ਕੁਝ ਘੰਟਿਆ ਬਾਅਦ ਨਰਿੰਦਰ ਗਰਗ ਨੀਟਾ ਐਮ.ਸੀ. ਕਮਲ ਦਾ ਖਹਿੜਾ ਛੱਡ ਕੇ ਫੜ੍ਹਨਗੇ ਪੰਜਾ
ਹਰਿੰਦਰ ਨਿੱਕਾ / ਮਨੀ ਗਰਗ , ਬਰਨਾਲਾ 13 ਅਪ੍ਰੈਲ 2021
ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੀ ਚੋਣ ਲਈ 15 ਅਪ੍ਰੈਲ ਦੀ ਤਾਰੀਖ ਨਿਸਚਿਤ ਹੁੰਦਿਆਂ ਹੀ ਪ੍ਰਧਾਨਗੀ ਦੇ ਪ੍ਰਮੁੱਖ ਦਾਵੇਦਾਰਾਂ ਵੱਲੋਂ ਜੋੜ-ਤੋੜ ਸ਼ੁਰੂ ਹੋ ਗਈ ਹੈ। ਇਸ ਦੀ ਕੜੀ ਤਹਿਤ ਅੱਜ ਕੁਝ ਘੰਟਿਆਂ ਬਾਅਦ ਹੀ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਤੇ ਕਾਂਗਰਸੀਆਂ ਦੇ ਵਿਹੜੇ ਵਿੱਚ ਜਸ਼ਨ ਦਾ ਮਾਹੌਲ ਬਣ ਸਕਦਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਕਾਂਗਰਸ ਦੇ ਸੀਨੀਅਰ ਆਗੂ ਮਹੇਸ਼ ਕੁਮਾਰ ਲੋਟਾ ਨੂੰ ਹਰਾ ਕੇ ਐਮ.ਸੀ ਬਣੇ ਭਾਜਪਾ ਆਗੂ ਨਰਿੰਦਰ ਗਰਗ ਉਰਫ ਨੀਟਾ ਕਾਂਗਰਸ ਦੀ ਪੰਜੇ ਦੀ ਜਕੜ ਵਿੱਚ ਆ ਸਕਦੇ ਹਨ।
ਸੂਤਰ ਦੱਸਦੇ ਹਨ ਕਿ ਭਾਜਪਾ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਰਘਵੀਰ ਪ੍ਰਕਾਸ਼ ਗਰਗ ਦੇ ਬੇਟੇ ਤੇ ਭਾਜਪਾ ਤੋਂ ਬਾਗੀ ਹੋ ਕੇ ਨਗਰ ਕੌਂਸਲ ਦੇ ਚੋਣ ਮੈਦਾਨ ਵਿੱਚ ਉਤਰ ਕੇ ਪਹਿਲੀ ਵਾਰ ਖੜ੍ਹ ਕੇ ਹੀ ਦਿੱਗਜ਼ ਕਾਂਗਰਸੀ ਆਗੂ ਲੋਟਾ ਨੂੰ ਹਰਾਉਣ ਵਾਲੇ ਨਰਿੰਦਰ ਗਰਗ ਨੀਟਾ ਦੇ ਕਾਂਗਰਸ ਵਿੱਚ ਸ਼ਾਮਿਲ ਹੋਣ ਦੀਆਂ ਚਰਚਾਵਾਂ , ਉਸ ਦੀ ਜਿੱਤ ਵਾਲੇ ਦਿਨ ਉਦੋਂ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਸਨ, ਜਦੋਂ ਨੀਟਾ , ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਦੇ ਘਰ ਉਨਾਂ ਨੂੰ ਦੀਪਿਕਾ ਸ਼ਰਮਾ ਦੀ ਜਿੱਤ ਦੀ ਵਧਾਈ ਦੇਣ ਲਈ ਪਹੁੰਚ ਗਏ ਸਨ।
ਪਰੰਤੂ ਉਦੋਂ ਮੱਖਣ ਸ਼ਰਮਾ ਅਤੇ ਨਰਿੰਦਰ ਗਰਗ ਨੀਟਾ, ਇਸ ਮਿਲਣੀ ਨੂੰ ਸ਼ਿਸ਼ਟਾਚਾਰ ਦੇ ਤੌਰ ਤੇ ਹੋਈ ਮੁਲਾਕਾਤ ਕਹਿ ਕੇ ਹੀ ਟਾਲਦੇ ਰਹੇ ਸਨ। ਪਤਾ ਇਹ ਵੀ ਲੱਗਿਆ ਹੈ, ਨੀਟਾ ਬਰਨਾਲਾ ਤੋਂ ਚੰੜੀਗੜ੍ਹ ਰਵਾਨਾ ਹੋ ਗਏ ਹਨ। ਕੁਝ ਘੰਟਿਆਂ ਬਾਅਦ ਹੀ ਉਹ ਸਾਬਕਾ ਵਿਧਾਇਕ ਅਤੇ ਕਾਗਰਸ ਦੇ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੀ ਕੋਠੀ ਪਹੁੰਚ ਕੇ, ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਟ ਕਰ ਦੇਣਗੇ। ਸੂਤਰ ਇਹ ਵੀ ਦੱਸਦੇ ਹਨ ਕਿ ਨੀਟਾ ਨੂੰ ਨਗਰ ਕੌਂਸਲ ਦਾ ਮੀਤ ਪ੍ਰਧਾਨ ਵੀ ਬਣਾਇਆ ਜਾ ਸਕਦਾ ਹੈ। ਇਸ ਸਬੰਧੀ ਪੁੱਛਣ ਤੇ ਨਰਿੰਦਰ ਗਰਗ ਨੀਟਾ ਨੇ ਕਿਹਾ ਕਿ ਕੁਝ ਸਮਾਂ ਠਹਿਰੋ। ਸਾਰਾ ਕੁਝ ਸਭ ਦੇ ਸਾਹਮਣੇ ਜਲਦੀ ਹੀ ਆ ਜਾਵੇਗਾ।