ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਰਾਜੇਸ਼ ਗੌਤਮ , 31 ਮਾਰਚ , ਪਟਿਆਲਾ 2021
ਪੰਜਾਬ ਸਰਕਾਰ ਨਾਲ ਗੱਲਬਾਤ ਕਰਵਾਉਣ ਲਈ ਲਾਏ ਜਾ ਰਹੇ ਪ੍ਰਸ਼ਾਸਨਿਕ ਲਾਰਿਆਂ ਤੋਂ ਅੱਕੇ 4 ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ ਚੁੱਪ ਚੁਪੀਤੇ ਮੋਤੀ ਮਹਿਲ ਮੂਹਰੇ ਪਹੁੰਚ ਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਚਾਨਕ ਕੀਤੇ ਇਸ ਐਕਸ਼ਨ ਨਾਲ ਮੋਤੀ ਮਹਿਲ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਅਮਲੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਤੁਰੰਤ ਹੀ ਸੁਰੱਖਿਆ ਅਮਲੇ ਨੇ ਚਾਰ ਪ੍ਰਦਰਸ਼ਨਕਾਰੀਆਂ ਨੂੰ ਜਬਰੀ ਚੁੱਕ ਕੇ ਹਿਰਾਸਤ ਵਿੱਚ ਲੈ ਲਿਆ ।
ਇਸ ਮੌਕੇ ਸੁਖਚੈਨ ਪਟਿਆਲਾ, ਸੋਨੀਆ ਪਟਿਆਲਾ, ਅਕਵਿੰਦਰ ਬਰਨਾਲਾ ਤੇ ਜੱਸੀ ਰਾਏਧਰਾਣਾ ਨੇ ਕਿਹਾ ਕਿ ਪਹਿਲਾਂ ਸੱਤ ਮਹੀਨੇ ਲਗਾਤਾਰ ਸੰਗਰੂਰ ਪੱਕਾ ਧਰਨਾ ਲਾ ਕੇ ਸੰਘਰਸ਼ ਕਰ ਕੇ ਅਸੀਂ 2364 ਪੋਸਟਾਂ ਕਢਵਾਈਆਂ । ਜਿਸ ਤੋਂ ਬਾਅਦ ਜਦੋਂ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਤਾਂ ਉਸ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਉਮੀਦਵਾਰਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ । ਬੀ.ਐੱਡ. ਉਮੀਦਵਾਰਾਂ ਨੂੰ ਈ.ਟੀ.ਟੀ. ਉਮੀਦਵਾਰਾਂ ਦੇ ਬਰਾਬਰ ਵਿਚਾਰਿਆ ਗਿਆ । ਜਦੋਂ ਕਿ ਹੁਣ ਤੱਕ ਸਿਰਫ਼ ਪਹਿਲ ਦੇ ਆਧਾਰ ਤੇ ਈ.ਟੀ.ਟੀ ਦੇ ਉਮੀਦਵਾਰਾਂ ਨੂੰ ਵਿਚਾਰਿਆ ਜਾਂਦਾ ਸੀ । ਫਿਰ ਸਿੱਖਿਆ ਪ੍ਰੋਵਾਈਡਰਾਂ ਨੂੰ ਟੈੱਟ ਤੋਂ ਛੋਟ ਦੇ ਕੇ ਉਨ੍ਹਾਂ ਨੂੰ ਦੂਜੇ ਪੇਪਰ ਲਈ ਯੋਗ ਕੀਤਾ ਗਿਆ ਤੇ ਉਨ੍ਹਾਂ ਨੂੰ ਦੂਜੇ ਪੇਪਰ ਵਿੱਚ ਦਸ ਨੰਬਰ ਵੱਧ ਦਿੱਤੇ ਗਏ । ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਭਰਤੀ ਘੱਟਗਿਣਤੀ ਵਿਚ ਕੱਢੀ ਗਈ ਤੇ ਜੋ ਪੋਸਟਾਂ ਕੱਢੀਆਂ ਗਈਆਂ ਉਹ ਵੀ ਉਨ੍ਹਾਂ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਨ੍ਹਾਂ ਬੇਰੁਜ਼ਗਾਰਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਈ.ਟੀ.ਟੀ. ਦੇ ਹੱਕ ਵਿੱਚ ਜਲਦੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਤਾਂ ਜੋ ਵੀ ਜਾਨੀ ਮਾਲੀ ਨੁਕਸਾਨ ਹੋਵੇਗਾ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ।
ਕੀ ਹਨ ਮੰਗਾਂ:-
1) ਈ.ਟੀ.ਟੀ. ਦੀਆਂ 2364 ਅਸਾਮੀਆਂ ਵੇਲੇ ਪਹਿਲ ਦੇ ਅਧਾਰ ਤੇ ਈ.ਟੀ.ਟੀ. ਟੈੱਟ ਪਾਸ ਉਮੀਦਵਾਰਾਂ ਨੂੰ ਵਿਚਾਰਿਆ ਜਾਵੇ ।
2) 10000 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ।
3) ਸਿੱਖਿਆ ਪ੍ਰੋਵਾਈਡਰ ਤੇ ਵਲੰਟੀਅਰਾਂ ਨੂੰ ਦਿੱਤੇ ਗਏ ਵਾਧੂ ਅੰਕਾਂ ਦੀ ਸ਼ਰਤ ਹਟਾਈ ਜਾਵੇ ।
4) ਉਚੇਰੀ ਯੋਗਤਾ ਦੇ ਨੰਬਰਾਂ ਦੀ ਸ਼ਰਤ ਹਟਾਈ ਜਾਵੇ ।
5) ਉਮਰ ਹੱਦ ਵਿਚ ਛੋਟ ਦਿੱਤੀ ਜਾਵੇ ।