ਹਰਿੰਦਰ ਨਿੱਕਾ , ਬਰਨਾਲਾ 19 ਮਾਰਚ 2021
ਜਿਲ੍ਹੇ ਦੇ ਬਹੁਚਰਚਿਤ ਤਾਂਤਰਿਕ ਗੈਂਗਰੇਪ ਕੇਸ ਦੇ ਨਾਮਜਦ ਦੋਸ਼ੀ ਅਕਾਲੀ ਆਗੂ ਧਰਮਿੰਦਰ ਘੜੀਆਂ ਵਾਲੇ ਦੇ ਸਿਰ ਤੇ ਪਿਛਲੇ ਕਾਫੀ ਦਿਨ ਤੋਂ ਲਟਕ ਰਹੀ ਗਿਰਫਤਾਰੀ ਦੀ ਤਲਵਾਰ ਅੱਜ ਉਦੋਂ ਚੁੱਕੀ ਗਈ, ਜਦੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਉਸਦੀ ਗਿਰਫਤਾਰੀ ਤੇ 3 ਮਈ ਤੱਕ ਰੋਕ ਲਾ ਦਿੱਤੀ ਹੈ। ਮਾਨਯੋਗ ਹਾਈਕੋਰਟ ਦੇ ਜਸਟਿਸ ਰਾਜ ਮੋਹਨ ਸਿੰਘ ਦੀ ਅਦਾਲਤ ਨੇ ਇਹ ਹੁਕਮ ਧਰਮਿੰਦਰ ਘੜੀਆਂ ਵਾਲਾ ਵੱਲੋਂ ਦਾਇਰ ਅਗਾਊਂ ਜਮਾਨਤ ਦੀ ਸੁਣਵਾਈ ਉਪਰੰਤ ਦਿੱਤਾ ਹੈ। ਜਸਟਿਸ ਰਾਜ ਮੋਹਨ ਸਿੰਘ ਨੇ ਸਰਕਾਰ ਨੂੰ 3 ਮਈ ਨੂੰ ਅਦਾਲਤ ਵਿੱਚ ਰਿਕਾਰਡ ਪੇਸ਼ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਹੈ। ਧਰਮਿੰਦਰ ਦੀ ਜਮਾਨਤ ਦੀ ਅਰਜੀ ਸੀਨੀਅਰ ਐਡਵੋਕੇਟ ਵਿਨੋਦ ਘਈ ਤੇ ਐਡਵੋਕੇਟ ਕਨਿਕਾ ਆਹੂਜਾ ਨੇ ਦਾਇਰ ਕੀਤੀ ਸੀ। ਮੀਡੀਆ ਨੂੰ ਇਹ ਜਾਣਕਾਰੀ ਧਰਮਿੰਦਰ ਦੇ ਕਰੀਬੀ ਦੋਸਤ ਹਰਦੇਵ ਸਿੰਘ ਲੀਲਾ ਬਾਜਵਾ ਨੇ ਦਿੱਤੀ। ਬਾਜਵਾ ਨੇ ਦੱਸਿਆ ਕਿ ਗਿਰਫਤਾਰੀ ਤੇ ਰੋਕ ਲੱਗ ਜਾਣ ਤੋਂ ਬਾਅਦ ਹੁਣ ਧਰਮਿੰਦਰ ਛੇਤੀ ਹੀ ਮੀਡੀਆ ਸਾਹਮਣੇ ਪੇਸ਼ ਹੋ ਕੇ ਉਸਦੇ ਖਿਲਾਫ ਰਚੀ ਗਈ ਰਾਜਸੀ ਸਾਜਿਸ਼ ਦਾ ਤੱਥਾਂ ਸਹਿਤ ਖੁਲਾਸਾ ਕਰਨਗੇ। ਵਰਨਣਯੋਗ ਹੈ ਕਿ ਪੱਤੀ ਰੋਡ ਖੇਤਰ ਦੀ ਰਹਿਣ ਵਾਲੀ ਕਰੀਬ 22 ਕੁ ਵਰਿਆਂ ਦੀ ਦਲਿਤ ਲੜਕੀ ਦੇ ਬਿਆਨ ਤੇ ਤਾਂਤਰਿਕ ਗੈਂਗਰੇਪ ਕੇਸ ਵਿੱਚ ਧਰਮਿੰਦਰ ਘੜੀਆਂ ਵਾਲੇ ਨੂੰ ਵੀ ਦੋਸ਼ੀ ਨਾਮਜਦ ਕੀਤਾ ਗਿਆ ਸੀ। ਕੇਸ ਦਰਜ ਹੋਣ ਦੀ ਭਿਣਕ ਪੈਂਦਿਆਂ ਹੀ ਧਰਮਿੰਦਰ ਗਿਰਫਤਾਰੀ ਤੋਂ ਬਚਣ ਲਈ ਰੂਪੋਸ਼ ਹੋ ਗਿਆ ਸੀ। ਇਸ ਕੇਸ ਵਿੱਚ ਹੁਣ ਤੱਕ ਤਾਂਤਰਿਕ ਮਨੋਜ ਬਾਬਾ ਸਮੇਤ ਕੁੱਲ 8 ਦੋਸ਼ੀ ਗਿਰਫ਼ਤਾਰ ਹੋ ਚੁੱਕੇ ਹਨ। ਜਦੋਂਕਿ 3 ਪੁਲਿਸ ਕਰਮਚਾਰੀਆਂ ਸਮੇਤ ਕਰੀਬ 7 ਹੋਰ ਨਾਮਜਦ ਦੋਸ਼ੀਆਂ ਦੇ ਸਿਰ ਤੇ ਗਿਰਫਤਾਰੀ ਦੀ ਤਲਵਾਰ ਹਾਲੇ ਵੀ ਲਟਕ ਰਹੀ ਹੈ।