ਨਾਮਜਦ ਦੋਸ਼ੀ ਪਵਨ ਕੁਮਾਰ ਵੀ ਕਾਬੂ , ਗਿਰਫਤਾਰ ਦੋਸ਼ੀਆਂ ਦੀ ਗਿਣਤੀ 8 ਤੱਕ ਪਹੁੰਚੀ
ਹਰਿੰਦਰ ਨਿੱਕਾ , ਬਰਨਾਲਾ 18 ਮਾਰਚ 2021
ਤਾਂਤਰਿਕ ਗੈਂਗਰੇਪ ਕੇਸ ਵਿੱਚ ਨਾਮਜਦ ਅਕਾਲੀ ਆਗੂ ਧਰਮਿੰਦਰ ਘੜੀਆਂ ਵਾਲਾ ਸਣੇ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਅੱਜ ਮਾਨਯੋਗ ਅਦਾਲਤ ਤੋਂ ਗਿਰਫਤਾਰੀ ਵਾਰੰਟ ਹਾਸਿਲ ਕਰਕੇ,ਉਨਾਂ ਦੀ ਗਿਰਫਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਜਦੋਂ ਕਿ ਇੱਕ ਹੋਰ ਨਾਮਜ਼ਦ ਦੋਸ਼ੀ ਪਵਨ ਕੁਮਾਰ ਨੂੰ ਪੁਲਿਸ ਪਾਰਟੀ ਨੇ ਗਿਰਫਤਾਰ ਕਰ ਲਿਆ ਹੈ। ਇਹ ਜਾਣਕਾਰੀ ਐਸ.ਪੀ. ਐਚ ਤੇ ਸਿਟ ਦੀ ਇੰਚਾਰਜ ਹਰਬੰਤ ਕੌਰ ਨੇ ਦਿੱਤੀ। ਉਨਾਂ ਦੱਸਿਆ ਕਿ ਧਰਮਿੰਦਰ ਘੜੀਆਂ ਵਾਲੇ, ਕਾਕਾ ਅਤੇ ਲਲਿਤ ਕੁਮਾਰ ਦੀ ਗਿਰਫਤਾਰੀ ਲਈ ਸੀ .ਜੇ. ਐਮ. ਵਿਨੀਤ ਕੁਮਾਰ ਨਾਰੰਗ ਦੀ ਅਦਾਲਤ ਵਿੱਚੋਂ ਗਿਰਫਤਾਰੀ ਵਾਰੰਟ ਲੈ ਲਏ ਹਨ। ਜਲਦ ਹੀ ਇੱਨਾਂ ਤਿੰਨਾਂ ਨੂੰ ਵੀ ਗਿਰਫਤਾਰ ਕਰ ਲਿਆ ਜਾਵੇਗਾ।
ਵਰਨਣਯੋਗ ਹੈ ਕਿ ਹੁਣ ਤੱਕ ਮੁੱਖ ਦੋਸ਼ੀ ਮਨੋਜ ਕੁਮਾਰ , ਕਰਮਜੀਤ ਕੌਰ ਉਰਫ ਅਮਨ , ਚੰਦ ਲਾਲ, ਅਮ੍ਰਿਤਪਾਲ ਕੌਰ ਪੰਧੇਰ, ਸੰਤੋਸ਼ ਰਾਣੀ ਵਾਸੀ ਮੇਨ ਬਸਤੀ ਚੀਕਾ , ਦੀਪਕ ਗੁਪਤਾ ਉਰਫ ਬਬਲੀ , ਪ੍ਰਿਯੰਕਾ ਗੁਪਤਾ ਆਦਿ ਪਹਿਲਾਂ ਹੀ ਗਿਰਫਤਾਰ ਹੋ ਚੁੱਕੇ ਹਨ। ਜਦੋਂ ਕਿ ਗੈਂਗਰੇਪ ਪੀੜਤਾ ਨਾਲ ਜਬਰਦਸਤੀ ਵਿਆਹ ਕਰਵਾਉਣ ਵਾਲਾ ਲਖਵਿੰਦਰ ਸਿੰਘ ਅਤੇ ਉਸ ਦੀ ਮਾਂ ਬਲਜੀਤ ਕੌਰ ਬਠਿੰਡਾ ਦੀ ਗਿਰਫਤਾਰੀ ਹਾਲੇ ਬਾਕੀ ਹੈ। ਜਿਕਰਯੋਗ ਹੈ ਕਿ ਪੱਤੀ ਰੋਡ ਖੇਤਰ ਦੀ ਰਹਿਣ ਵਾਲੀ ਚਾਹ ਦੀ ਰੇਹੜੀ ਲਾਉਣ ਵਾਲੀ ਗਰੀਬ ਵਿਧਵਾ ਔਰਤ ਦੀ ਕਰੀਬ 22 ਕੁ ਵਰ੍ਹਿਆਂ ਦੀ ਧੀ ਨੂੰ ਕਰਮਜੀਤ ਕੌਰ ਉਰਫ ਅਮਨ ਲੰਘੇ ਜੂਨ ਮਹੀਨੇ ਵਿੱਚ ਬਹਿਲਾ ਫੁਸਲਾ ਕੇ ਲੈ ਗਈ ਸੀ। ਜਿਸ ਨਾਲ ਕਾਕਾ ਸੁਨਿਆਰ ਦੇ ਘਰ ਤਾਂਤਰਿਕ ਮਨੋਜ ਕੁਮਾਰ ਬਾਬਾ ਨੇ ਨੋਟਾਂ ਦੀ ਬਾਰਿਸ਼ ਕਰਵਾਉਣ ਦਾ ਲਾਲਚ ਦੇ ਕੇ ਜਬਰਦਸਤੀ ਲੜਕੀ ਨਾਲ ਰੇਪ ਕੀਤਾ, ਬਾਅਦ ਵਿੱਚ ਹੋਰਾਂ ਦੋਸ਼ੀਆਂ ਨੇ ਵੀ ਗੈਂਗਰੇਪ ਕੀਤਾ ਸੀ। ਪਰੰਤੂ ਘਟਨਾ ਤੋਂ ਕਰੀਬ 9 ਮਹੀਨੇ ਬਾਅਦ ਘਟਨਾ ਦਾ ਪੂਰਾ ਸੱਚ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਥਾਣਾ ਸਿਟੀ 1 ਵਿਖੇ ਦਰਜ਼ ਐਫ.ਆਈ.ਆਰ. ਨੰਬਰ 340 /2020 ਵਿੱਚ ਗੈਂਗਰੇਪ ਤੇ ਹੋਰ ਸੰਗੀਨ ਧਾਰਾਵਾਂ ਤੋਂ ਇਲਾਵਾ ਐਟਰੋਸਿਟੀ ਐਕਟ ਦੀਆਂ ਵੱਖ ਵੱਖ ਸੈਕਸ਼ਨਾਂ ਦਾ ਵਾਧਾ ਕਰ ਦਿੱਤਾ ਗਿਆ ਸੀ। ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਐਸਪੀ ਹਰਬੰਤ ਕੌਰ ਦੀ ਅਗਵਾਈ ਵਿੱਚ ਡੀ.ਐਸ.ਪੀ ਲਖਵਿੰਦਰ ਸਿੰਘ ਟਿਵਾਣਾ, ਐਸ.ਐਚ.ਉ ਸਿਟੀ 1 ਲਖਵਿੰਦਰ ਸਿੰਘ ਆਦਿ ਅਧਿਕਾਰੀਆਂ ਤੇ ਅਧਾਰਿਤ ਸਿੱਟ ਕਾਇਮ ਕਰ ਦਿੱਤੀ ਸੀ।