AME ਤੇ JE ਮੁਅੱਤਲ , EO ਅਤੇ ਕੈਸ਼ੀਅਰ ਤੇ ਵੀ ਲਟਕੀ ਕਾਰਵਾਈ ਦੀ ਤਲਵਾਰ
ਹਰਿੰਦਰ ਨਿੱਕਾ/ ਰਘਵੀਰ ਹੈਪੀ, ਬਰਨਾਲਾ 17 ਮਈ 2021
ਜਾਲ੍ਹੀ-ਫਰਜ਼ੀ ਬਿਲਾਂ ਦੇ ਅਧਾਰ ਤੇ ਨਗਰ ਕੌਂਸਲ ਦੇ ਫੰਡਾਂ ‘ਚੋਂ ਲੱਖਾਂ ਰੁਪਏ ਦਾ ਚੂਨਾ ਲਾਉਣ ਦੇ ਮਾਮਲੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੇ ਨਗਰ ਕੌਂਸਲ ਦੇ ਤਤਕਾਲੀ ਏਐਮਈ ਦਮਨ ਦਵਿੰਦਰ ਸਿੰਘ ਅਤੇ ਜੇ.ਈ. ਮੇਜਰ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਜਦੋਂ ਕਿ ਕੌਂਸਲ ਦੇ ਈ.ਉ ਅਤੇ ਕੈਸ਼ੀਅਰ ਤੇ ਵੀ ਕਥਿਤ ਤੌਰ ਤੇ ਕਾਨੂੰਨੀ ਕਾਰਵਾਈ ਦੀ ਤਲਵਾਰ ਹਾਲੇ ਲਟਕੀ ਹੋਈ ਹੈ। ਜਿਕਰਯੋਗ ਹੈ ਕਿ ਬਰਨਾਲਾ-ਸੰਗਰੂਰ ਮੁੱਖ ਰੋਡ ਨੂੰ ਜੋੜਨ ਵਾਲੀ ਕਰੀਬ 3.11 ਕਿਲੋਮੀਟਰ ਲੰਬੀ ਗਰਚਾ ਰੋਡ ਦੇ ਸੀਵਰੇਜ ਬੋਰਡ ਵੱਲੋਂ ਤਿਆਰ ਕੀਤੇ ਕੁਝ ਹਿੱਸੇ ਦੀ ਕਰੀਬ 8/10 ਲੱਖ ਰੁਪਏ ਦੀ ਠੇਕੇਦਾਰ ਨੂੰ ਕੀਤੀ ਗਈ ਅਦਾਇਗੀ ਉਕਤ ਅਧਿਕਾਰੀਆਂ ਨੂੰ ਮਹਿੰਗੀ ਪੈ ਗਈ ਹੈ। ਲੱਖਾਂ ਰੁਪਏ ਦੇ ਇਸ ਘਪਲੇ ਦੀ ਜਾਂਚ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਵਿੰਗ ਨੇ ਕੀਤੀ ਸੀ।
ਕੀ ਹੈ ਸੜਕ ਦਾ ਪੂਰਾ ਘਪਲਾ
ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਅਰਸਾ ਪਹਿਲਾਂ ਬਰਨਾਲਾ ਹੰਡਿਆਇਆ ਮੁੱਖ ਸੜਕ ਤੋਂ ਸਿੰਮੀ ਰਿਜ਼ੋਰਟ ਦੇ ਐਨ ਸਾਹਮਣਿਉਂ ਸੰਗਰੂਰ-ਬਰਨਾਲਾ ਨੂੰ ਜੋੜਣ ਵਾਲੀ ਗਰਚਾ ਰੋਡ ਤੇ ਸੀਵਰੇਜ ਬੋਰਡ ਵੱਲੋਂ ਸੀਵਰੇਜ ਪਾਇਆ ਗਿਆ ਸੀ। ਸੜਕ ਨੂੰ ਦੁਬਾਰਾ ਬਣਾਉਣ ਲਈ ਇੱਥੇ ਪ੍ਰੀਮਿਕਸ ਪਾਇਆ ਗਿਆ। ਸੜਕ ਦੇ ਬਹੁਤੇ ਹਿੱਸੇ ਤੇ ਪ੍ਰੀਮਿਕਸ ਨਗਰ ਕੌਂਸਲ ਵੱਲੋਂ ਅਤੇ ਸੀਵਰੇਜ ਬੋਰਡ ਦੁਆਰਾ ਵੀ 820.52 ਮੀਟਰ ਸੜਕ ਤੇ ਪ੍ਰੀਮਿਕਸ ਪਾਇਆ ਗਿਆ।
ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਸੀਵਰੇਜ ਬੋਰਡ ਵੱਲੋਂ ਬਣਾਈ ਗਈ ਉਕਤ 820.52 ਮੀਟਰ ਯਾਨੀ ਕਰੀਬ ਪੌਣਾ ਕਿਲੋਮੀਟਰ ਗਰਚਾ ਰੋਡ ਵੀ ਨਗਰ ਕੌਂਸਲ ਅਧਿਕਾਰੀਆਂ ਨੇ ਆਪਣੀਆਂ ਜੇਬਾਂ ਭਰਨ ਲਈ ਕੌਂਸਲ ਦੀ ਸੜਕ ਬਣਾਉਣ ਵਾਲੇ ਠੇਕੇਦਾਰ ਨੂੰ ਹੀ ਲੱਖਾਂ ਰੁਪਏ ਦੀ ਬਿਨਾਂ ਕੰਮ ਕੀਤਿਆਂ ਹੀ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਦਾਇਗੀ ਕਰ ਦਿੱਤੀ ਗਈ ਸੀ।
ਕੁਝ ਦਿਨ ਪਹਿਲਾਂ ਟੂਡੇ ਨਿਊਜ਼ ਵੱਲੋਂ ਇਸ ਤੇ ਖ਼ਬਰ ਵੀ ਪ੍ਰਕਾਸ਼ਤ ਕੀਤੀ ਗਈ ਸੀ
ਵਰਨਣਯੋਗ ਹੈ ਕਿ 12 ਮਈ ਨੂੰ ਬਰਨਾਲਾ ਟੂਡੇ ਅਤੇ ਟੂਡੇ ਨਿਊਜ਼ ਦੀ ਟੀਮ ਨੇ ਇਲਾਕੇ ਦੇ ਵੱਡੇ ਕਾਂਗਰਸੀ ਆਗੂ ਦੇ ਥਾਪੜੇ ਕਾਰਨ ਫਾਇਲਾਂ ਵਿੱਚ ਦੱਬਿਆ ਇਹ ਮੁੱਦਾ ਪ੍ਰਮੁੱਖਤਾ ਨਾਲ ਲੋਕਾਂ ਦੀ ਕਚਹਿਰੀ ਵਿੱਚ ਰੱਖਿਆ ਸੀ। ਜਿਸ ਤੋਂ ਬਾਅਦ ਹੀ ਰਾਜਸੀ ਦਬਾਅ ਹੇਠ ਦੱਬੀ ਫਾਇਲ ਨੂੰ ਚੁੱਕਿਆ ਗਿਆ ਅਤੇ 13 ਮਈ ਨੂੰ ਹੀ ਏਐਮਈ ਤੇ ਜੇਈ ਖਿਲਾਫ ਨੌਕਰੀ ਤੋਂ ਮੁਅੱਤਲ ਕਰਨ ਦਾ ਪੱਤਰ ਜਾਰੀ ਕਰ ਦਿੱਤਾ ਗਿਆ।