ਮੋਦੀ ਹਕੂਮਤ ਦੇ ਲੋਕ ਮਾਰੂ ਹੱਲੇ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਪਰਦੀਪ ਕਸਬਾ , ਬਰਨਾਲਾ 2 ਮਈ 2021
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਤਿੰਨ ਖੇਤੀ ਕਾਨੂੰਨ,ਬਿਜਲੀ ਸੋਧ ਬਿਲ-2020 ਰੱਦ ਕਰਾਉਣ ਲਈ 214 ਤੋਂ ਲਗਤਾਰ ਚੱਲ ਰਿਹਾ ਕਿਸਾਨ/ਲੋਕ ਸੰਘਰਸ਼ ਬਾਦਸਤੂਰ ਜਾਰੀ ਰਿਹਾ। ਟਿਕਰੀ,ਸਿੰਘੂ ਅਤੇ ਗਾਜੀਪੁਰ ਬਾਰਡਰਾਂ ਤੇ ਪੱਛਮੀ ਬੰਗਾਲ ਤੋਂ ਸ਼ਹੀਦਾਂ ਸ਼ਹੀਦਾਂ ਦੀ ਮਿੱਟੀ ਲੈਕੇ ਪੁੱਜੀ ਅਤੇ ਸੰਘਰਸ਼ ਦਾ ਹਿੱਸਾ ਰਹੀ ਬਣੀ ਬੰਗਾਲ ਦੀ ਨੌਜਵਾਨ ਧੀ ਮਮਤਾ ਬਾਸੂ ਦੇ ਬੇਵਕਤੀ ਵਿਛੋੜੇ ਉੱਪਰ ਚਿੰਤਾ ਦਾ ਇਜਹਾਰ ਕੀਤਾ ਗਿਆ।ਦੋ ੰਿਮੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਅਹਿਦ ਕੀਤਾ ਕਿ ਮੋਰਚੇ ਵਿੱਚ ਸ਼ਹੀਦਾਂ ਦੀ ਕਤਾਰ ਵਿੱਚ ਕਿਸਾਨ ਅੋਰਤਾਂ ਵੀ ਸ਼ਾਮਿਲ ਹੋ ਗਈਆਂ ਹਨ। ਇਹ ਕੁਰਬਾਨੀਆਂ ਅਜਾਈਂ ਨਹੀਂ ਜਾਣਗੀਆਂ।ਹਰ ਕੁਰਬਾਨੀ ਦੇਕੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।ਅੱਜ ਸਟੇਜ ਤੋਂ ਬੁਲਾਰੇ ਆਗੂਆਂ ਕਰਨੈਲ ਸਿੰਘ ਗਾਂਧੀ,ਬਲਵੀਰ ਕੌਰ ਕਰਮਗੜ੍ਹ, ਬਾਬੂ ਸਿੰਘ ਖੁੱਡੀਕਲਾਂ,ਪਰਮਜੀਤ ਕੌਰ ਠੀਕਰੀਵਾਲ, ਗੁਰਨਾਮ ਸਿੰਘ ਠੀਕਰੀਵਾਲ, ਗੁਰਚਰਨ ਸਿੰਘ ਸਰਪੰਚ, ਹਰਚਰਨ ਸਿੰਘ ਚੰਨਾ,ਮਨਜੀਤ ਕੌਰ ਖੁੱਡੀਕਲਾਂ, ਚਰਨਜੀਤ ਕੌਰ,ਮਨਜੀਤ ਰਾਜ,ਮੇਲਾ ਸਿੰਘ ਕੱਟੂ,ਗੁਰਵਿੰਦਰ ਸਿੰਘ ਅਤੇ ਨਰਾਇਣ ਦੱਤ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਜਿੰਨੇ ਕਿਸਾਨਾਂ (ਖੇਤੀ ਖੇਤਰ) ਲਈ ਮਾਰੂ ਹਨ, ਉਨੇ ਹੀ ਇਹ ਰੋਜ਼ ਕਮਾ ਕੇ ਖਾਣ ਵਾਲੇ ਮਜ਼ਦੂਰਾਂ ਦੇ ਵੀ ਵਿਰੋਧੀ ਹਨ। ਇਨ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦੀ ਮਾਲਕੀ ਵਾਲੀਆਂ ਮੰਡੀਆਂ ਪੈਦਾ ਹੋਣਗੀਆਂ ਜਿਨ੍ਹਾਂ ਵਿੱਚ ਮਸ਼ੀਨਾਂ ਦੀ ਭਰਮਾਰ ਹੋਵੇਗੀ ਅਤੇ ਰੁਜ਼ਗਾਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਹਜ਼ਾਰਾਂ ਦੀ ਗਿਣਤੀ ਵਿੱਚ ਆੜਤੀਆਂ,ਰੇਹ,ਤੇਲ,ਬੀਜ ਵਾਲੀਆਂ ਦੁਕਾਨਾਂ ਸਮੇਤ ਲੱਖਾਂ ਦੀ ਗਿਣਤੀ ਵਿੱਚ ਮਜ਼ਦੂਰ ਦਿਹਾੜੀਦਾਰ, ਪੱਲੇਦਾਰ, ਰੇਹੜੀਆਂ ਫੜ੍ਹੀਆਂ ਵਾਲੇ ਅਤੇ ਚਾਹਾਂ ਦੇ ਖੋਖਿਆਂ ਵਾਲਿਆਂ ਹੱਥੋਂ ਰੁਜ਼ਗਾਰ ਖੋਹਿਆ ਜਾਵੇਗਾ। ਆੜ੍ਹਤੀਆਂ ਦੇ ਨਾਲ ਮੁਨੀਮੀ ਕਰਦੇ ਸੈਂਕੜੇ ਨੌਜਵਾਨ ਵਿਹਲੇ ਹੋ ਜਾਣਗੇ। ਆਧੁਨਿਕ ਮਸ਼ੀਨਾਂ ਮਜ਼ਦੂਰਾਂ ਦਾ ਰੁਜ਼ਗਾਰ ਖੋਹ ਲੈਣਗੀਆਂ। ਵੱਡੇ ਪੱਧਰ ’ਤੇ ਘਰੇਲੂ ਉਦਯੋਗ ਤਬਾਹ ਹੋ ਜਾਣਗੇ। ਖੇਤੀ ਸੁਧਾਰ ਦੇ ਨਾਮ ’ਤੇ ਪਾਸ ਕਾਨੂੰਨ ਅਨਾਜ ਭੰਡਾਰ ਕਰਨ ਦੀ ਖੁੱਲ੍ਹ ਦਿੰਦੇ ਹਨ ਜੋ ਕਿ ਛੋਟੀ ਕਿਸਾਨੀ ਜਾਂ ਮਜ਼ਦੂਰਾਂ ਲਈ ਬਹੁਤ ਵੱਡੀ ਚੁਣੌਤੀ ਹੈ। ਇਸ ਨਾਲ ਸਿੱਧੇ ਰੂਪ ਵਿੱਚ ਅਨਾਜ ਭੰਡਾਰਾਂ ਉੱਪਰ ਮੁਨਾਫਾਖੋਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ। ਕਾਰਪੋਰੇਟ ਘਰਾਣੇ ਸਸਤੀਆਂ ਕੀਮਤਾਂ ’ਤੇ ਖਰੀਦੇ ਅਨਾਜ ਨੂੰ ਮਨਭਾਉਂਦੇ ਦੁਗਣੇ-ਚੌਗਣੇ ਰੇਟਾਂ ਉੱਪਰ ਵੇਚਣਗੇ।