ਮਾਸਕ ਮੁਹਿੰਮ: ਪਿੰਡ ਜੋਧਪੁਰ, ਭੋਤਨਾ, ਢਿੱਲਵਾਂ ’ਚ ਚੱਲ ਰਿਹੈ ਮਾਸਕ ਬਣਾਉਣ ਦਾ ਕੰਮ
ਬਰਨਾਲਾ, 2 ਅਪਰੈਲ
ਕਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਸੈਲਫ ਹੈਲਪ ਗਰੁੱਪ ਵੱਡਾ ਹੁਲਾਰਾ ਦੇ ਰਹੇ ਹਨ। ਕਈ ਪਿੰਡਾਂ ਦੇ ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਸਮਾਜਸੇਵਾ ਵਜੋਂ ਮਾਸਕ ਬਣਾਉਣ ’ਚ ਜੁੁਟੀਆਂ ਹੋਈਆਂ ਹਨ, ਜਿਨਾਂ ਨੂੰ ਜ਼ਿਲਾ ਪ੍ਰਸ਼ਾਸਨ ਵੱੱਲੋਂ ਕੱਪੜਾ ਅਤੇ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਨੈਸ਼ਨਲ ਰੂਰਲ ਲਾਈਵਲੀਹੁਡ ਮਿਸ਼ਨ ਤਹਿਤ ਬਣੇ ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਮਾਸਕ ਬਣਾਉਣ ਦੀ ਮੁਹਿੰਮ ਵਿੱਚ ਡਟ ਗਈਆਂ ਹਨ, ਜਿਨਾਂ ਨੇ ਕਰੀਬ 25 ਹਜ਼ਾਰ ਮਾਸਕ ਬਣਾਉਣ ਦਾ ਟੀਚਾ ਮਿੱਥਿਆ ਹੈ। ਇਨਾਂ ਵਿੱਚ ਪਿੰਡ ਜੋਧਪੁਰ, ਭੋਤਨਾ, ਢਿੱਲਵਾਂ ਦੇ ਸੈਲਫ ਹੈਲਪ ਗਰੁੱਪ ਸ਼ਾਮਲ ਹਨ, ਜਿਨਾਂ ਨਾਲ ਜੁੜੀਆਂ ਮਹਿਲਾਵਾਂ ਮਾਸਕ ਬਣਾਉਣ ਦੀ ਸੇਵਾ ਵਿੱਚ ਡਟੀਆਂ ਹੋਈਆਂ ਹਨ। ਇਸੇ ਤਰਾਂ ਪਿੰਡ ਬਡਬਰ ਤੇ ਠੀਕਰੀਵਾਲਾ ਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਐਪਰਨ ਵੀ ਬਣਾਏ ਜਾ ਰਹੇ ਹਨ ਤਾਂ ਜੋ ਲੋੜ ਪੈਣ ’ਤੇ ਸਿਹਤ ਅਮਲੇ ਨੂੰ ਇਹ ਵਸਤਾਂ ਮੁਹੱਈਆ ਕਰਾਈਆਂ ਜਾ ਸਕਣ।
ਪਿੰਡ ਜੋਧਪੁਰ ਦੇ ਬਾਬਾ ਹਿੰਮਤ ਸਿੰਘ ਸੈਲਫ ਹੈਲਪ ਗਰੁੱਪ ਨਾਲ ਜੁੜੀਆਂ ਬੀਬੀਆਂ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਉਨਾਂ ਨੂੰ ਮਾਸਕ ਬਣਾਉਣ ਲਈ ਕੱਪੜਾ ਤੇ ਹੋਰ ਸਾਮਾਨ ਮੁਹੱਈਆ ਕਰਾਇਆ ਜਾ ਰਿਹਾ ਹੈ ਅਤੇ ਉਹ ਸੇਵਾ ਭਾਵਨਾ ਵਜੋਂ ਇਸ ਕਾਰਜ ਵਿੱਚ ਡਟੀਆਂ ਹੋਈਆਂ ਹਨ।
ਸੈਲਫ ਹੈਲਪ ਗਰੁੱਪਾਂ ਦੇ ਇਸ ਉਦਮ ਬਾਰੇ ਗੱਲ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਿਹਤ ਅਮਲੇ ਅਤੇ ਹੋਰ ਖੇਤਰਾਂ ’ਚ ਡਿੳੂਟੀ ਨਿਭਾਅ ਰਹੇ ਅਮਲੇ ਲਈ ਮਾਸਕਾਂ ਦੀ ਲੋੜ ਦੇ ਮੱਦੇਨਜ਼ਰ ਇਨਾਂ ਪਿੰਡਾਂ ਦੀਆਂ ਮਹਿਲਾਵਾਂ ਦੀਆਂ ਸੇਵਾਵਾਂ ਲਈ ਜਾ ਰਹੀਆਂ ਹਨ ਤੇ ਇਹ ਸੇਵਾਵਾਂ ਇਸ ਔਖੀ ਘੜੀ ਵਿੱਚ ਵਰਦਾਨ ਸਾਬਿਤ ਹੋ ਰਹੀਆਂ ਹਨ।