ਸਿਹਤ ਅਮਲੇ ਨੂੰ ਆਕਸੀਜਨ ਸਪਲਾਈ ’ਚ ਲੀਕੇਜ ਨਾ ਹੋਣੀ ਯਕੀਨੀ ਬਣਾਉਣ ਦੀ ਹਦਾਇਤ
ਮਰੀਜ਼ਾਂ ਲਈ ਸੇਵਾਵਾਂ ਵਿਚ ਲਗਾਤਾਰ ਕੀਤਾ ਜਾ ਰਿਹੈ ਸੁਧਾਰ: ਵਰਜੀਤ ਵਾਲੀਆ
ਰਘਵੀਰ ਹੈਪੀ , ਬਰਨਾਲਾ, 11 ਮਈ 2021
ਜ਼ਿਲਾ ਬਰਨਾਲਾ ਵਿੱਚ ਕਰੋਨਾ ਮਰੀਜ਼ਾਂ ਲਈ ਚੱਲ ਰਹੀ ਲੈਵਲ 2 ਸਿਹਤ ਫੈਸਿਲਟੀ ਸੋਹਲ ਪੱਤੀ ਵਿਖੇ ਆਕਸੀਜਨ ਸਪਲਾਈ ਦੇ ਮੱਦੇਨਜ਼ਰ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਜੀਤ ਵਾਲੀਆ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਵਿੰਦਰ ਕੌਰ ਵੱਲੋਂ ਚੈਕਿੰਗ ਕੀਤੀ ਗਈ ਅਤੇ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ, ਜਿੱਥੇ ਇਸ ਵੇਲੇ 53 ਮਰੀਜ਼ ਇਲਾਜ ਅਧੀਨ ਹਨ।
ਚੈਕਿੰਗ ਦੌਰਾਨ ਆਕਸੀਜਨ ਸਪਲਾਈ ਸਬੰਧੀ ਖਾਮੀਆਂ ਨੂੰ ਫੌਰੀ ਦੂਰ ਕਰ ਕੇ ਸਿਹਤ ਅਮਲੇ ਨੂੰ ਆਕਸੀਜਨ ਸਪਲਾਈ ਦੀ ਕਿਸੇ ਤਰ੍ਹਾਂ ਦੀ ਲੀਕੇਜ ਨਾ ਹੋਣੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਐਸ ਡੀ ਐਮ ਸ੍ਰੀ ਵਰਜੀਤ ਵਾਲੀਆ ਨੇ ਆਖਿਆ ਕਿ ਉਨਾਂ ਵੱਲੋਂ ਸੋਹਲ ਪੱਤੀ ਅਤੇ ਮਹਿਲ ਕਲਾਂ ਲੈਵਲ 2 ਫੈਸਿਲਟੀ ਵਿਖੇ ਮਰੀਜ਼ਾਂ ਨਾਲ ਗੱਲਬਾਤ ਕਰ ਕੇ ਲਗਾਤਾਰ ਦੋਵੇਂ ਸੈਂਟਰਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਮਰੀਜ਼ਾਂ ਵੱਲੋਂ ਮਿਲੇ ਫੀਡਬੈਕ ਦੇ ਆਧਾਰ ’ਤੇ ਮਹਿਲ ਕਲਾਂ ਵਿਖੇ ਖਾਣੇ ਦਾ ਮਿਆਰ ਸੁਧਾਰਿਆ ਗਿਆ ਹੈ ਅਤੇ ਸੈਨੀਟੇਸ਼ਨ ਪ੍ਰਬੰਧਾਂ ਵਿਚ ਤੇਜ਼ੀ ਨਾਲ ਸੁਧਾਰ ਲਿਆਂਦਾ ਗਿਆ ਹੈ।
ਉਨਾਂ ਕਿਹਾ ਕਿ ਆਕਸੀਜਨ ਦੀ ਲਗਾਤਾਰ ਵਧ ਰਹੀ ਮੰਗ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ। ਮੌਕੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਨੇ ਕਿਹਾ ਕਿ ਸੋਹਲ ਪੱਤੀ ਵਿਖੇ ਮਰੀਜ਼ਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਹੋਰ ਸਟਾਫ ਤਾਇਨਾਤ ਕੀਤਾ ਗਿਆ।