ਹਰਿੰਦਰ ਨਿੱਕਾ , ਬਰਨਾਲਾ: 25 ਮਾਰਚ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਾਉਣ ਲਈ,ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 176ਵੇਂ ਦਿਨ ਵੀ ਜਾਰੀ ਰਿਹਾ। ਅੱਜ 26 ਮਾਰਚ ਨੂੰ ਕੀਤੇ ਜਾਣ ਵਾਲੇ ਭਾਰਤ ਬੰਦ ਦੀਆਂ ਤਿਆਰੀਆਂ ਬਾਰੇ ਤਾਕੀਦਾਂ, ਅਪੀਲਾਂ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਾਰਾ ਸਿੰਘ ਬਦਰਾ, ਉਜਾਗਰ ਸਿੰਘ ਬੀਹਲਾ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਮਨਜੀਤ ਰਾਜ, ਬਾਬੂ ਸਿੰਘ ਖੁੱਡੀ ਕਲਾਂ, ਸੁਖਵਿੰਦਰ ਸਿੰਘ ਢਿੱਲਵਾਂ, ਮੇਲਾ ਸਿੰਘ ਕੱਟੂ, ਬੂਟਾ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿੱਲਵਾਂ, ਗੁਰਨਾਮ ਸਿੰਘ ਠੀਕਰੀਵਾਲਾ ਤੇ ਰਾਜਿੰਦਰ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸ਼ੁਕਰਵਾਰ, 26 ਮਾਰਚ ਨੂੰ ਹੋਣ ਵਾਲੇ ਭਾਰਤ ਬੰਦ ਪ੍ਰੋਗਰਾਮ ਲਈ ਤਿਆਰੀਆਂ ਜੋਰਾਂ ‘ਤੇ ਹਨ।ਬਰਨਾਲਾ ਜਿਲ੍ਹੇ ਵਿੱਚ ਸੱਤ ਥਾਂਈ,ਰੇਲਵੇ ਸਟੇਸ਼ਨ ਬਰਨਾਲਾ, ਸੰਘੇੜਾ, ਮਹਿਲ ਕਲਾਂ, ਭਦੌੜ, ਤਪਾ, ਹੰਢਿਆਇਆ, ਧਨੌਲਾ ਵਿਖੇ ਰੇਲਾਂ ਤੇ ਸੜਕਾਂ ਸਵੇਰੇ ਛੇ ਵਜੇ ਤੋਂ ਸ਼ਾਮ ਛੇ ਵਜੇ ਤੱਕ ਜਾਮ ਕੀਤੀਆਂ ਜਾਣਗੀਆਂ। ਸੰਯੁਕਤ ਕਿਸਾਨ ਮੋਰਚੇ ਦੇ ਕਾਰਕੁੰਨ ਵੱਖ ਵੱਖ ਵਪਾਰ ਮੰਡਲਾਂ, ਰੇਹੜੀ-ਫੜ੍ਹੀ ਯੂਨੀਅਨਾਂ ਆੜ੍ਹਤੀਆ ਐਸੋਸ਼ੀਏਸ਼ਨਾਂ,ਮਜਦੂਰ ਤੇ ਮੁਲਾਜਮ ਜਥੇਬੰਦੀਆਂ ਅਤੇ ਸਮਾਜ ਦੇ ਹੋਰ ਵਰਗਾਂ ਦੇ ਨੁੰਮਾਇੰਦਿਆਂ ਨੂੰ ਮਿਲ ਕੇ ਭਾਰਤ ਬੰਦ ਲਈ ਸਹਿਯੋਗ ਦੇਣ ਲਈ ਅਪੀਲਾਂ ਕਰ ਰਹੇ ਹਨ। ਵੱਖ ਵੱਖ ਤਬਕਿਆਂ ਦੀਆਂ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਆਮ ਲੋਕਾਂ ਦਾ ਸਹਿਯੋਗ ਲੈਣ ਲਈ ਜਨਤਕ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਦੁਕਾਨਾਂ,ਬਜਾਰਾਂ ਤੇ ਰਿਹਾਇਸ਼ੀ ਇਲਾਕਿਆਂ ਵਿੱਚ ਜਾ ਕੇ ਬੰਦ ਬਾਰੇ ਸਹਿਯੋਗ ਮੰਗਿਆ ਜਾ ਰਿਹਾ ਹੈ। ਮੋਰਚੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਬੰਦ ਵਾਲੇ ਦਿਨ ਸਿਰਫ ਅਤੀ ਜਰੂਰੀ ਕੰਮਾਂ ਲਈ ਬਾਹਰ ਨਿਕਲਿਆ ਜਾਵੇ। ਵੈਸੇ ਐਮਰਜੈਂਸੀ ਸੇਵਾਵਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਹੈ।ਮਿਲੀਆਂ ਰਿਪੋਰਟਾਂ ਮੁਤਾਬਕ ਲੋਕਾਂ ਵੱਲੋਂ ਭਰਪੂਰ ਸਹਿਯੋਗ ਦਿੱਤੇ ਜਾਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ।26 ਮਾਰਚ ਦਾ ਭਾਰਤ ਬੰਦ ਲਾਮਿਸਾਲ ਹੋਵੇਗਾ।
ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਆਮ ਲੋਕ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਦੇ ਅਸਲੀ ਕਾਲੇ ਮਨਸੂਬਿਆਂ ਨੂੰ ਸਮਝ ਚੁੱਕੇ ਹਨ। ਇਹ ਕਾਨੂੰਨ ਸਮਾਜ ਦੇ ਸਾਰੇ ਵਰਗਾਂ ਲਈ ਖਤਰਨਾਕ ਹਨ। ਇਸੇ ਲਈ ਸਾਰੇ ਵਰਗ ਇਸ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ ਜਿਸ ਕਾਰਨ ਇਹ ਅੰਦੋਲਨ ਹੁਣ ਲੋਕ ਅੰਦੋਲਨ ਬਣ ਚੁੱਕਾ ਹੈ।
ਅੱਜ ਪਰੀਤ ਕੌਰ ਧੂਰੀ, ਦਰਸ਼ਨ ਸਿੰਘ ਠੀਕਰੀਵਾਲਾ, ਦਰਸ਼ਨ ਬਾਲੀਆਂ, ਗੁਰਮੇਲ ਸਿੰਘ ਚਿੜੀਆ, ਗੁਰਚਰਨ ਸਿੰਘ ਭੋਤਨਾ, ਲਖਵਿੰਦਰ ਸਿੰਘ, ਗੁਰਪ੍ਰੀਤ ਉਗੋਕੇ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।