ਹਰਿੰਦਰ ਨਿੱਕਾ , ਬਰਨਾਲਾ 2 ਮਈ 2021
ਸਿਵਲ ਹਸਪਤਾਲ ਜਿੱਥੇ ਮੌਤ ਦੇ ਮੂੰਹ ਵੱਲ ਜਾਣ ਤੋਂ ਰੋਕਣ ਲਈ ਮਰੀਜਾਂ ਨੂੰ ਲਿਆਂਦਾ ਜਾਂਦਾ ਹੈ, ਉਸੇ ਹੀ ਸਿਵਲ ਹਸਪਤਾਲ ਦੇ ਬਾਥਰੂਮ ਵਿੱਚ ਅੱਜ ਸਵੇਰੇ ਕਰੀਬ 11 ਵਜੇ ਇੱਕ ਨਸ਼ੇੜੀ ਨੌਜਵਾਨ ਨਸ਼ੇ ਦੀ ਉਵਰਡੋਜ਼ ਨਾਲ ਮੌਤ ਦੇ ਮੂੰਹ ਵਿੱਚ ਚਲਾ ਗਿਆ। ਜਦੋਂ ਇਸ ਘਟਨਾ ਬਾਰੇ ਹਸਪਤਾਲ ਦੇ ਸਟਾਫ ਨੂੰ ਪਤਾ ਲੱਗਿਆ ਤਾਂ ਭਰ ਜੁਆਨ ਨੌਜਵਾਨ ਨੂੰ ਕਈ ਜਣਿਆਂ ਨੇ ਬਾਥਰੂਮ ‘ਚੋਂ ਚੁੱਕਿਆ ਅਤੇ ਡਾਕਟਰਾਂ ਵੱਲੋਂ ਮੌਤ ਦੀ ਪੁਸ਼ਟੀ ਕਰਨ ਤੋਂ ਬਾਅਦ ਮੌਰਚਰੀ ਤੱਕ ਪਹੁੰਚਾਇਆ। ਮ੍ਰਿਤਕ ਦੀ ਪਹਿਚਾਣ ਗੁਰਜੀਤ ਸਿੰਘ ਪੁੱਤਰ ਚੰਣਨ ਸਿੰਘ ਨਿਵਾਸੀ ਪਿੰਡ ਸੁਖਪੁਰਾ ਮੌੜ ਦੇ ਤੌਰ ਤੇ ਹੋਈ । ਘਟਨਾ ਬਾਰੇ ਜਾਣਕਾਰੀ ਦਿੰਦਿਆਂ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਚਾਚਾ ਗੁਰਜੀਤ ਸਿੰਘ ਨਸ਼ੇ ਦਾ ਆਦੀ ਸੀ। ਅਕਸਰ ਹਰ ਦਿਨ ਹੀ ਉਹ ਬਰਨਾਲਾ ਆਉਂਦਾ ਅਤੇ ਸੈਂਸੀ ਬਸਤੀ ਵਿੱਚੋਂ ਨਸ਼ੀ ਦੀ ਡੋਜ਼ ਲੈ ਕੇ ਲੜਖੜਾਉਂਦਾ ਹੋਇਆ ਘਰ ਪਹੁੰਚਦਾ। ਉਨਾਂ ਕਿਹਾ ਕਿ ਅੱਜ ਵੀ ਸਵੇਰੇ ਉਹ, ਪਿੰਡੋਂ ਬਰਨਾਲਾ ਆਇਆ ,ਪਰੰਤੂ ਕਰੀਬ 11 ਵਜੇ ਉਨਾਂ ਨੂੰ ਉਸ ਦੀ ਮੌਤ ਦੀ ਸੂਚਨਾ ਮਿਲੀ। ਰਮਨਪ੍ਰੀਤ ਨੇ ਕਿਹਾ ਕਿ ਹਸਪਤਾਲ ਦੇ ਸਟਾਫ ਦੇ ਦੱਸਣ ਅਨੁਸਾਰ ਗੁਰਜੀਤ ਸਿੰਘ ਉਮਰ ਕਰੀਬ 35 ਸਾਲ,ਉਨ੍ਹਾਂ ਨੂੰ ਹਸਪਤਾਲ ਦੇ ਬਾਥਰੂਮ ਵਿੱਚ ਟੁਆਇਲਟ ਸੀਟ ਤੇ ਬੈਠਾ ਮਿਲਿਆ ਸੀ । ਹਸਪਤਾਲ ਦੇ ਸਟਾਫ ਨੂੰ ਉਦੋਂ ਪਤਾ ਲੱਗਿਆ ਸੀ , ਜਦੋਂ ਟੁਆਇਲਟ ਅੰਦਰ ਵੜ੍ਹਨ ਦੇ ਕਾਫੀ ਸਮਾਂ ਬਾਅਦ ਤੱਕ ਉਹ ਬਾਹਰ ਨਾ ਨਿਕਲਿਆ। ਜਦੋਂ ਹਸਪਤਾਲ ਦੇ ਸਟਾਫ ਨੇ ਜਾ ਕੇ ਵੇਖਿਆ ਤਾਂ ਉਹਦੇ ਸਰਿੰਜ ਲੱਗੀ ਹੋਈ ਸੀ। ਪਹਿਲੀ ਨਜ਼ਰੇ, ਉਸ ਦੀ ਹਾਲਤ ਲਾਸ਼ ਵਾਂਗ ਹੀ ਦਿਖਦੀ। ਆਖਿਰ ਡਾਕਟਰਾਂ ਨੇ, ਉਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮਾਮਲੇ ਦੀ ਪੜਤਾਲ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।