ਪੜ੍ਹੋ ਕੀ ਕੁਝ ਬੰਦ ਤੇ ਕੀ ਰਹੂਗਾ ਖੁੱਲ੍ਹਾ
ਏ.ਐਸ. ਅਰਸ਼ੀ ,ਚੰਡੀਗੜ੍ਹ 2 ਮਈ, 2021
ਜਿਉਂ ਜਿਉਂ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਤਿਉਂ ਤਿਉਂ ਸਰਕਾਰ ਦੁਆਰਾ ਪਾਬੰਦੀਆਂ ਵੀ ਹੋਰ ਕਰੜੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਨੇ ਐਤਵਾਰ ਨੂੂੰ ਇਕ ਅਹਿਮ ਫ਼ੈਸਲਾ ਲੈਂਦਿਆਂ ਰਾਜ ਅੰਦਰ ਕੋਰੋਨਾ ਦੇ ਵਧਦੇ ਹੋਏ ਕੇਸਾਂ ਦੇ ਮੱਦੇਨਜ਼ਰ ਪਹਿਲਾਂ ਜਾਰੀ ਪਾਬੰਦੀਆਂ ਵਿੱਚ ਹੋਰ ਵਾਧਾ ਕਰਨ ਅਤੇ ਉਨ੍ਹਾਂ ਨੂੰ ਹੋਰ ਸਖ਼ਤ ਕਰਨ ਦਾ ਐਲਾਨ ਕਰ ਦਿੱਤਾ ਹੈ।
ਰਾਜ ਅੰਦਰ ਦਾਖ਼ਲੇ ਲਈ ਹੁਣ 72 ਘੰਟੇ ਪੁਰਾਣੀ ਕੋਵਿਡ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੋਵੇਗੀ ਜਾਂ ਫ਼ਿਰ ਦੋ ਹਫ਼ਤੇ ਪੁਰਾਣਾ ਟੀਕਾਕਰਣ ਸਰਟੀਫੀਕੇਟ ਹੋਣਾ ਲਾਜ਼ਮੀ ਸ਼ਰਤ ਹੋਵੇਗੀ।
ਜ਼ਰੂਰੀ ਸੇਵਾ ਨਾਲ ਸੰਬੰਧਤ ਦੁਕਾਨਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ 15 ਮਈ ਤਕ ਬੰਦ ਰਹਿਣਗੀਆਂ
ਸਰਕਾਰੀ ਦਫ਼ਤਰਾਂ ਅਤੇ ਬੈਂਕਾਂ ਵਿੱਚ 50 ਪ੍ਰਤੀਸ਼ਤ ਹਾਜ਼ਰੀ ਨਾਲ ਕੰਮ ਚਲਾਇਆ ਜਾਵੇਗਾ ਕੇਵਲ ਉਨ੍ਹਾਂ ਦਫ਼ਤਰਾਂ ਨੂੰ ਛੱਡ ਕੇ ਜਿੱਥੇ ਕੋਵਿਡ ਪ੍ਰਬੰਧਨ ਚੱਲ ਰਿਹਾ ਹੋਵੇ।
ਕਾਰਾਂ ਅਤੇ ਟੈਕਸੀਆਂ ਸਣੇ ਸਾਰੇ ਚਾਰ ਪਹੀਆ ਵਾਹਨ ਦੋ ਸਵਾਰੀਆਂ ਲੈ ਕੇ ਹੀ ਚਲਾਏ ਜਾ ਸਕਣਗੇ, ਇਸ ਤੋਂ ਜ਼ਿਆਦਾ ਨਹੀਂ। ਇਸ ਮਾਮਲੇ ਵਿੱਚ ਮਰੀਜ਼ਾਂ ਨੂੰ ਹਸਪਤਾਲ ਲਿਜਾਣ ਵਾਲੇ ਵਾਹਨਾਂ ਨੂੰ ਹੀ ਛੋਟ ਦਿੱਤੀ ਗਈ ਹੈ।
ਮੋਟਰ ਸਾਈਕਲਾਂ ਅਤੇ ਸਕੂਟਰਾਂ ’ਤੇ ਵੀ ਇਕ ਪਰਿਵਾਰ ਨਾਲ ਸੰਬੰਧਤ ਦੂਜਾ ਵਿਅਕਤੀ ਜਾਂ ਫ਼ਿਰ ਇਕ ਘਰ ਵਿੱਚ ਰਹਿੰਦਾ ਦੂਜਾ ਵਿਅਕਤੀ ਤਾਂ ਬਿਠਾਇਆ ਜਾ ਸਕੇਗਾ ਪਰ ਉਂਜ ਇਕ ਹੀ ਸਵਾਰ ਨੂੰ ਜਾਣ ਦਿੱਤਾ ਜਾਵੇਗਾ, ਦੂਜੀ ਸਵਾਰੀ ਨਹੀਂ ਬਿਠਾਈ ਜਾ ਸਕੇਗੀ।
ਵਿਆਹਾਂ, ਅੰਤਿਮ ਸਸਕਾਰ ਆਦਿ ’ਤੇ ਵੀ 10 ਤੋਂ ਵੱਧ ਵਿਅਕਤੀਆਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਰਾਜ ਵਿੱਚ ਨਾਈਟ ਕਰਫ਼ਿਊ ਪਹਿਲਾਂ ਵਾਂਗ ਹੀ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤਕ ਲਾਗੂ ਰਹੇਗਾ ਅਤੇ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ‘ਵੀਕੈਂਡ ਲਾਕਡਾਊਨ’ ਰਹੇਗਾ।
ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਕਸ ਬੰਦ ਰਹਿਣਗੇ।
ਰੈਸਟੋਰੈਂਟਸ, ਕੈਫ਼ੇ, ਕਾਫ਼ੀ ਸ਼ਾਪਸ, ਢਾਬੇ ਅਤੇ ਫ਼ਾਸਟਫ਼ੂਡ ਆਊਟਲੈਟਸ ਕੇਵਲ ਹੋਮ ਡਲਿਵਰੀ ਲਈ ਰਾਤ 9 ਵਜੇ ਤਕ ਕੰਮ ਕਰ ਸਕਣਗੇ।