ਅੰਨ੍ਹੀ ਪੀਂਹਦੀ, ਕੁੱਤੇ ਚੱਟਣ- ਨਗਰ ਕੌਂਸਲ ਦੇ ਅਧਿਕਾਰੀਆਂ ਨੇ ਬਿਨਾਂ ਕੰਮ ਤੋਂ ਠੇਕੇਦਾਰ ਨੂੰ ਕੱਟਿਆ ਲੱਖਾਂ ਰੁਪਏ ਦਾ ਚੈੱਕ

Advertisement
Spread information

ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਵਿੰਗ ਨੇ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਲਈ ਸੈਕਟਰੀ ਨੂੰ ਭੇਜੀ ਰਿਪੋਰਟ

ਸੱਤਾਧਾਰੀ ਧਿਰ ਦੇ ਵੱਡੇ ਲੀਡਰਾਂ ਦੀ ਸ਼ਰਨ ਵਿੱਚ ਬਚਾਅ ਲਈ ਪਹੁੰਚੇ ਕੌਂਸਲ ਅਧਿਕਾਰੀ !

ਇੱਕ ਕਾਂਗਰਸੀ ਆਗੂ ਵੱਲੋਂ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਨਾਲ 10 ਲੱਖ ਰੁਪਏ ਦਾ ਸੌਦਾ ਕਰਵਾਉਣ ਦੀ ਛਿੜੀ ਚਰਚਾ


ਹਰਿੰਦਰ ਨਿੱਕਾ/ ਰਘਵੀਰ ਹੈਪੀ, ਬਰਨਾਲਾ 12 ਮਈ 2021

        ਅੰਨ੍ਹੀ ਪੀਂਹਦੀ , ਕੁੱਤੇ ਚੱਟਣ ਦੀ ਚਿਰਾਂ ਪੁਰਾਣੀ ਕਹਾਵਤ ਨਗਰ ਕੌਂਸਲ ਦੇ ਫੰਡਾਂ ‘ਚ ਕੁਝ ਅਧਿਕਾਰੀਆਂ ਦੀ ਠੇਕੇਦਾਰਾਂ ਨਾਲ ਸਾਜਬਾਜ ਕਰਕੇ ਦੋਵੀਂ ਹੱਥੀਂ ਕੀਤੀ ਜਾ ਰਹੀ ਲੁੱਟ ਤੇ ਐਨ ਫਿੱਟ ਬੈਠਦੀ ਹੈ। ਤਾਜ਼ਾ ਮਾਮਲਾ ਕਥਿਤ ਜਾਲ੍ਹੀ-ਫਰਜ਼ੀ ਬਿਲਾਂ ਦੇ ਅਧਾਰ ਤੇ ਬਰਨਾਲਾ-ਸੰਗਰੂਰ ਮੁੱਖ ਰੋਡ ਨੂੰ ਜੋੜਨ ਵਾਲੀ ਕਰੀਬ 3.11 ਕਿਲੋਮੀਟਰ ਲੰਬੀ ਗਰਚਾ ਰੋਡ ਦੇ ਸੀਵਰੇਜ ਬੋਰਡ ਵੱਲੋਂ ਤਿਆਰ ਕੀਤੇ ਕੁਝ ਹਿੱਸੇ ਦੀ ਕਰੀਬ 8/10 ਲੱਖ ਰੁਪਏ ਦੀ ਠੇਕੇਦਾਰ ਨੂੰ ਕੀਤੀ ਗਈ ਅਦਾਇਗੀ ਨਾਲ ਜੁੜਿਆ ਹੋਇਆ ਹੈ। ਪਤਾ ਇਹ ਵੀ ਲੱਗਿਆ ਹੈ ਕਿ ਇਸ ਵੱਡੇ ਘਪਲੇ ਦੀ ਜਾਂਚ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਵਿੰਗ ਦੀ ਟੀਮ ਨੇ ਫਿਜੀਕਲ ਅਤੇ ਰਿਕਾਰਡ ਦੀ ਜਾਂਚ ਮੁਕੰਮਲ ਵੀ ਕਰ ਲਈ ਹੈ। ਹੁਣ ਘਪਲਾ ਕਰਨ ਵਾਲਿਆਂ ਦੀ ਭਾਗ ਰੇਖ ‘ਚ ਬਿਹੂ ਮਾਤਾ ਵਾਲੇ ਲੇਖ ਸਿਰਫ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਦੀ ਕਲਮ ਤੇ ਟਿਕੇ ਹੋਏ ਹਨ। ਉੱਧਰ ਪਤਾ ਇਹ ਵੀ ਲੱਗਿਆ ਹੈ ਕਿ ਜਿਨ੍ਹਾਂ ਅਧਿਕਾਰੀਆਂ ਤੇ ਲੱਖਾਂ ਰੁਪਏ ਦੇ ਘਪਲੇ ਦੀ ਸੰਭਾਵਿਤ ਗਾਜ਼ ਡਿੱਗਣ ਦੀ ਉਮੀਦ ਹੈ, ਉਹ ਸੱਤਾਧਾਰੀ ਕਾਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਸ਼ਰਨ ਵਿੱਚ ਜਾ ਪਹੁੰਚੇ ਹਨ। ਸੁਣਨ ਵਿੱਚ ਤਾਂ ਇਹ ਵੀ ਆ ਰਿਹਾ ਹੈ ਕਿ ਕਥਿਤ ਦੋਸ਼ੀ ਮੁਲਾਜ਼ਮਾਂ ਨੇ ਇਲਾਕੇ ਦੇ ਇੱਕ ਕਾਗਰਸੀ ਆਗੂ ਦੇ ਰਾਹੀਂ 10 ਲੱਖ ਰੁਪਏ ਸਥਾਨਕ ਸਰਕਾਰਾਂ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਤੱਕ ਅੱਪੜਦੇ ਕਰ ਦਿੱਤੇ ਹਨ, ਤਾਂ ਕਿ ਕੌਂਸਲ ਦੇ ਇੱਕ ਵੱਡੇ ਘਪਲੇਬਾਜ਼ ਅਧਿਕਾਰੀ ਨੂੰ ਕਲੀਨ ਚਿੱਟ ਦਿਵਾਈ ਜਾ ਸਕੇ।

