ਪਹਿਲੀ ਵਾਰ-2 ਸਦੀਆਂ ਪੁਰਾਣੇ ਮੰਦਿਰ ਤੇ ਮੱਥਾ ਟੇਕਣ ਨਹੀਂ ਪਹੁੰਚਿਆ ਕੋਈ ਸ਼ਰਧਾਲੂ
ਹਰਿੰਦਰ ਨਿੱਕਾ, ਬਰਨਾਲਾ 2 ਅਪ੍ਰੈਲ 2020
ਦੇਵੀ ਦੁਆਰਾ ਸ੍ਰੀ ਦੁਰਗਾ ਮੰਦਿਰ ਹੰਡਿਆਇਆ ਦੇ ਕਰੀਬ 200 ਵਰ੍ਹੇ ਪੁਰਾਣੇ ਮੰਦਿਰ ਦੇ ਸ਼ਰਧਾਲੂਆਂ ਤੇ ਵੀ ਕੋਰੋਨਾ ਵਾਇਰਸ ਭਾਰੀ ਪੈ ਗਿਆ। ਮੰਦਿਰ ਦੇ ਇਤਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਅਸਥਾਨ ਤੇ ਹਰ ਛਿਮਾਹੀ ਭਰਦੇ ਮੇਲੇ ਮੌਕੇ ਹਜ਼ਾਰਾਂ ਦੀ ਸੰਖਿਆਂ ਵਿੱਚ ਪੁੱਜਦੇ ਸ਼ਰਧਾਲੂਆਂ ਚੋਂ ਇਸ ਵਾਰ ਕੋਈ ਵੀ ਸ਼ਰਧਾਲੂ ਮੱਥਾ ਟੇਕਣ ਨਹੀ ਆਇਆ। ਮੰਦਿਰ ਦੇ ਪੁਜ਼ਾਰੀਆਂ ਪੰਡਿਤ ਕੇਵਲ ਕ੍ਰਿਸ਼ਨ ਤੇ ਬਲਦੇਵ ਕ੍ਰਿਸ਼ਨ ਨੇ ਦੱਸਿਆ ਕਿ ਮੰਦਿਰ ਦੇ ਇਤਹਾਸ ਵਿੱਚ ਇੰਝ ਪਹਿਲੀ ਦਫਾ ਹੋਇਆ ਹੈ ਕਿ ਕੋਈ ਵੀ ਸ਼ਰਧਾਲੂ ਸਿਰ ਨਿਵਾਉਣ ਨਹੀਂ ਪਹੁੰਚਿਆ। ਉੱਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਕੇ ਸਰਕਾਰ ਦੁਆਰਾ ਲਾਗੂ ਕਰਫਿਊ ਕਾਰਣ ਸ਼ਰਧਾਲੂਆਂ ਦਾ ਆਉਣਾ ਸੰਭਵ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਮੰਦਿਰ ਦੀ ਪਰੰਪਰਾ ਅਨੁਸਾਰ ਮੇਲੇ ਵਾਲੇ ਦਿਨ ਦੀ ਤਰਾਂ ਹੀ ਵਿਸ਼ੇਸ਼ ਢੰਗ ਨਾਲ ਪੂਜਾ ਅਰਚਨਾ ਕੀਤੀ ਗਈ। ਕੁਝ ਕੁ ਸੇਵਾਦਾਰਾਂ ਨੇ ਵੀ ਸੇਵਾ ਨਿਭਾਈ।
ਪੁਜਾਰੀ ਪੰਡਿਤ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਇਸ ਮੌਕੇ ਭਾਂਵੇ ਕੋਈ ਇਕੱਠ ਨਹੀਂ ਹੋਇਆ, ਪਰੰਤੂ ਅਸੀਂ ਸਾਰਿਆਂ ਨੇ ਮਿਲ ਕੇ ਮਾਂ ਦੁਰਗਾ ਦੇ ਅੱਗੇ ਵਿਸ਼ਵ ਵਿੱਚ ਸੁੱਖ ਸ਼ਾਂਤੀ ਤੇ ਭਾਈਚਾਰਾ ਬਣਾ ਕੇ ਰੱਖਣ ਲਈ ਅਰਦਾਸ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਮਾਂ ਦੁਰਗਾ ਜਿਵੇਂ ਇੱਥੇ ਨਤਮਸਤਕ ਹੋਣ ਆਏ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ। ਉਸੇ ਤਰਾਂ ਹੀ ਮਾਂ ਦੁਰਗਾ ਕੋਰੋਨਾ ਦੇ ਕਹਿਰ ਤੋਂ ਵੀ ਲੋਕਾਈ ਨੂੰ ਬਚਾ ਲਵੇਗੀ। ਵਰਨਣਯੋਗ ਹੈ ਕਿ ਸਾਲ ਵਿੱਚ ਦੋ ਵਾਰ ਸੱਤਿਉ ਯਾਨੀ ਸਪਤਮੀ ਦੇ ਦਿਨ ਇਸ ਮੰਦਿਰ ਤੇ ਮੇਲਾ ਭਰਦਾ ਹੈ। ਸਦੀਆਂ ਤੋਂ ਹਜ਼ਾਰਾ ਦੀ ਗਿਣਤੀ ਚ, ਸ਼ਰਧਾਲੂ ਇੱਥੇ ਹਰ ਅੜਿੱਕੇ ਦੋ ਬਾਵਜੂਦ ਵੀ ਪਹੁੰਚਦੇ ਰਹੇ ਹਨ। ਅੱਤਵਾਦ ਦੇ ਸਮੇਂ ਦੌਰਾਨ ਵੀ ਇਹ ਮੇਲਾ ਭਰਦਾ ਰਿਹਾ ਹੈ। ਮੰਦਿਰ ਚ, ਸ਼ਰਧਾ ਰੱਖਣ ਵਾਲਿਆਂ ਵਿੱਚ, ਹਿੰਦੂ, ਮੁਸਲਿਮ, ਸਿੱਖ, ਇਸਾਈ ਤੇ ਹਰ ਜਾਤੀ ਦੇ ਲੋਕ ਪਹੁੰਚਦੇ ਹਨ। ਇਸ ਮੌਕੇ ਤੇ ਮੰਦਿਰ ਦੇ ਸੇਵਾਦਾਰ ਸਰਪੰਚ ਹਰਦੇਵ ਸਿੰਘ ਕਾਲਾ, ਜਗਦੇਵ ਸਿੰਘ ਜੱਗੀ, ਜਸਦੇਵ ਨੀਟੂ ਸ਼ਰਮਾ ਤੇ ਪੰਡਿਤ ਲਾਲ ਜੀ ਵੀ ਹਾਜ਼ਿਰ ਰਹੇ।