ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ
31 ਮਈ ਤੱਕ ਜਾਰੀ ਰਹੇਗਾ ਬਦਲਿਆ ਸਮਾਂ
ਬਿੱਟੂ ਜਲਾਲਾਬਾਦੀ ਫਿਰੋਜ਼ਪੁਰ, 01 ਮਈ: 2021
ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ ਨੇ ਦੱਸਿਆ ਹੈ ਕਿ ਸੇਵਾ ਕੇਂਦਰਾਂ ਦਾ ਸਮਾਂ ਹੁਣ ਬਦਲਕੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਪ੍ਰਾਪਤ ਹੋਏ ਪੱਤਰ ਮੁਤਾਬਕ ਪੰਜਾਬ ਵਿੱਚ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਜਨਤਕ ਸਥਾਨਾਂ ‘ਤੇ ਭੀੜ ਘੱਟ ਰੱਖਣ ਦੇ ਮਕਸਦ ਨਾਲ ਮਿਤੀ 31 ਮਈ 2021 ਤੱਕ ਸੇਵਾ ਕੇਂਦਰਾਂ ਦੇ ਸਮੇਂ ‘ਚ ਤਬਦੀਲੀ ਕੀਤੀ ਗਈ ਹੈ।ਉਨ੍ਹਾ ਦੱਸਿਆ ਕਿ ਆਮ ਲੋਕ ਸੇਵਾ ਕੇਂਦਰ ‘ਚ ਆਉਣ ਤੋਂ ਪਹਿਲਾਂ ਅਗਾਊ ਮੁਲਾਕਾਤ ਦਾ ਸਮਾਂ ਐਮ-ਸੇਵਾ ( MSewa) ਐਪ, ਕੋਵਾ (COVA) ਐਪ, ਵੈਬਸਾਇਟ dgrpg.punjab.gov.in/sewa-kendras/ ਜਾਂ 89685-93812 / 89685-93813 ਡਾਇਲ ਕਰਕੇ ਜ਼ਰੂਰ ਲੈਣ। ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਸਮਾਂ ਲੈਕੇ ਆਉਣ ਵਾਲਿਆਂ ਦੀ ਅਰਜ਼ੀ ਨੂੰ ਹੀ ਵਿਚਾਰਿਆਂ ਜਾਵੇਗਾ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ‘ਚ ਜਮਾ ਕੀਤੀ ਜਾਣ ਵਾਲੀ ਫੀਸ ਦੀ ਅਦਾਇਗੀ ਵੀ ਵੱਧ ਤੋਂ ਵੱਧ ਡਿਜੀਟਲ ਮਾਧਿਅਮ ਰਾਹੀਂ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ।ਸੇਵਾ ਕੇਂਦਰਾਂ ਦੇ ਸਮੁੱਚੇ ਸਟਾਫ ਲਈ ਵੈਕਸੀਨੇਸ਼ਨ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ ਹੈ। ਵੈਕਸੀਨੇਸ਼ਨ ਸਰਟੀਫਿਕੇਟ ਤੋਂ ਬਿਨ੍ਹਾਂ ਕਿਸੇ ਵੀ ਸਟਾਫ ਮੈਂਬਰ ਨੂੰ ਸੇਵਾ ਕੇਂਦਰਾਂ ਅੰਦਰ ਕੰਮ ਕਰਨ ਦੀ ਆਗਿਆ ਨਹੀਂ ਹੋਵੇਗੀ।ਸੇਵਾ ਕੇਂਦਰਾਂ ਅੰਦਰ ਆਉਣ ਤੋਂ ਪਹਿਲਾਂ ਸਟਾਫ ਅਤੇ ਨਾਗਰਿਕਾਂ ਲਈ ਮਾਸਕ ਪਾਉਣਾ ਅਤਿ ਲਾਜ਼ਮੀ ਹੈ। ਨਾਗਰਿਕ ਆਪਣੇ ਫੋਨ ਤੇ ਕੋਵਾ ਐਪ ਅਤੇ ਆਰੋਗਿਆ ਸੇਤੂ ਐਪ ਪਾ ਕੇ ਰੱਖਣ। ਜਿਲ੍ਹਾ ਮੈਨੇਜਰ ਵੱਲੋਂ ਸੇਵਾ ਕੇਂਦਰਾਂ ਵਿੱਚ ਕੋਵਿਡ ਪ੍ਰੋਟੋਕੋਲ ਦਾ ਧਿਆਨ ਰੱਖਿਆ ਜਾਵੇਗਾ।
ਸੇਵਾ ਕੇਂਦਰਾਂ ਦੇ ਅੰਦਰ ਬਣੇ ਕਾਉਂਟਰਾਂ ਦੀ ਗਿਣਤੀ ਅਨੁਸਾਰ ਓਨੇ ਹੀ ਪ੍ਰਾਰਥੀ ਜਾ ਸਕਣਗੇ। ਬਾਕੀ ਪ੍ਰਾਰਥੀਆਂ ਨੂੰ ਸੇਵਾ ਕੇਂਦਰ ਦੇ ਬਾਹਰ ਉਡੀਕ ਕਰਨੀ ਹੋਵੇਗੀ। ਦਸਤਾਵੇਜ਼ ਹਾਸਲ ਕਰਨ ਲਈ ਪ੍ਰਾਰਥੀ ਨੂੰ ਕੋਰੀਅਰ/ਡਾਕ ਸਰਵਿਸ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਕੋਰੀਅਰ/ ਡਾਕ ਦੀ ਸਰਵਿਸ ਜਰੂਰੀ ਨਹੀਂ ਹੈ ਪਰ ਜੇ ਨਾਗਰਿਕ ਸੇਵਾ ਕੇਂਦਰ ਨਹੀ ਆਉਣਾ ਚਾਹੁੰਦਾ ਤਾਂ ਡਾਕ ਰਾਹੀਂ ਘਰ ਮੰਗਵਾ ਸਕਦਾ ਹੈ। ਡਾਕ ਸੇਵਾ ਦੀ ਰਸੀਦ ਵੱਖਰੀ ਦਿੱਤੀ ਜਾਂਦੀ ਹੈ।
ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਪੰਜਾਬ ਸਰਕਾਰ ਦੇ ਨੰਬਰ 1905 ਤੇ ਕਾਲ ਕੀਤੀ ਜਾ ਸਕਦੀ ਹੈ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਕੋਵਿਡ-19 ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ, ਉਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ‘ਤੇ ਕਾਬੂ ਸਾਰਿਆਂ ਦੇ ਸਹਿਯੋਗ ਨਾਲ ਹੀ ਪਾਇਆ ਜਾ ਸਕਦਾ ਹੈ।