Advertisement

ਕੀ ਹੈ ਸੜਕ ਦਾ ਪੂਰਾ ਘਪਲਾ

      ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਅਰਸਾ ਪਹਿਲਾਂ ਬਰਨਾਲਾ ਹੰਡਿਆਇਆ ਮੁੱਖ ਸੜਕ ਤੋਂ ਸਿੰਮੀ ਰਿਜ਼ੋਰਟ ਦੇ ਐਨ ਸਾਹਮਣਿਉਂ ਸੰਗਰੂਰ-ਬਰਨਾਲਾ ਨੂੰ ਜੋੜਣ ਵਾਲੀ ਗਰਚਾ ਰੋਡ ਤੇ ਸੀਵਰੇਜ ਬੋਰਡ ਵੱਲੋਂ ਸੀਵਰੇਜ ਪਾਇਆ ਗਿਆ ਸੀ। ਸੜਕ ਨੂੰ ਦੁਬਾਰਾ ਬਣਾਉਣ ਲਈ ਇੱਥੇ ਪ੍ਰੀਮਿਕਸ ਪਾਇਆ ਗਿਆ। ਸੜਕ ਦੇ ਬਹੁਤੇ ਹਿੱਸੇ ਤੇ ਪ੍ਰੀਮਿਕਸ ਨਗਰ ਕੌਂਸਲ ਵੱਲੋਂ ਅਤੇ ਸੀਵਰੇਜ ਬੋਰਡ ਦੁਆਰਾ ਵੀ 820.52 ਮੀਟਰ ਸੜਕ ਤੇ ਪ੍ਰੀਮਿਕਸ ਪਾਇਆ ਗਿਆ। ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਸੀਵਰੇਜ ਬੋਰਡ ਵੱਲੋਂ ਬਣਾਈ ਗਈ ਉਕਤ 820.52 ਮੀਟਰ ਯਾਨੀ ਕਰੀਬ ਪੌਣਾ ਕਿਲੋਮੀਟਰ ਗਰਚਾ ਰੋਡ ਵੀ ਨਗਰ ਕੌਂਸਲ ਅਧਿਕਾਰੀਆਂ ਨੇ ਆਪਣੀਆਂ ਜੇਬਾਂ ਭਰਨ ਲਈ ਕੌਂਸਲ ਦੀ ਸੜਕ ਬਣਾਉਣ ਵਾਲੇ ਠੇਕੇਦਾਰ ਨੂੰ ਹੀ ਲੱਖਾਂ ਰੁਪਏ ਦੀ ਬਿਨਾਂ ਕੰਮ ਕੀਤਿਆਂ ਹੀ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਦਾਇਗੀ ਕਰ ਦਿੱਤੀ ਗਈ। ਇਹ ਮਾਮਲਾ ਕੁਝ ਸਮੇਂ ਬਾਅਦ ਹੀ ਆਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਆ ਗਿਆ। ਇਸ ਮਾਮਲੇ ਦੀ ਜਾਂਚ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਵਿੰਗ ਵੱਲੋਂ ਕਾਫੀ ਗਹਿਰਾਈ ਨਾਲ ਕੀਤੀ ਗਈ। ਹੁਣ ਪੜਤਾਲ ਤੋਂ ਬਾਅਦ ਘਪਲੇ ਵਿੱਚ ਸ਼ਾਮਿਲ ਜਿੰਮੇਵਾਰ ਕੌਂਸਲ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਰਿਪੋਰਟ ਸੈਕਟਰੀ ਸਥਾਨਕ ਸਰਕਾਰਾਂ ਵਿਭਾਗ ਦੀ ਮੇਜ਼ ਤੱਕ ਅੱਪੜ ਚੁੱਕੀ ਹੈ।

