ਜਸਟਿਸ ਕੌਲ ਨੇ ਅਦਾਲਤਾਂ ਦੇ ਸਾਲਾਨਾ ਰਿਕਾਰਡ ਦਾ ਲਿਆ ਜਾਇਜ਼ਾ
ਹਾਈਕੋਰਟ ਦੀ ਜੱਜ ਵੱਲੋਂ ਕੇਸਾਂ ਦੇ ਸਮਾਂਬੱਧ ਤੇ ਰਜ਼ਾਮੰਦੀ ਨਾਲ ਨਿਬੇੜੇ ਉਤੇ ਜ਼ੋਰ
ਹਰਿੰਦਰ ਨਿੱਕਾ ਬਰਨਾਲਾ, 31 ਮਾਰਚ 2021
ਬਕਾਇਆ ਅਦਾਲਤੀ ਕੇਸਾਂ ਦਾ ਸਮਾਂਬੱਧ ਨਿਬੇੜਾ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਬਿਨਾਂ ਦੇਰੀ ਇਨਸਾਫ ਮਿਲ ਸਕੇ।ਇਹ ਪ੍ਰਗਟਾਵਾ ਜਸਟਿਸ ਮੰਜਰੀ ਨਹਿਰੂ ਕੌਲ, ਮਾਣਯੋਗ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ ਵੱਲੋਂ ਸੈਸ਼ਨ ਡਿਵੀਜ਼ਨ ਬਰਨਾਲਾ ਦੀਆਂ ਅਦਾਲਤਾਂ ਦੇ ਨਿਰੀਖਣ ਦੌਰਾਨ ਕੀਤਾ ਗਿਆ। ਇਸ ਮੌਕੇ ਸ੍ਰੀ ਵਰਿੰਦਰ ਅਗਰਵਾਲ, ਮਾਣਯੋਗ ਜ਼ਿਲਾ ਅਤੇ ਸੈਸ਼ਨਜ ਜੱਜ ਤੋਂ ਇਲਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ, ਸੁਖਦੇਵ ਸਿੰਘ ਵਿਰਕ ਐੱਸ.ਪੀ (ਡੀ), ਐਸਪੀ ਹਰਵੰਤ ਕੌਰ, ਪ੍ਰਧਾਨ ਜ਼ਿਲਾ ਬਾਰ ਐਸੋੋਸੀਏਸ਼ਨ ਪੰਕਜ ਬਾਂਸਲ ਤੇ ਸਮੂਹ ਜੁਡੀਸ਼ੀਅਲ ਅਫ਼ਸਰਾਂ ਵੱਲੋਂ ਜਸਟਿਸ ਮੰਜਰੀ ਨਹਿਰੂ ਕੌਲ ਦਾ ਸਵਾਗਤ ਕੀਤਾ ਗਿਆ ਤੇ ਬਰਨਾਲਾ ਪੁਲਿਸ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ।
ਇਸ ਮੌਕੇ ਜਸਟਿਸ ਮੰਜਰੀ ਨਹਿਰੂ ਕੌਲ ਵੱਲੋਂ ਬਰਨਾਲਾ ਕਚਿਹਰੀਆਂ ’ਚ ਸਾਰੀਆਂ ਅਦਾਲਤਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਉਨਾਂ ਵੱਲੋਂ ਸਮੂਹ ਸਿਵਲ ਅਤੇ ਕਿ੍ਰਮੀਨਲ ਕੋਰਟਾਂ ਦੇ ਕੰਮਕਾਰ ਤੇ ਸਲਾਨਾ ਰਿਕਾਰਡ ਦਾ ਮੁਆਇਨਾ ਕੀਤਾ ਅਤੇ ਕਰਮਚਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਦਿੱਤੇ । ਇਸ ਮੌਕੇ ਜ਼ਿਲਾ ਕਚਿਹਰੀਆਂ ਦੇ ਰਿਕਾਰਡ ਰੂਮ, ਕਾਪੀ ਏਜੰਸੀ ਤੇ ਮਾਲਖਾਨੇ ਦੀ ਚੈਕਿੰਗ ਕੀਤੀ ਗਈ। ਇਸ ਤੋਂ ਬਾਅਦ ਜਸਟਿਸ ਮੰਜਰੀ ਨਹਿਰੂ ਕੌਲ ਨੇ ਬਰਨਾਲਾ ਜ਼ਿਲੇ ਦੇ ਵਕੀਲਾਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ।
ਇਸ ਉਪਰੰਤ ਮਾਣਯੋਗ ਜੱਜ ਵੱਲੋਂ ਬਰਨਾਲਾ ਸੈਸ਼ਨ ਡਿਵੀਜ਼ਨ ਦੇ ਸਾਰੇ ਜੁਡੀਸ਼ੀਅਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਸਭ ਨੂੰ ਆਪਣਾ ਕੰਮ ਇਮਾਨਦਾਰੀ ਤੇ ਮਿਹਨਤ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਤੋਂ ਇਲਾਵਾ ਉਨਾਂ ਵੱਲੋਂ ਕੋਰਟ ਕੰਪਲੈਕਸ ਵਿਖੇ ਬਣੇ ਚਾਇਲਡ ਕੇਅਰ ਰੂਮ ਦਾ ਵੀ ਦੌਰਾ ਕੀਤਾ ਗਿਆ। ਉਨਾਂ ਕਿਹਾ ਕਿ ਅਜਿਹੇ ਚਾਇਲਡ ਕੇਅਰ ਸੈਂਟਰ ਭਵਿੱਖ ਵਿੱਚ ਹੋਰ ਜ਼ਿਲਿਆਂ ਵਿੱਚ ਵੀ ਖੋਲ੍ਹੇ ਜਾਣਗੇ ਤਾਂ ਜੋ ਜ਼ਿਲ੍ਹਾ ਕਚਿਹਰੀਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਬੱਚਿਆਂ ਦਾ ਧਿਆਨ ਰੱਖਿਆ ਜਾ ਸਕੇ। ਇਸ ਤੋਂ ਇਲਾਵਾਂ ਉਨਾਂ ਨੇ ਮੀਡੀਏਸ਼ਨ ਦੇ ਕੰਮ ਵਿੱਚ ਦਿਲਚਸਪੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸਮੂਹ ਜੁਡੀਸ਼ੀਅਲ ਅਫ਼ਸਰਾਂ ਨੂੰ ਵੱਧ ਤੋਂ ਵੱਧ ਕੇਸਾਂ ਨੂੰ ਮੀਡੀਏਸ਼ਨ ਲਈ ਭੇਜਣਾ ਚਾਹੀਦਾ ਹੈ ਤਾਂ ਜੋ ਦੋਹਾਂ ਧਿਰਾਂ ਦੇ ਮਾਮਲਿਆਂ ਦਾ ਨਿਪਟਾਰਾ ਰਜ਼ਾਮੰਦੀ ਨਾਲ ਕਰਵਾਇਆ ਜਾ ਸਕੇ।