ਕੈਂਪ ਦੌਰਾਨ ਬਿਨਾਂ ਮਾਸਕ ਪਹਿਨੇ ਘੁੰਮਣ ਵਾਲੇ ਵਿਅਕਤੀਆਂ ਨੂੰ ਮਾਸਕ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
ਹਰਪ੍ਰੀਤ ਕੌਰ, ਸੰਗਰੂਰ 24 ਅਪ੍ਰੈਲ 2021
ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐੱਚ.ਸੀ ਕੌਹਰੀਆਂ ਡਾ. ਤੇਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੱਸ ਸਟੈਂਡ ਛਾਜਲੀ ਨੇੜੇ ਕੋਵਿਡ-19 ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਹ ਜਾਣਕਾਰੀ ਮੈਡੀਕਲ ਅਫ਼ਸਰ ਮਿੰਨੀ ਪੀ.ਐੱਚ.ਸੀ. ਛਾਜਲੀ ਡਾ. ਸਨਮਿਤ ਜਿੰਦਲ ਨੇ ਦਿੱਤੀ।
ਡਾ. ਸਨਮਿਤ ਜਿੰਦਲ ਨੇ ਦੱਸਿਆ ਕਿ ਥਾਣਾ ਛਾਜਲੀ ਦੇ ਸਹਿਯੋਗ ਨਾਲ ਲਗਾਏ ਇਸ ਵਿਸ਼ੇਸ਼ ਕੈਂਪ ਦੌਰਾਨ ਬਿਨਾਂ ਮਾਸਕ ਪਹਿਨੇ ਘੁੰਮਣ ਵਾਲੇ ਵਿਅਕਤੀਆਂ ਨੂੰ ਮਾਸਕ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ ਅਤੇ ਕੋਵਿਡ-19 ਦੀ ਜਾਂਚ ਲਈ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਕਰੀਬ 150 ਵਿਅਕਤੀਆਂ ਦੇ ਸੈਂਪਲ ਲਏ ਗਏ। ਉਨ੍ਹਾ ਕਿਹਾ ਕਿ ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਜਾਂਚ ਕਰਵਾਉਣਾ ਜ਼ਰੂਰੀ ਹੈ ਅਤੇ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾ ਦੱਸਿਆ ਕਿ ਬੀਮਾਰੀ ਦੀ ਜਲਦੀ ਪਛਾਣ ਹੋਣ ’ਤੇ ਇਲਾਜ਼ ਸੌਖਾ ਹੋ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਕੋਰੋਨਾਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਘਰ ਤੋਂ ਬਾਹਰ ਨਿਕਲਣ ਮੌਕੇ ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਿਆ ਜਾਵੇ, ਉਚਿੱਤ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਜਾਂ ਸੈਨੇਟਾਇਜ਼ਰ ਨਾਲ ਸਾਫ਼ ਕੀਤਾ ਜਾਵੇ। ਇਸ ਮੌਕੇ ਥਾਣਾ ਮੁਖੀ ਗਗਨਦੀਪ ਸਿੰਘ, ਸਟਾਫ਼ ਨਰਸ ਰਾਜਿੰਦਰ ਕੌਰ, ਸੀ.ਐੱਚ.ਓ. ਭੁਪਿੰਦਰ ਕੌਰ ਹਾਜ਼ਰ ਸਨ।