ਵੱਧ ਤੋਂ ਵੱਧ ਕੈਂਪ ਲਗਾ ਕੇ ਲੋਕਾਂ ਨੂੰ ਵੈਕਸੀਨ ਸਬੰਧੀ ਜਾਗਰੂਕ ਕਰਨ ਲਈ ਸਿਹਤ ਵਿਭਾਗ ਨੂੰ ਕੀਤੀ ਹਦਾਇਤ
ਵਿਭਾਗੀ ਅਧਿਕਾਰੀ ਖੁਦ ਅਤੇ ਆਪਣੇ ਸਾਰੇ ਸਟਾਫ਼ ਦੇ ਵੈਕਸੀਨ ਲਗਾਉਣ ਨੂੰ ਬਣਾਉਣ ਯਕੀਨੀ
ਰਘਵੀਰ ਹੈਪੀ , ਬਰਨਾਲਾ, 8 ਅਪ੍ਰੈਲ 2021
ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੇ ਮਕਸਦ ਲਈ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਫੂਲਕਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਕੋਰੋਨਾ ਤੋਂ ਬਚਾਅ ਸਬੰਧੀ ਆਪਣੇ-ਆਪਣੇ ਵਿਭਾਗ ਦੇ ਸਟਾਫ਼ ਦੇ ਲਗਵਾਈ ਜਾ ਰਹੀ ਵੈਕਸੀਨ ਸਬੰਧੀ ਜਾਣਕਾਰੀ ਲਈ ਅਤੇ ਹਦਾਇਤ ਵੀ ਕੀਤੀ ਕਿ ਜਿਸ ਸਟਾਫ਼ ਵੱਲੋਂ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਉਸ ਸਟਾਫ਼ ਦੇ ਵੈਕਸੀਨ ਜਲਦ ਤੋਂ ਜਲਦ ਲਗਵਾਈ ਜਾਵੇ ਤਾਂ ਜੋ ਇਸ ਮਹਾਂਮਾਰੀ ਦੇ ਪ੍ਰਕੋਪ ਤੋਂ ਰਾਹਤ ਪਾਈ ਜਾ ਸਕੇ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਖ-ਵੱਖ ਟੀਮਾਂ ਦਾ ਗਠਨ ਵਿੱਚ ਵਾਧਾ ਕਰਦਿਆਂ ਕੈਂਪ ਆਦਿ ਲਗਾਕੇ ਵੱਧ ਤੋਂ ਵੱਧ ਸਮਾਂ ਇਸ ਕੰਮ ਨੂੰ ਦਿੰਦਿਆਂ ਲੋਕਾ ਦੇ ਵੈਕਸੀਨ ਲਗਾਈ ਜਾਵੇ। ਉਨਾਂ ਕਿਹਾ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾਵੇ। ਉਨਾਂ ਕਿਹਾ ਕਿ ਲੋਕਾਂ ਨਾਲ ਮੀਟਿੰਗ ਕਰਕੇ ਵੈਕਸੀਨ ਲਗਵਾਉਣ ਦੇ ਫਾਇਦੇ ਦੱਸਦਿਆਂ ਵੈਕਸੀਨ ਲਗਾਉਣ ਲਈ ਪ੍ਰੇਰਿਆ ਜਾਵੇ ਤਾਂ ਜੋ ਇਸ ਮਹਾਂਮਾਰੀ ਨੂੰ ਖਤਮ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਅਧਿਕਾਰੀਆਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਆਪਣੇ-ਆਪਣੇ ਸਟਾਫ਼ ਨੂੰ ਤਰਤੀਬਵਾਰ ਵੈਕਸੀਨ ਲਗਾਉਣ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਇਸ ਕੰਮ ਨੂੰ ਮੁਕੰਮਲ ਕਰਨ ਵਿੱਚ ਦਿੱਕਤ ਪੇਸ਼ ਨਾ ਆਵੇ। ਜੇਕਰ ਕਿਸੇ ਵਿਭਾਗ ਨੂੰ ਵੈਕਸੀਨ ਲਗਾਉਣ ਸਬੰਧੀ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਵੈਕਸ਼ੀਨ ਲਗਵਾਉਣ ਸਬੰਧੀ ਵਿਭਾਗੀ ਸਡਿਊਲ 1 ਹਫ਼ਤੇ ਤੱਕ ਦਾ ਬਣਾਇਆ ਜਾਵੇ। ਇਸ ਤੋਂ ਇਲਾਵਾ ਜੇਕਰ ਕਿਸੇ ਵੀ ਵਿਭਾਗ ਨੂੰ ਵੈਕਸ਼ੀਨ ਲਗਾਉਣ ਸਬੰਧੀ ਕੈਂਪ ਲਗਾਉਣ ਦੀ ਜ਼ਰੂਰਤ ਹੈ ਤਾ ਦੱਸਿਆ ਜਾਵੇ ਤਾਂ ਜੋ ਕੈਂਪ ਲਗਾ ਕੇ ਵੈਕਸੀਨ ਲਗਾਉਣ ਦੀ ਮੁਹਿੰਮ ਵਿੱਚ ਹੋਰ ਤੇਜੀ ਲਿਆਂਦੀ ਜਾ ਸਕੇ ਤਾਂ ਕਿ ਹਰ ਵਿਭਾਗ ਦੇ ਅਧਿਕਾਰੀ/ਕਰਮਚਾਰੀ ਦੇ ਵੈਕਸੀਨ ਲਗਾਈ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਆਦਿੱਤਿਆ ਡੇਚਲਵਾਲ, ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਸਰਬਜੀਤ ਸਿੰਘ ਤੂਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।