ਮੱਧ ਵਰਗੀ ਲੋਕਾਂ ਖਾਸ ਕਰ ਮਜ਼ਦੂਰਾਂ ਲਈ ਇਨ੍ਹਾਂ ਹਾਲਾਤ ਵਿੱਚ ਖਾਣ ਜੋਗਾ ਅਨਾਜ ਪ੍ਰਾਪਤ ਕਰਨਾ ਵੀ ਬਹੁਤ ਵੱਡੀ ਗੱਲ ਹੋ ਜਾਵੇਗੀ।ਇਸ ਲਈ ਅਜੋਕੇ ਦੌਰ’ਚ ਸਾਂਝ ਦਾ ਘੇਰਾ ਕਿਸਾਨਾਂ ਤੋਂ ਅਗਾਂਹ ਤੋਰਨਾ ਸਮੇਂ ਦੀ ਬਹੁਤ ਵੱਡੀ ਅਣਸਰਦੀ ਲੋੜ ਹੈ। ਇਸੇ ਨੂੰ ਮੁਖਾਤਿਬ ਹੁੰਦਿਆਂ ਹੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੁਚੇਤ ਪਹਿਲਕਦਮੀ ਕਰਕੇ ਪਹਿਲੀ ਮਈ ਦਾ ਕੌਮਾਂਤਰੀ ਮਜਦੂਰ ਦਿਵਸ ਦਿੱਲੀ ਦੇ ਬਾਰਡਰਾਂ ਸਮੇਤ ਪੰਜਾਬ ਅੰਦਰ ਚੱਲਦੇ ਅਨੇਕਾਂ ਥਾਵਾਂ ਤੇ ਸੰਘਰਸ਼ੀ ਪਿੜਾਂ ਅੰਦਰ ਵਿਸ਼ਾਲ ਪੱਧਰ ਤੇ ਮਨਾਉਣ ਦਾ ਸੁਚੇਤ ਫੈਸਲਾ ਕੀਤਾ ਸੀ, ਤਾਂ ਜੋ ਕਿਸਾਨ-ਮਜਦੂਰ ਤਾਕਤ ਨੂੰ ਜਰਬ੍ਹਾਂ ਦੇਕੇ ਮੋਦੀ ਹਕੂਮਤ ਦੇ ਕਿਸਾਨ/ਲੋਕ ਮਾਰੂ ਹੱਲੇ ਦਾ ਜਵਾਬ ਵਿਸ਼ਾਲ ਜਥੇਬੰਦਕ ਏਕੇ ਨਾਲ ਦਿੱਤਾ ਜਾ ਸਕੇ।ਆਗੂਆਂ ਨੇ ਵੱਡੀ ਪੱਧਰ ਤੇ ਪਿੰਡਾਂ ਅੰਦਰ ਮਜਬੂਤ ਹੋ ਰਹੀ ਕਿਸਾਨ-ਮਜਦੂਰ ਏਕੇ ਦੀ ਜੋਰਦਾਰ ਸਰਾਹਨਾ ਕਰਦਿਆਂ ਇਸ ਜਮਾਤੀ ਸਾਂਝ ਨੂੰ ਹੋਰ ਪੀਡੀ ਕਰਨ ਦਾ ਸੱਦਾ ਦਿੱਤਾ।ਪਾਠਕ ਭਰਾਵਾਂ ਦੇ ਕਵੀਸ਼ਰੀ ਜਥੇ, ਬਹਾਦਰ ਸਿੰਘ ਧਨੌਲਾ, ਰੁਲਦੂ ਸਿੰਘ ਸ਼ੇਰੋਂ, ਜੀਤ ਕੌਰ ਨੇ ਗੀਤ/ਕਵੀਸ਼ਰੀਆਂ ਪੇਸ਼ ਕੀਤੇ।ਲੰਗਰ ਦੀ ਸੇਵਾ ਸ਼ੇਰ ਸਿੰਘ ਭੱਠਲ ਬਾਜਵਾ ਪੱਤੀ ਬਰਨਾਲਾ ਵੱਲੋਂ ਨਿਭਾਈ ਗਈ।