ਆਪਣੀ ਧਰਤ ਦੇ ਜਾਇਆਂ ਦੀ ਤਕਲੀਫ ਦੂਰ ਕਰਨ ਚ, ਮੋਹਰੀ ਰੋਲ ਨਿਭਾ ਰਹੇ ਐਨਆਰਆਈ
– ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕਣ ਦੀ ਸਿੱਖਿਆ ਦਿੱਤੀ- ਸੁਖਦੇਵ ਸਿੰਘ ਯੂਐਸਏ
-ਮਾਸਟਰ ਗੁਰਚਰਨ ਸਿੰਘ ਨੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਅਤੇ ਸਾਵਧਾਨੀਆਂ ਬਾਰੇ ਲੋਕਾਂ ਨੂੰ ਕੀਤਾ ਜਾਗਰੂਕ
ਹਰਿੰਦਰ ਨਿੱਕਾ, ਬਰਨਾਲਾ
ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਦੀ ਤਰਫੋਂ ਪਿਛਲੇ 11 ਦਿਨ ਤੋਂ ਲਾਗੂ ਕਰਫਿਊ ਕਾਰਣ ਰੋਜ਼ ਕਮਾਈ ਕਰਕੇ ਖਾਣ ਵਾਲੇ ਮਜ਼ਦੂਰ ਵਰਗ ਤੇ ਆਈ ਮੁਸੀਬਤ ਦੀ ਘੜੀ ਵਿੱਚ ਦੇ ਮੌਕੇ ਐਨਆਰਆਈਜ ਵੱਲੋਂ ਕਾਇਮ ਕੀਤੀ ਭਗਤ ਭਗਤ ਗੁਰਦਿੱਤਾ ਜੀ ਸੇਵਾ ਸੰਸਥਾ ਵੀ ਜਰੂਰਤਮੰਦ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰ ਪਈ ਹੈ। ਮਨੁੱਖਤਾ ਲਈ ਅਚਾਣਕ ਪੈਦਾ ਹੋਏ ਇਸ ਸੰਕਟ ਦੇ ਹਾਲਤ ਵਿੱਚ ਲੋਕਾਂ ਨੂੰ ਘਰੋ-ਘਰ ਜਾ ਕੇ ਰਾਸ਼ਨ ਪਹੁੰਚਾਉਣ ਦੀ ਬੀੜਾ ਸੰਸਥਾ ਨੇ ਰੈਡ ਕਰਾਸ ਸੋਸਾਇਟੀ ਬਰਨਾਲਾ ਤੋਂ ਜਰੂਰਤਮੰਦ ਲੋਕਾਂ ਦੀਆਂ ਸੂਚੀਆਂ ਲੈ ਕੇ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਹੈ।
ਹੁਣ ਤੱਕ ਸੰਸਥਾ ਦੇ ਸੇਵਾਦਾਰ 200 ਤੋਂ ਵੱਧ ਜਰੂਰਤਮੰਦ ਲੋਕਾਂ ਦੇ ਘਰ ਉਨ੍ਹਾਂ ਦੀ ਰਸੋਈ ਲਈ ਲੋੜੀਂਦਾ ਰਾਸ਼ਨ ਪਹੁੰਚਾ ਵੀ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਯੂਐਸਏ , ਮਾਸਟਰ ਗੁਰਚਰਨ ਸਿੰਘ, ਕੁਲਦੀਪ ਸਿੰਘ ਤੇ ਤਰਸੇਮ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਦਾ ਗਠਨ ਮਾਨਵਤਾ ਭਲਾਈ ਦੇ ਕੰਮਾਂ ਲਈ ਹੀ ਕੀਤਾ ਗਿਆ ਸੀ। ਹੁਣ ਕਰਫਿਊ ਦੇ ਦੌਰਾਨ ਦਿਹਾੜੀਦਾਰ ਲੋਕਾਂ ਦਾ ਕੰਮ ਰੁਕ ਚੁੱਕਾ ਹੈ ਤੇ ਘਰਾਂ ਵਿੱਚ ਬੰਦ ਅਜਿਹੇ ਜਰੂਰਤਮੰਦ ਕਿਰਤੀਆਂ ਦੀਆਂ ਨਿਗ੍ਹਾਹਾਂ ਬਾਹਰੀ ਲੋਕਾਂ ਤੇ ਸ਼ਾਸ਼ਨ-ਪ੍ਰਸ਼ਾਸਨ ਤੇ ਸਮਾਜ ਸੇਵੀ ਲੋਕਾਂ ਤੇ ਹੀ ਟਿਕੀਆਂ ਹੋਈਆਂ ਹਨ।
ਇਸ ਲਈ ਸੰਸਥਾ ਨੇ ਆਪੋ-ਧਾਪੀ ਵਿੱਚ ਕੋਈ ਨਿਰਣਾ ਲੈਣ ਦੀ ਬਜਾਏ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆ ਕੇ ਲੋਕਾਂ ਦੇ ਘਰ ਘਰ ਰਾਸ਼ਨ ਪਹੁੰਚਾਉਣ ਦੀ ਗੱਲ ਸੋਚੀ ਤਾਂ ਲੋਕ ਸੰਪਰਕ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਗੋਪਾਲ ਸਿੰਘ ਦਰਦੀ ਦੇ ਰਾਹੀਂ ਰੈਡ ਕਰਾਸ ਦੇ ਸੈਕਟਰੀ ਸਰਵਨ ਸਿੰਘ ਨਾਲ ਰਾਬਤਾ ਕਾਇਮ ਕੀਤਾ। ਸੈਕਟਰੀ ਸਰਵਨ ਸਿੰਘ ਨੇ ਸੰਸਥਾ ਨੂੰ ਜਰੂਰਤਮੰਦ ਲੋਕਾਂ ਦੀਆਂ ਸੂਚੀਆਂ ਦੇ ਦਿੱਤੀਆਂ। ਜਿਨ੍ਹਾਂ ਦੇ ਆਧਾਰ ਤੇ ਭਗਤ ਗੁਰਦਿੱਤਾ ਜੀ ਸੇਵਾ ਸੰਸਥਾ ਨੇ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਕਰੀਬ 200 ਲੋਕਾਂ ਦੇ ਘਰ ਰਾਸ਼ਨ ਭੇਜ਼ਣ ਦੀ ਸੇਵਾ ਪੂਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਦੀ ਕਿੱਟ ਵਿੱਚ ਆਟਾ, ਦਾਲ, ਚੀਨੀ, ਤੇਲ, ਘਿਉ, ਲੂਣ-ਮਿਰਚ ਆਦਿ ਸਮਾਨ ਸ਼ਾਮਿਲ ਹੈ।
ਇਸ ਮੌਕੇ ਸਰਬਾ ਸਿੰਘ ਫਰਵਾਹੀ ਅਤੇ ਗੁਰਦੀਪ ਸਿੰਘ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਐਨਆਰਆਈਜ ਦਾਨੀ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਰਫਿਊ ਲਾਗੂ ਰਹੇਗਾ ਅਤੇ ਲੋਕ ਆਪੋ-ਆਪਣਾ ਰੋਜ਼ਗਾਰ ਫਿਰ ਤੋਂ ਸ਼ੁਰੂ ਨਹੀਂ ਕਰ ਲੈਂਦੇ,ਉਦੋਂ ਤੱਕ ਸੰਸਥਾ ਜਰੂਰਤਮੰਦ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਂਦੀ ਰਹੇਗੀ। ਉਨ੍ਹਾਂ ਐਨਆਰਆਈਜ ਨੂੰ ਅਪੀਲ ਕੀਤੀ ਕਿ ਜੇਕਰ ਉਹ ਮਨੁੱਖਤਾ ਲਈ ਸੱਚੇ ਦਿਲ ਤੋਂ ਕੁਝ ਕਰਨਾ ਚਾਹੁੰਦੇ ਹਨ ਤਾਂ ਇਹ ਸਮਾਂ ਗਰੀਬ ਲੋਕਾਂ ਦੀ ਮੱਦਦ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਸੇਵਾਦਾਰ ਭਾਈ ਗੁਰਨਾਮ ਸਿੰਘ ਰਸੀਲਾ ਦੀ ਪ੍ਰੇਰਣਾ ਨਾਲ ਚੱਲ ਰਹੀ ਇਹ ਸੰਸਥਾ ਭਾਈ ਭੋਲਾ ਸਿੰਘ ਪੁੱਤਰ ਜੁਝਾਰ ਸਿੰਘ ਫਰਵਾਹੀ ਅਤੇ ਭਾਈ ਦੇਸਾ ਸਿੰਘ ਜੋਧਪੁਰ, ਗੁਰਤੇਜ ਸਿੰਘ ਯੂਐਸਏ, ਬਲਵਿੰਦਰ ਸਿੰਘ ਯੂਐਸਏ, ਸੰਤੋਖ ਸਿੰਘ ਝਿੰਗੜਾ ਯੂਐਸਏ, ਐਡਵੋਕੇਟ ਬਲਜੀਤ ਸਿੰਘ ਯੂਐਸਏ,ਐਡਵੋਕੇਟ ਬਿਲਬਿੰਦਲ ਜੀ ਯੂਐਸਏ ਦਾ ਆਰਥਿਕ ਸਹਿਯੋਗ ਦੇਣ ਲਈ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹੈ। ਉਨ੍ਹਾ ਹੋਰ ਦਾਨੀ ਸੱਜਣਾ ਨੂੰ ਵੀ ਸੰਸਥਾ ਵੱਲੋਂ ਆਰੰਭੀ ਇਸ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ ਤਾਂਕਿ ਸੰਸਥਾ ਲੋਕਾਂ ਨੂੰ ਰਾਸ਼ਨ ਦੇ ਨਾਲ ਨਾਲ ਸੈਨੀਟਾਈਜ਼ਰ ਤੇ ਮਾਸਕ ਵੀ ਵੰਡ ਸਕੇ। ਜਿਸਦੀ ਇਸ ਮੌਕੇ ਲੋਕਾਂ ਨੂੰ ਭਾਰੀ ਜਰੂਰਤ ਵੀ ਹੈ। ਇਸ ਮੌਕੇ ਸੁਖਦੇਵ ਸਿੰਘ ਯੂਐਸਏ ਨੇ ਕਿਹਾ ਕਿ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕਣ ਦੀ ਸਿੱਖਿਆ ਦਿੱਤੀ ਹੈ। ਸਿੱਖੀ ਦੇ ਇਹ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਸਾਨੂੰ ਮਨੁੱਖਤਾ ਦੀ ਸੇਵਾ ਵਿੱਚ ਤਨ ਮਨ ਤੇ ਧਨ ਨਾਲ ਜੁਟ ਜਾਣਾ ਚਾਹੀਦਾ ਹੈ। ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਅਤੇ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।