*****
ਮੱਖਣ ਮੇਰਾ ਪੁਰਾਣਾ ਸਹਿਯੋਗੀ ਹੈ ਅੱਜ ਕੱਲ੍ਹ ਆਪਣਾ ਟਰੱਕ ਚਲਾਉਂਦਾ ਹੈ। ਮੈਨੂੰ ਪਤਾ ਸੀ ਕਿ ਉਹ ਟਰੱਕ ਲੈ ਕੇ ਆਂਧਰਾ ਪ੍ਰਦੇਸ਼ ਗਿਆ ਹੋਇਆ ਹੈ। ਅੱਜ ਫ਼ੋਨ ਕੀਤਾ ਤਾਂ ਉਸ ਦੱਸਿਆ ਕਿ ਪੰਦਰਾਂ ਦਿਨਾਂ ਬਾਅਦ ਰਾਤੀਂ ਘਰ ਮੁੜਿਆ ਹਾਂ, ਮਹਾਂਰਾਸ਼ਟਰ ਵਿੱਚ ਦੀ ਹੋ ਕੇ। ਉਸ ਅਨੁਸਾਰ ਪੂਰੇ ਰਸਤੇੇ ਸੜਕਾਂ ਤੇ ਕਈ ਲਾਸ਼ਾਂ ਤਾਂ ਉਹਨੇ ਅੱਖੀਂ ਵੇਖੀਆਂ ਹਨ, ਲੱਖਾਂ ਲੋਕ ਸੜਕਾਂ ਤੇ ਪੁਲਿਸ ਦੀਆਂ ਡਾਗਾਂ ਖਾਂਦੇ ਭੁੱਖੇ ਵਿਲਕਦੇ ਤੁਰੇ ਫਿਰਦੇ ਹਨ। ਇਹ ਸਾਡੀ ਗਰੀਬ ਲੋਕਾਈ ਦਾ ਦਰਦ ਹੈ ਜੋ ਅਸੀਂ ਮੱਧਵਰਗੀ ਸ਼ਾਇਦ ਨਾ ਸਮਝ ਸਕੀਏ। ਨਿਰਸੰਦੇਹ ਮੇਰੇ ਮੁਲਕ ਵਿੱਚ ਹੁਣ ਤੱਕ ਕਰੋਨਾ ਨਾਲੋਂ ਵੱਧ ਲੋਕ ਰੋਟੀ ਦੀ ਥੁੜ੍ਹ ਨਾਲ ਮਾਰੇ ਜਾ ਚੁੱਕੇ ਹਨ।
ਰਾਜ ਮੇਰਾ ਦੋਸਤ ਹੈ ਜੋ ਕਿ ਮੋਦੀ ਭਗਤ ਵੀ ਹੈ। ਕੱਲ੍ਹ ਦੁਪਹਿਰੇ ਉਸਦਾ ਫ਼ੋਨ ਆਇਆ ਕਿ ਹਸਪਤਾਲ ਵਿੱਚ ਡਾਕਟਰ ਕਿਸੇ ਵੀ ਆਮ ਮਰੀਜ ਨੂੰ ਵੇਖ ਨਹੀਂ ਰਹੇ। ਮੈਂ ਕਿਹਾ ਕਿ ਇਸ ਸਭ ਕਾਸੇ ਲਈ ਤੇਰੀ ਮੋਦੀ ਹਕੂਮਤ ਜਿੰਮੇਵਾਰ ਹੈ, ਜੇ ਉਹ ਹਥਿਆਰਾਂ ਦੀ ਥਾਂ ਤੇ ਹਸਪਤਾਲਾਂ ਤੇ ਖਰਚ ਕਰਦੀ ਤਾਂ ਲੋਕਾਂ ਦੀ ਇਹ ਹਾਲਤ ਨਾ ਹੁੰਦੀ। ਡਾਕਟਰਾਂ ਕੋਲ ਆਪਣੇ ਬਚਾਅ ਲਈ ਹਸਪਤਾਲਾਂ ਵਿੱਚ ਬਹੁਤੇ ਸੰਦ ਨਹੀਂ ਹਨ, ਇਸੇ ਲਈ ਉਹ ਡਰਦੇ ਹਰ ਮਰੀਜ ਵਿੱਚ ਕਰੋਨਾ ਹੀ ਭਾਂਪ ਰਹੇ ਹਨ।
ਨਿਰਮਲ ਜੀ ਤੋਂ ਲੈ ਬਲਦੇਵ ਤੱਕ ਜੋ ਵੀ ਗੱਲਾਂ ਸਾਹਮਣੇ ਆ ਰਹੀਆਂ ਹਨ ਉਹਨਾਂ ਚ ਇੱਕ ਇਹ ਵੀ ਹੈ ਕਿ ਦੋਵੇਂ ਮਰਨ ਤੋਂ ਪਹਿਲਾਂ 2-2 ਗੇੜੇ ਹਸਪਤਾਲਾਂ ਦੇ ਮਾਰ ਆਏ ਸਨ, ਪਰ ਡਾਕਟਰਾਂ ਨੇ ਕੋਈ ਟੈਸਟ ਨਾ ਕੀਤਾ। ਕਿਉਂਕਿ ਡਾਕਟਰਾਂ ਕੋਲ ਕਿੱਟਾਂ ਦੀ ਥੁੜ ਹੈ, ਇਹ ਉਹੀ ਕਿੱਟਾਂ ਨੇ ਜੋ ਮੋਦੀ ਸਰਕਾਰ 24 ਮਾਰਚ ਤੱਕ ਵਿਦੇਸ਼ਾਂ ਨੂੰ ਵੇਚਦੀ ਰਹੀ। ਹਾਂ ਭਾਈ ਕਾਮਰੇਡਾਂ ਨੂੰ ਤਾਂ ਕੁੱਤੇ ਭਕਾਈ ਮਾਰਨ ਦੀ ਆਦਤ ਹੈ, ਉਹ ਤਾਂ ਇੰਝ ਹੀ ਭੌਂਕਦੇ ਹਨ…
-ਅਮਿੱਤ ਮਿੱਤਰ