ਸੰਗੀਨ ਦੋਸ਼- ਡੀਸੀ ਫੂਲਕਾ ਦੇ ਨਾਮ ਤੇ ਇੰਸਪੈਕਟਰ ਨੇ ਲਿਆ ਸੀ ਆਈ ਫੋਨ , ਡੇਰੇ ਦੇ ਮਹੰਤ ਨਾਲ ਮਾਰੀ ਸੀ 1 ਲੱਖ 2 ਹਜਾਰ ਰੁਪਏ ਦੀ ਠੱਗੀ
S D M ਵੱਲੋਂ ਕਾਰਵਾਈ ਲਈ ਭੇਜੀ ਰਿਪੋਰਟ ਤੇ ਥਾਣਾ ਸਿਟੀ 1 ‘ਚ ਦਰਜ ਹੋਈ FIR
ਹਰਿੰਦਰ ਨਿੱਕਾ/ ਮਨੀ ਗਰਗ , ਬਰਨਾਲਾ 18 ਮਾਰਚ 2021
ਦੇਰ ਆਏ, ਦਰੁਸਤ ਆਏ , ਦੀ ਕਹਾਵਤ ਅਨੁਸਾਰ ਲੰਬੀ ਚੱਲੀ ਜਾਂਚ ਤੋਂ ਬਾਅਦ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਨਾਮ ਤੇ ਇੱਕ ਡੇਰੇ ਦੇ ਮਹੰਤ ਨਾਲ 1 ਲੱਖ 2 ਹਜਾਰ ਰੁਪਏ ਦੀ ਕਥਿਤ ਠੱਗੀ ਮਾਰਨ ਵਾਲੇ ਥਾਣਾ ਸਿਟੀ 1 ਬਰਨਾਲਾ ਦੇ ਰਹਿ ਚੁੱਕੇ ਐਸ.ਐਚ.ਉ ,ਇੰਸਪੈਕਟਰ ਰੁਪਿੰਦਰ ਪਾਲ ਸਿੰਘ ਦੇ ਖਿਲਾਫ ਕੇਸ ਦਰਜ ਕਰ ਹੀ ਦਿੱਤਾ ਗਿਆ । ਪਰੰਤੂ ਹਾਲੇ ਤੱਕ ਉਸ ਦੀ ਗਿਰਫਤਾਰੀ ਨਹੀਂ ਹੋਈ ਹੈ । ਵਰਨਣਯੋਗ ਹੈ ਕਿ ਮਹੰਤ ਰਮੇਸ਼ਵਰ ਦਾਸ ਵਾਸੀ ਡੇਰਾ ਮੁਕਤਸਰ ਸਾਹਿਬ ਪਿੰਡ ਮੂੰਮ, ਤਹਿਸੀਲ ਵਾ ਜਿਲ੍ਹਾ ਬਰਨਾਲਾ ਨੇ 21 ਜਨਵਰੀ 2021 ਨੂੰ ਲਿਖਤੀ ਸ਼ਕਾਇਤ ਡੀ.ਸੀ. ਬਰਨਾਲਾ ਨੂੰ ਇੰਸਪੈਕਟਰ ਰੁਪਿੰਦਰ ਪਾਲ ਸਿੰਘ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਦਿੱਤੀ ਸੀ ।
ਜਿਸ ਵਿੱਚ ਉਨਾਂ ਦੋਸ਼ ਲਾਇਆ ਸੀ ਕਿ ਥਾਣਾ ਸਿਟੀ 1 ਬਰਨਾਲਾ ਦੇ ਤਤਕਾਲੀ ਐਸ.ਐਚ.ਉ ਇੰਸਪੈਕਟਰ ਰੁਪਿੰਦਰ ਪਾਲ ਸਿੰਘ ਨੇ ਉਸ ਦੇ ਜਮੀਨ ਸਬੰਧੀ ਝਗੜੇ ਦਾ ਫੈਸਲਾ, ਉਸ ਦੇ ਹੱਕ ਵਿੱਚ ਕਰਵਾਉਣ ਦਾ ਭਰੋਸਾ ਦਿੱਤਾ ਸੀ। ਉਨਾਂ ਕੁਝ ਦਿਨ ਬਾਅਦ ਹੀ ਉਸ ਨੂੰ ਕਿਹਾ ਕਿ ਡੀਸੀ ਸਾਹਿਬ ਦੇ ਮੁੰਡੇ ਦਾ ਜਨਮ ਦਿਨ ਹੈ, ਉਹ ਆਪਣੇ ਮੁੰਡੇ ਦੇ ਬਰਥ ਡੇ ਤੇ ਆਈ ਫੋਨ ਗਿਫਟ ਕਰਨਾ ਚਾਹੁੰਦੇ ਹਨ। ਇੰਸਪੈਕਟਰ ਰੁਪਿੰਦਰ ਪਾਲ ਸਿੰਘ ਨੇ ਉਸ ਦੀ ਹਾਜ਼ਿਰੀ ਵਿੱਚ ਡੀਸੀ ਦੇ ਜਾਹਿਰ ਕਰਦਾ ਪੀਏ ਨਾਲ ਫੋਨ ਸਬੰਧੀ ਗੱਲਬਾਤ ਦਾ ਡਰਾਮਾ ਵੀ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ ਪਟਿਆਲਾ ਤੋਂ ਨਵਾਂ ਆਈ ਫੋਨ ਲਿਆ ਕਿ ਰੁਪਿੰਦਰ ਪਾਾਲ ਸਿੰਘ ਨੂੰ ਦੇ ਦਿੱਤਾ ਸੀ। ਉਨਾਂ ਕਿਹਾ ਕਿ ਜਦੋਂ ਮੋਬਾਇਲ ਫੋਨ ਦੇਣ ਤੋਂ ਬਾਅਦ ਵੀ ਕੰਮ ਨਾ ਹੋਇਆ ਤਾਂ ਰਾਮੇਸ਼ਵਰ ਦਾਸ ਨੇ ਰੁਪਿੰਦਰਪਾਲ ਤੋਂ ਆਪਣੇ ਰੁਪਏ ਵਾਪਿਸ ਮੰਗੇ, ਕਾਫੀ ਟਾਲਮਟੋਲ ਤੋਂ ਬਾਅਦ ਇੰਸਪੈਕਟਰ ਨੇ ਸਾਬਕਾ ਕਾਂਗਰਸੀ ਐਮ ਸੀ ਸੁਖਜੀਤ ਕੌਰ ਸੁੱਖੀ ਦੀ ਹਾਜ਼ਿਰੀ ਵਿੱਚ 50 ਹਜ਼ਾਰ ਰੁਪਏ ਮੋੜ ਵੀ ਦਿੱਤੇ ਸਨ । ਪਰੰਤੂ ਬਾਕੀ ਰਹਿੰਦੇ ਰੁਪਏ ਮੋੜਨ ਲਈ, ਉਹ ਫਿਰ ਟਾਲਮਟੋਲ ਕਰਨ ਲੱਗ ਪਿਆ। ਉਨਾਂ ਕਿਹਾ ਕਿ ਡੀਸੀ ਸਾਹਿਬ ਰੁਪਿੰਦਰ ਪਾਲ ਸਿੰਘ ਤੁਹਾਡੇ ਨਾਮ ਤੇ ਰਿਸ਼ਵਤ ਲੈ ਕੇ ਤੁਹਾਨੂੰ ਬਦਨਾਮ ਕਰ ਰਿਹਾ ਹੈੇ। ਇਸ ਸ਼ਕਾਇਤ ਦੀ ਪੜਤਾਲ ਡੀਸੀ ਫੂਲਕਾ ਨੇ ਐਸ.ਡੀ.ਐਮ ਵਰਜੀਤ ਸਿੰਘ ਵਾਲੀਆ ਨੂੰ ਸੌਂਪ ਦਿੱਤੀ। ਲੰਬੀ ਚੱਲੀ ਪੜਤਾਲ ਦੌਰਾਨ, ਇੰਸਪੈਕਟਰ ਰੁਪਿੰਦਰ ਪਾਲ ਭੱਜ ਨਿੱਕਲਿਆ। ਸ਼ਕਾਇਤਕਰਤਾ ਨਾਲ ਸਮਝੌਤਾ ਕਰਨ ਦੀਆਂ ਵੀ ਕੋਸ਼ਿਸ਼ਾਂ ਚੱਲਦੀਆਂ ਰਹੀਆਂ। ਆਖਿਰ ਐਸਡੀਐਮ ਵੱਲੋਂ ਕੀਤੀ ਪੜਤਾਲ ਤੋਂ ਬਾਅਦ ਕਾਨੂੰਨੀ ਕਾਰਵਾਈ ਲਈ ਭੇਜੀ ਰਿਪੋਰਟ ਦੇ ਅਧਾਰ ਤੇ ਥਾਣਾ ਸਿਟੀ 1 ਬਰਨਾਲਾ ਵਿੱਚ ਇੰਸਪੈਕਟਰ ਰੁਪਿੰਦਰ ਪਾਲ ਦੇ ਖਿਲਾਫ ਮਹੰਤ ਰਾਮੇਸ਼ਵਰ ਦਾਸ ਦੀ ਸ਼ਕਾਇਤ ਪਰ ਅਧੀਨ ਜੁਰਮ 420 ਆਈਪੀਸੀ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਡੀਸੀ ਤੇਜ਼ ਪ੍ਰਤਾਪ ਸਿੰਘ ਫੂਲਕਾ ਵੱਲੋਂ ਐਸ.ਐਸ. ਪੀ. ਸੰਦੀਪ ਗੋਇਲ ਨੂੰ ਪੂਰੀ ਘਟਨਾ ਸਬੰਧੀ ਲਿਖਣ ਤੋਂ ਬਾਅਦ ਰੁਪਿੰਦਰ ਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।