ਸਾਫ ਦਿਸ ਰਹੀ ਐ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਬਣਾਈ ਸੜਕ

   ਮੌਕਾ ਮੁਆਇਨਾ ਕਰਨ ਤੋਂ ਸਾਹਮਣੇ ਆਇਆ ਕਿ ਜਿਹੜੀ ਸੜਕ ਨਗਰ ਕੌਂਸਲ ਵੱਲੋਂ ਤਿਆਰ ਕੀਤੀ ਗਈ ਹੈ, ਉਸ ਖੇਤਰ ਵਿੱਚ ਸੜਕ ਤੇ ਚਿੱਟੇ ਰੰਗ ਦੀਆਂ ਤਿੰਨ ਲਾਈਨਾਂ ਲਗਾਈਆਂ ਹੋਈਆਂ ਹਨ। ਜਦੋਂ ਕਿ ਸੀਵਰੇਜ ਬੋਰਡ ਵੱਲੋਂ ਬਣਾਈ ਗਈ ਸੜਕ ਤੇ ਕੋਈ ਚਿੱਟੀ ਪੱਟੀ ਨਹੀਂ ਲਗਾਈ ਗਈ। ਸੀਵਰੇਜ ਬੋਰਡ ਵੱਲੋਂ ਆਪਣੇ ਹਿੱਸੇ ਦੀ ਸੜਕ ਦੀ ਅਦਾਇਗੀ ਆਪਣੇ ਠੇਕੇਦਾਰ ਨੂੰ ਕਰ ਦਿੱਤੀ। ਇਸ ਤਰਾਂ ਇੱਕੋ ਹੀ ਸੜਕ ਦੀ ਦੂਹਰੀ ਅਦਾਇਗੀ ਕਰਨਾ ਬੇਹੱਦ ਗੰਭੀਰ ਮਾਮਲਾ ਹੈ। ਇਸ ਮਾਮਲੇ ਸਬੰਧੀ ਪੁੱਛਣ ਤੇ ਕੌਂਸਲ ਦੇ ਈਉ ਮਨਪ੍ਰੀਤ ਸਿੰਘ ਨੇ ਮੰਨਿਆ ਕਿ ਇਸ ਸੜਕ ਦੀ ਅਦਾਇਗੀ ਸਬੰਧੀ ਪੜਤਾਲ ਚੱਲ ਰਹੀ ਹੈ। ਉਨਾਂ ਕਿਹਾ ਕਿ ਦੌਰਾਨ ਏ ਪੜਤਾਲ ਉਹ ਕੁਝ ਵੀ ਕਹਿਣਾ ਠੀਕ ਨਹੀਂ ਸਮਝਦੇ।

ਦੋਸ਼ੀ ਅਧਿਕਾਰੀਆਂ ਖਿਲਾਫ ਜਲਦ ਹੋਵੇ ਕਾਰਵਾਈ- ਮਹੇਸ਼ ਲੋਟਾ

   ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਕਿਹਾ ਕਿ ਇੱਕੋ ਸੜਕ ਦੀ ਡਬਲ ਅਦਾਇਗੀ ਕੌਂਸਲ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਅਤੇ ਸਕੱਤਰ ਸਥਾਨਕ ਸਰਕਾਰਾਂ ਤੋਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Advertisement
Advertisement
Advertisement
Advertisement
Advertisement
error: Content is protected !!