿਸ ਕੋਈ ਕਾਰਵਾਈ ਕਰਨ ਤੋਂ ਡਰ ਰਹੀ ਹੈ। ਉਨਾਂ ਕਿਹਾ ਕਿ ਗੁਰਜੰਟ ਸਿੰਘ ਦੀ ਪਹਿਲੀ ਪਤਨੀ ਵੀ ਇਸ ਦੀਆਂ ਅਜਿਹੀਆਂ ਗੰਦੀਆਂ ਹਰਕਤਾਂ ਤੋਂ ਤੰਗ ਆ ਕੇ ਹੀ ਆਤਮ ਹੱਤਿਆਂ ਕਰਕੇ ਮਰ ਗਈ ਸੀ। ਸੋਨੀਕਾ ਰਾਣੀ ਨੇ ਪੁਲਿਸ ਪ੍ਰਸ਼ਾਸਨ ਅਤੇ ਐਸ ਐਸ ਪੀ ਸੰਦੀਪ ਗੋਇਲ ਤੋਂ ਮੰਗ ਕੀਤੀ ਹੈ ਕਿ ਇਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਸ ਨੂੰ ਇੰਨਸਾਫ ਦਿੱਤਾ ਜਾਵੇ ।
ਗੰਦ ਪਾਉਣ ਵਾਲਿਆਂ ਨੂੰ ਜੇਲ ਭੇਜ਼ਣ ਦਾ ਪ੍ਰਬੰਧ ਕਰੇ ਪੁਲਿਸ- ਕਿਸਾਨ ਆਗੂ ਉੱਪਲੀ
ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਸੂਬਾਈ ਪ੍ਰੈਸ ਸਕੱਤਰ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਜਿਲ੍ਹਾ ਕਨਵੀਨਰ ਬਲਵੰਤ ਸਿੰਘ ਉੱਪਲੀ ਨੇ ਕਿਹਾ ਕਿ ਮੁਕਾਮੀ ਪੁਲਿਸ ਕਾਂਗਰਸ ਦੇ ਵੱਡੇ ਆਗੂ ਦੇ ਦਬਾਅ ਕਾਰਣ, ਉਸਦੇ ਖਾਸਮਖਾਸ ਕਾਂਗਰਸੀ ਆਗੂ ਗੁਰਜੰਟ ਸਿੰਘ ਨੂੰ ਬਚਾਉਣਾ ਚਾਹੰਦੀ ਹੈ, ਜਦੋਂ ਕਿ ਲੋਕਾਂ ਨੇ ਸ਼ਰੇਆਮ ਲੋਕਾਂ ਨੇ ਆਸ਼ਿਕ-ਮਾਸ਼ੂਕ ਨੂੰ ਰੰਗੇ ਹੱਥੀਂ ਹੋਟਲ ਦੇ ਕਮਰੇ ਅੰਦਰੋਂ ਫੜ੍ਹਿਆ ਹੈ। ਪਰੰਤੂ ਪੁਲਿਸ ਇਸ ਨੂੰ ਕੋਈ ਜੁਰਮ ਮੰਨਣ ਨੂੰ ਤਿਆਰ ਨਹੀਂ ਹੈ। ਉਨਾਂ ਫੋਨ ਕਰਕੇ ਕਾਂਗਰਸੀ ਆਗੂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨਾਂ ਆਸ਼ਿਕ ਮਿਜ਼ਾਜ ਰੰਗਰਲੀਆਂ ਮਨਾਉਦੇ ਪ੍ਰੇਮੀ ਜੋੜੇ ਨੂੰ ਬਚਾਉਣ ਤੋਂ ਹੱਥ ਪਿੱਛੇ ਨਾ ਖਿੱਚਿਆ ਤਾਂ ਯੂਨੀਅਨ , ਉਸ ਦੇ ਪਿੰਡਾਂ ਵਿੱਚ ਵੜ੍ਹਨਾ ਬੰਦ ਕਰ ਦੇਵੇਗੀ। ਉੱਧਰ ਥਾਣਾ ਸਿਟੀ 2 ਬਰਨਾਲਾ ਦੇ ਐਸਐਚਉ ਜਸਕਰਨ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਗੁਰਜੰਟ ਸਿੰਘ ਅਤੇ ਗੁਰਮੀਤ ਕੌਰ ਦੇ ਖਿਲਾਫ ਅਧੀਨ ਜੁਰਮ 109 ਸੀਆਰਪੀਸੀ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਹੋਟਲ ਮਾਲਿਕ ਖਿਲਾਫ ਵੀ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਜਰੂਰ ਲਿਆਂਦੀ ਜਾਵੇਗੀ।
ਪਹਿਲਾਂ ਮੁਕਰਿਆ ਮੈਨੇਜ਼ਰ, ਜਦੋਂ ਵੀਡੀਉ ਦਿਖਾਈ ਫਿਰ ਕਹਿੰਦਾ ਸੌਰੀ, ਮੈਂ ਮੁਲਾਜ਼ਮ ਹਾਂ
ਗਰੀਨ ਕਲਾਸਿਕ ਹੋਟਲ ਦੇ ਮੈਨੇਜ਼ਰ ਨੂੰ ਜਦੋਂ ਮੀਡੀਆ ਕਰਮੀਆਂ ਨੇ ਕੋਵਿਡ 19 ਦੀਆਂ ਪਾਬੰਦੀਆਂ ਦੇ ਉਲਟ ਹੋਟਲ ਖੋਹਲਣ ਅਤੇ ਅਯਾਸ਼ੀਆਂ ਕਰਨ ਲਈ, ਹੋਟਲ ਦੇ ਕਮਰੇ ਦੇਣ ਬਾਰੇ ਪੁੱਛਿਆ ਤਾਂ ਉਹ ਇੱਕ ਵਾਰ ਤਾਂ ਹੋਟਲ ਵਿੱਚ ਅਜਿਹੀ ਘਟਨਾ ਹੋਣ ਤੋਂ ਸਾਫ ਮੁਕਰ ਗਿਆ, ਪਰੰਤੂ ਜਦੋਂ ਉਸ ਨੂੰ ਹੋਟਲ ਦੇ ਕਮਰੇ ਅਤੇ ਉਸ ਦੀ ਖੁਦ ਦੀ ਹਾਜ਼ਰੀ ਵਿੱਚ ਹੋ ਪ੍ਰੇਮੀ ਜੋੜੀ ਦੀ ਕੀਤੀ ਜਾ ਰਹੀ ਕੁੱਟਮਾਰ ਦੀ ਵੀਡੀਉ ਦਿਖਾਈ ਤਾਂ ਉਸ ਨੇ ਕਿਹਾ ਸੌਰੀ! ਮੈਂ ਮੁਲਾਜ਼ਮ ਹਾਂ,। ਉਸ ਨੇ ਮੰਨਿਆ ਕਿ ਪੁਲਿਸ ਵੱਲੋਂ ਫੜ੍ਹਿਆ ਪ੍ਰੇਮੀ ਜੋੜਾ ਸਵੇਰੇ ਕਰੀਬ ਸਾਢੇ 10 ਵਜੇ ਹੋਟਲ ਵਿੱਚ ਆਇਆ ਸੀ ਅਤੇ ਕਰੀਬ ਇੱਕ ਘੰਟੇ ਬਾਅਦ ਹੀ ਪੁਲਿਸ ਨੇ ਉਨਾਂ ਨੂੰ ਹੋਰ ਲੋਕਾਂ ਦੀ ਹਾਜ਼ਰੀ ਵਿੱਚ ਫੜ੍ਹ ਲਿਆ। ਵਰਨਣਯੋਗ ਹੈ ਕਿ ਹਾਲੇ ਪਿਛਲੇ ਮਹੀਨੇ 10 ਅਪ੍ਰੈਲ ਨੂੰ ਹੀ ਇੱਕ ਪੰਜਾਬੀ ਅਖਬਾਰ ਵਿੱਚ ਅੱਜ ਫੜ੍ਹੇ ਗਏ ਗੁਰਜੰਟ ਸਿੰਘ ਨੂੰ ਉਸਦੀ ਫੋਟੋ ਲਾ ਕੇ ਕਾਂਗਰਸੀ ਆਗੂ ਲਿਖਿਆ ਗਿਆ ਸੀ। ਇੱਥੇ ਹੀ ਬੱਸ ਨਹੀਂ ਗੁਰਜੰਟ ਸਿੰਘ ਤੇ ਪਿੰਡ ਕਰਮਗੜ੍ਹ ਨੂੰ ਮਾਣ ਹੋਣ ਦਾ ਜਿਕਰ ਵੀ ਕੀਤਾ ਗਿਆ ਸੀ