ਨਵੀਂ ਵਿਭਾਗੀ ਭਰਤੀ ਵਾਲੇ ਪ੍ਰਿੰਸੀਪਲ, ਹੈਡਮਾਸਟਰ ਅਤੇ ਬੀ.ਪੀ.ਈ.ਓ. ਦਾ ਪਰਖ ਸਮਾਂ ਘਟਾ ਕੇ ਇਕ ਸਾਲ ਕਰਨ ਦੀ ਮੰਗ: ਡੀ.ਟੀ.ਐੱਫ.
ਹਰਪ੍ਰੀਤ ਕੌਰ ,ਸੰਗਰੂਰ 25 ਮਾਰਚ, 2021
ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਵਫਦ ਵਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ ਅਤੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਖਾਈ ਦੀ ਅਗਵਾਈ ਹੇਠ ਪ੍ਰਿੰਸੀਪਲ, ਹੈਡਮਾਸਟਰ ਅਤੇ ਬੀ.ਪੀ.ਈ.ਓ. ਦੀ ਬਦਲੀ ਉੁੁੁਪਰੰਤ ਪੁਰਾਣੇ ਸਟੇਸ਼ਨ ਦਾ ਚਾਰਜ ਬਰਕਰਾਰ ਰੱਖਣ ਦੀ ਸ਼ਰਤ ਹਟਾਉਣ, ਖਾਲੀ ਅਸਾਮੀਆਂ ਭਰਨ ਅਤੇ ਪਰਖ ਸਮਾਂ ਘਟਾਉਣ ਦੀ ਮੰਗ ਨੂੰ ਲੈ ਕੇ ਐੱਸ. ਡੀ. ਐੱਮ. ਸੰਗਰੂਰ ਰਾਹੀਂ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਗਿਆ।
ਡੀ.ਟੀ.ਐੱਫ. ਦੇ ਆਗੂ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਵਿੱਦਿਅਕ ਸੈਸ਼ਨ 2020-21 ਦੌਰਾਨ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲ, ਹੈਡਮਾਸਟਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀ.ਪੀ.ਈ.ਓ.) ਦੀਆਂ ਹੋਈਆਂ ਬਦਲੀਆਂ ਦੇ ਕਈ ਮਹੀਨੇ ਬੀਤਣ ਦੇ ਬਾਵਜੂਦ ਪੁਰਾਣੇ ਸਟੇਸ਼ਨਾਂ ਦਾ ਚਾਰਜ ਬਰਕਰਾਰ ਰੱਖਿਆ ਹੋਇਆ ਹੈ ਅਤੇ ਹਫ਼ਤੇ ਵਿੱਚ ਤਿੰਨ-ਤਿੰਨ ਦਿਨ ਨਵੇਂ ਅਤੇ ਪੁਰਾਣੇ ਦੋਨਾਂ ਸਟੇਸ਼ਨਾਂ `ਤੇ ਭੇਜਿਆ ਜਾ ਰਿਹਾ ਹੈ। ਜਿਆਦਾਤਰ ਸਟੇਸ਼ਨਾਂ (ਵੱਖਰੇ ਜਿਲ੍ਹੇ ਹੋਣ) ਵਿੱਚ ਆਪਸੀ ਦੂਰੀ ਬਹੁਤ ਜਿਆਦਾ ਹੈ, ਜਿਸ ਕਾਰਨ ਹਫਤੇ ਵਿੱਚ 150 ਤੋਂ 250 ਕਿ: ਮੀ ਦਾ ਸਫ਼ਰ ਤੈਅ ਕਰ ਕੇ ਜਾਣਾ ਪੈਂਦਾ ਹੈ। ਜਿਸ ਸਦਕਾ ਜਿੱਥੇ ਪ੍ਰਬੰਧਕੀ ਕੰਮ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਮਹਿਲਾ ਮੁੱਖੀਆਂ ਨੂੰ ਹੋਰ ਵੀ ਗੰਭੀਰ ਮਾਨਸਿਕ ਤੇ ਸਮਾਜਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਅਗਲਾ ਵਿੱਦਿਅਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਾਧੂ ਚਾਰਜ ਵਾਪਸ ਲਿਆ ਜਾਵੇ ਅਤੇ ਨੇੜਲੇ ਸਕੂਲ/ਬਲਾਕ ਦੇ ਮੁੱਖੀ ਨੂੰ ਚਾਰਜ ਦੇ ਕੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਇਸੇ ਪ੍ਰਕਾਰ ਪਿਛਲੇ ਸਮੇਂ ਦੌਰਾਨ ਸਿੱਖਿਆ ਵਿਭਾਗ ਵਿੱਚ ਹੀ ਕੰਮ ਕਰਦੇ ਅਧਿਆਪਕਾਂ ਵਿੱਚੋਂ ਇਨ੍ਹਾਂ ਕਾਡਰਾਂ ਵਿੱਚ ਹੋਈ ਭਰਤੀ ਲਈ ਪਰਖ ਸਮਾਂ ਤਿੰਨ ਸਾਲ ਰੱਖਣਾ ਗ਼ੈਰ ਵਾਜਬ ਹੈ, ਕਿਉਂਕਿ ਉੱਕਤ ਅਧਿਆਪਕ ਆਪਣੇ ਪਿਛਲੇ ਕਾਡਰ ਵਿੱਚ ਪਹਿਲਾਂ ਹੀ ਪਰਖ ਸਮਾਂ ਕਲੀਅਰ ਕਰ ਚੁੱਕੇ ਸਨ। ਇਸ ਲਈ ਪਰਖ ਸਮਾਂ ਤਿੰਨ ਸਾਲ ਤੋਂ ਘਟਾ ਕੇ (ਪਦ ਉੁੁਨਤ ਹੋਣ ਦੀ ਤਰਜ਼ `ਤੇ) ਇੱਕ ਸਾਲ ਕੀਤਾ ਜਾਵੇ। ਇਨ੍ਹਾਂ ਅਹੁਦਿਆਂ ਲਈ ਤਰੱਕੀ ਕੋਟਾ 75% ਬਹਾਲ ਕਰਦਿਆਂ, ਸਾਰੀਆਂ ਖਾਲੀ ਅਸਾਮੀਆਂ ਨੂੰ ਤਰੱਕੀਆਂ ਅਤੇ ਨਵੀਂ ਭਰਤੀ ਰਾਹੀਂ ਪੰਜਾਬ ਪੈਟਰਨ ਦੇ ਪੂਰੇ ਤਨਖਾਹ ਸਕੇਲਾਂ ਅਨੁਸਾਰ ਫੌਰੀ ਭਰਿਆ ਜਾਵੇ। ਇਸ ਮੌਕੇ ਅਮਨ ਵਿਸ਼ਿਸ਼ਟ, ਕਰਮਜੀਤ ਨਦਾਮਪੁਰ, ਮੇਘਰਾਜ, ਦੀਨਾ ਨਾਥ, ਕੁਲਵੀਰ ਸ਼ਰਮਾ, ਪ੍ਰਿੰਸੀਪਲ ਦੀਪਕ ਕੁਮਾਰ,ਪ੍ਰਿੰਸੀਪਲ ਪਰਦੀਪ ਸ਼ਰਮਾ, ਮਨਜੀਤ ਲਹਿਰਾ, ਆਦਿ ਹਾਜ਼ਰ ਸਨ।