ਯੂਥ ਵੀਰਾਂਗਣਾਂਏਂ ਸੰਸਥਾ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕਾਰਜ ਸ਼ਲਾਘਾਯੋਗ : ਬੌਬੀ
ਅਸ਼ੋਕ ਵਰਮਾ, ਬਠਿੰਡਾ, 22 ਅਪ੍ਰੈਲ 2021
ਯੂਥ ਵੀਰਾਂਗਣਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਅੱਜ ਵਿਸ਼ਵ ਧਰਤੀ ਦਿਵਸ ਮੌਕੇ ਸੰਖੇਪ ਪ੍ਰੋਗਰਾਮ ਕਰਵਾਕੇ ਵਾਤਾਵਰਣ ਨੂੰ ਬਚਾਉਣ ਦਾ ਵੱਡਾ ਹੋਕਾ ਦਿੱਤਾ। ਇਸ ਮੌਕੇ ਕਰਵਾਏ ਪ੍ਰੋਗਰਾਮ ਦੌਰਾਨ ਵਾਰਡ ਨੰ. 26 ਦੇ ਕੌਂਸਲਰ ਸੰਦੀਪ ਕੁਮਾਰ ਬੌਬੀ ਵੱਲੋਂ ਧਰਤੀ ਨੂੰ ਬਚਾਉਣ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਏ ਗਏ।
ਇਸ ਮੌਕੇ ਯੂਥ ਵੀਰਾਂਗਣਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਬੌਬੀ ਨੇ ਕਿਹਾ ਕਿ ਯੂਥ ਵੀਰਾਂਗਣਾਂ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜ ਸ਼ਲਾਘਾਯੋਗ ਹਨ। ਅੱਜ ਜੋ ਵਿਸ਼ਵ ਧਰਤੀ ਦਿਵਸ ਮੌਕੇ ਸੰਸਥਾ ਵੱਲੋਂ ਪੌਦੇ ਲਗਾਏ ਗਏ ਹਨ ਇਸ ਨਾਲ ਵਾਤਾਵਰਣ ਸ਼ੁੱਧ ਹੋਵੇਗਾ। ਉਨਾਂ ਕਿਹਾ ਕਿ ਧਰਤੀ ਦੀ ਸੰਭਾਲ ਕਰਨਾ ਸਾਡਾ ਮੁੱਖ ਫਰਜ ਹੈ ਕਿਉਂਕਿ ਜਿਸ ਹਿਸਾਬ ਨਾਲ ਦਿਨ-ਬ-ਦਿਨ ਰੁੱਖਾਂ ਦੀ ਕਟਾਈ ਤੇਜ ਹੋ ਰਹੀ ਹੈ ਉਸ ਨਾਲ ਅਨੇਕ ਤਰਾਂ ਦੀਆਂ ਆਫਤਾਂ ਪੈਦਾ ਹੋਣਗੀਆਂ ਜੋ ਭਵਿੱਖ ਲਈ ਨੁਕਸਾਨਦੇਹ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਸਮੱਸਿਆਵਾਂ ਦਾ ਸੰਤਾਪ ਨਾ ਹੰਢਾਉਣਾ ਪਵੇ ਇਸ ਲਈ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਅਤੇ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ।
ਯੂਥ ਵਲੰਟੀਅਰ ਨੀਤੂ ਸ਼ਰਮਾ ਨੇ ਕਿਹਾ ਕਿ ਮਨੁੱਖਤਾ ਪੇੜ ਪੌਦਿਆਂ ਤੇ ਹੀ ਨਿਰਭਰ ਹੈ ਐਨਾ ਹੀ ਨਹੀਂ ਧਰਤੀ ਤੇ ਰਹਿਣ ਵਾਲੇ ਸਾਰੇ ਜੀਵ ਪ੍ਰਾਣੀਆਂ ਦਾ ਜੀਵਨ ਅਧਾਰ ਵੀ ਵਨਸਪਤੀ ਹੀ ਹੈ ਇਸ ਲਈ ਜੇਕਰ ਪੌਦੇ ਨਾ ਹੋਣ ਤਾਂ ਇਹ ਜੀਵਨ ਸਿਫਰ ਹੈ ਅਤੇ ਹਰ ਪਾਸੇ ਉਜਾੜ ਹੋਵੇਗਾ। ਉਹਨਾਂ ਕਿਹਾ ਕਿ ਪੈਦਾ ਹੋ ਰਹੇ ਪ੍ਰਦੂਸ਼ਣ ਕਾਰਨ ਵਧ ਰਹੀਆਂ ਬਿਮਾਰੀਆਂ, ਦੂਸ਼ਿਤ ਹੋ ਰਿਹਾ ਪਾਣੀ ਮਨੁੱਖੀ ਸਿਹਤ ਲਈ ਮਾਰੂ ਸਾਬਤ ਹੋ ਰਹੇ ਹਨ, ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਹੀ ਮਿਲ ਸਕੇਗਾ। ਇਸ ਮੌਕੇ ਯੂਥ ਵੀਰਾਂਗਨਾਂਏੇਂ ਸਪਨਾ, ਮਨੀਸ਼ਾ ਅਤੇ ਅੰਕਿਤਾ ਹਾਜ਼ਰ ਸਨ।