ਨਜ਼ਦੀਕੀ ਪਿੰਡ ਮਾਣਕੀ ਅਤੇ ਖ਼ੁਰਦ ਦੇ ਵਿਚਕਾਰ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ
ਪ੍ਰਦੀਪ ਕਸਬਾ , ਸੰਦੌੜ ,ਸੰਗਰੂਰ , 1 ਮਈ 2021
ਨਜ਼ਦੀਕੀ ਪਿੰਡ ਮਾਣਕੀ ਅਤੇ ਖ਼ੁਰਦ ਦੇ ਵਿਚਕਾਰ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਕਾਰ ਸਵਾਰ ਵਿਅਕਤੀ ਵੀ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਹਾਦਸੇ ਵਿਚ ਮਾਰੇ ਗਏ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਹਰਦੀਪ ਸਿੰਘ (ਉਮਰ 22 ਸਾਲ) ਪੁੱਤਰ ਬਲਬੀਰ ਸਿੰਘ ਅਤੇ ਰਾਜਿੰਦਰ ਸਿੰਘ (ਉਮਰ 23 ਸਾਲ) ਪੁੱਤਰ ਰਣਧੀਰ ਸਿੰਘ ਦੋਵੇਂ ਵਾਸੀ ਕਸਬਾ ਭੁਰਾਲ ਵਜੋਂ ਹੋਈ ਹੈ | ਮ੍ਰਿਤਕ ਦੋਵੇਂ ਨੌਜਵਾਨ ਇਕ ਫ਼ੈਕਟਰੀ ਵਿਚ ਕੰਮ ਕਰ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸਨ ਤਾਂ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ ।
ਜ਼ਿਕਰਯੋਗ ਹੈ ਕਿ ਹਾਦਸੇ ਵਿੱਚ ਮਰਨ ਵਾਲੇ ਨੌਜਵਾਨ ਗ਼ਰੀਬ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ । ਨੌਜਵਾਨਾਂ ਦੀ ਮੌਤ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ । ਮ੍ਰਿਤਕ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਪਰਿਵਾਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ, ਜਿਸ ਦੀ ਮੌਤ ਤੋਂ ਬਾਅਦ ਘਰ ਵਿੱਚ ਕਮਾਉਣ ਵਾਲਾ ਇੱਕ ਵੀ ਜੀਅ ਨਹੀਂ ਬਚਿਆ । ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਿੱਚ ਉਸ ਦੀ ਇੱਕ ਭੈਣ ਅਤੇ ਮਾਂ ਬਚੀਆਂ ਹਨ । ਪਿੰਡ ਦੇ ਸਰਪੰਚ ਅਤੇ ਮੋਹਤਵਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਾਦਸੇ ਵਿੱਚ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੀ ਮਾਲੀ ਮੱਦਦ ਕੀਤੀ ਜਾਵੇ । ਤਾਂ ਜੋ ਮ੍ਰਿਤਕ ਨੌਜਵਾਨ ਦੀ ਮੌਤ ਤੋਂ ਬਾਅਦ ਬਚੇ ਪਰਿਵਾਰ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ ।