ਚਲਾਨ ਪੇਸ਼ ਨਾ ਕਰਕੇ , ਦੋਸ਼ੀ ਦੀ ਮੱਦਦ ਕਰ ਰਿਹੈ ਤਫਤੀਸ਼ ਅਧਿਕਾਰੀ-ਨਰਿੰਦਰ ਸਿੰਘ
ਐਸ.ਐਚ.ਉ ਨੇ ਕਿਹਾ, ਚਲਾਨ ਤਿਆਰ, ਛੇਤੀ ਹੀ ਅਦਾਲਤ ਵਿੱਚ ਪੇਸ਼ ਕਰ ਦਿਆਂਗੇ
ਹਰਿੰਦਰ ਨਿੱਕਾ , ਬਰਨਾਲਾ 18 ਮਾਰਚ 2021
ਕਰੀਬ ਤਿੰਨ ਮਹੀਨੇ ਪਹਿਲਾਂ ਸੌਹਰਿਆਂ ਵੱਲੋਂ ਕਥਿਤ ਤੌਰ ਤੇ ਦਾਜ਼ ਦੀ ਬਲੀ ਚੜ੍ਹਾ ਦਿੱਤੀ ਗਈ ਸਿਮਰਜੀਤ ਕੌਰ ਦੀ ਹੱਤਿਆ ਦੇ ਸਬੰਧ ਵਿੱਚ ਸੌਹਰੇ ਪਰਿਵਾਰ ਦੇ 3 ਜੀਆਂ ਖਿਲਾਫ ਦਰਜ ਕੇਸ ਦਾ ਚਲਾਨ ਹਾਲੇ ਤੱਕ ਪੁਲਿਸ ਦੁਆਰ ਪੇਸ਼ ਨਾ ਕੀਤੇ ਜਾਣ ਤੋਂ ਖਫਾ ਮ੍ਰਿਤਕਾ ਦੇ ਪਰਿਵਾਰ ਨੇ ਅੱਜ ਥਾਣਾ ਸਿਟੀ 2 ਦੇ ਮੂਹਰੇ ਦੁਪਹਿਰ ਕਰੀਬ 12 ਵਜੇ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਮ੍ਰਿਤਕ ਲੜਕੀ ਸਿਮਰਜੀਤ ਕੌਰ ਦੀ ਮਾਂ ਮਨਜੀਤ ਕੌਰ ਵਾਸੀ ਗੁਰੂ ਰਾਮਦਾਸ ਨਗਰ ,ਤਾਜ਼ਪੁਰ ਰੋਡ ਭਾਮੀਆ ਖੁਰਦ ਜਿਲ੍ਹਾ ਲੁਧਿਆਣਾ ਨੇ ਬਰਨਾਲਾ ਟੂਡੇ ਦੀ ਟੀਮ ਨੂੰ ਦਿੱਤੀ।
ਮਨਜੀਤ ਕੌਰ ਨੇ ਦੱਸਿਆ ਕਿ ਉਸ ਦੀ ਬੇਟੀ ਸਿਮਰਜੀਤ ਕੌਰ ਦੀ ਸ਼ਾਦੀ ਸਾਲ 2015 ਵਿੱਚ ਸੇਖਾ ਰੋਡ ਗਲੀ ਨੰਬਰ 4 ,ਮੋਰਾਂ ਵਾਲੀ ਪਹੀ ਬਰਨਾਲਾ ਦੇ ਰਹਿਣ ਵਾਲੇ ਚਰਨਪਾਲ ਸਿੰਘ ਵਿੱਕੀ ਪੁੱਤਰ ਦਰਸ਼ਨ ਸਿੰਘ ਨਾਲ ਹੋਈ ਸੀ। ਉਦੋਂ ਚਰਨਪਾਲ ਸਿੰਘ ਲੈਬੋਰਟਰੀ ਦਾ ਕੰਮ ਕਰਦਾ ਸੀ। ਪਰੰਤੂ ਸਾਲ 2019 ਵਿੱਚ ਉਹ ਸਿੰਘਾਪੁਰ ਚਲਾ ਗਿਆ। 3 ਮਹੀਨੇ ਬਾਅਦ ਹੀ ਚਰਨਪਾਲ ਸਿੰਘਾਪੁਰ ਤੋਂ ਵਾਪਿਸ ਬਰਨਾਲਾ ਆ ਗਿਆ। ਮਨਜੀਤ ਕੌਰ ਅਨੁਸਾਰ ਉਨਾਂ ਆਪਣੀ ਬੇਟੀ ਦੀ ਸ਼ਾਦੀ ਸਮੇਂ ਆਪਣੀ ਹੈਸੀਅਤ ਤੋਂ ਵੱਧ ਦਹੇਜ ਦਿੱਤਾ ਸੀ। ਪਰੰਤੂ ਦਿੱਤੇ ਦਹੇਜ਼ ਤੋਂ ਮ੍ਰਿਤਕਾ ਦਾ ਪਤੀ ਅਤੇ ਉਸਦਾ ਸੌਹਰਾ ਤੇ ਸੱਸ ਖੁਸ਼ ਨਹੀਂ ਸੀ ਤੇ ਸਮੇਂ ਸਮੇਂ ਸਿਮਰਜੀਤ ਕੌਰ ਨੂੰ ਘੱਟ ਦਾਜ਼ ਲਿਆਉਣ ਲਈ ਤਾਅਣੇ-ਮਿਹਣੇ ਮਾਰਦੇ ਰਹੇ ਅਤੇ ਮਾਰਕੁੱਟ ਵੀ ਕਰਦੇ ਰਹੇ। ਉਨਾਂ ਕਿਹਾ ਕਿ ਸੌਹਰਾ ਪਰਿਵਾਰ ਸਿਮਰਜੀਤ ਕੌਰ ਨੂੰ ਕਈ ਵਾਰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਰਿਹਾ। ਝਗੜੇ ਨੂੰ ਨਿਪਟਾਉਣ ਲਈ ਕਈ ਵਾਰ ਪੰਚਾਇਤਾਂ ਬਰਨਾਲਾ ਚਰਨਪਾਲ ਵਿੱਕੀ ਦੇ ਘਰ ਵੀ ਆਈਆਂ, ਪਰੰਤੂ ਸਿਮਰਜੀਤ ਦੇ ਸੌਹਰਿਆਂ ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।
ਉਨਾਂ ਕਿਹਾ ਕਿ 19 ਦਸੰਬਰ 2020 ਨੂੰ ਉਨਾਂ ਨੂੰ ਪਤਾ ਲੱਗਾ ਕਿ ਸਿਮਰਜੀਤ ਕੌਰ ਨੂੰ ਉਸ ਦੇ ਸੌਹਰੇ ਪਰਿਵਾਰ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਤੇ ਸੌਹਰਾ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਜਾਣ ਦੀ ਤਿਆਰੀ ਕਰ ਰਿਹਾ ਹੈ। ਇਸ ਦੀ ਸੂਚਨਾ ਉਨਾਂ 112 ਨੰਬਰ ਤੇ ਫੋਨ ਕਰਕੇ ਵੀ ਦਿੱਤੀ। ਉਨਾਂ ਕਿਹਾ ਕਿ ਜਦੋਂ ਅਸੀਂ ਲੁਧਿਆਣਾ ਤੋਂ ਬਰਨਾਲਾ ਪਹੁੰਚੇ ਤਾਂ ਸਿਮਰਜੀਤ ਕੌਰ ਦੀ ਮ੍ਰਿਤਕ ਦੇਹ ਮੰਜੇ ਤੇ ਪਈ ਸੀ। ਮ੍ਰਿਤਕ ਦੇ ਪਤੀ ਚਰਨਪਾਲ ਉਰਫ ਵਿੱਕੀ, ਸੌਹਰੇ ਦਰਸ਼ਨ ਸਿੰਘ ਅਤੇ ਸੱਸ ਜਸਵੀਰ ਕੌਰ ਨੇ ਹਮਮਸ਼ਵਰਾ ਹੋ ਕੇ ਉਨਾਂ ਦੀ ਬੇਟੀ ਨੂੰ ਕੋਈ ਜਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਕੇਸ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਕਰਮਜੀਤ ਸਿੰਘ ਨੇ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨ ਦੇ ਅਧਾਰ ਤੇ ਉਕਤ ਤਿੰਨੋਂ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 304 B/120 B ਆਈਪੀਸੀ ਦੇ ਤਹਿਤ ਥਾਣਾ ਸਿਟੀ 2 ਵਿਖੇ ਕੇਸ ਦਰਜ ਕਰ ਦਿੱਤਾ। ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ। ਸੱਸ –ਸੌਹਰੇ ਨੂੰ ਅਦਾਲਤ ਨੇ ਜਮਾਨਤ ਦੇ ਦਿੱਤੀ, ਜਦੋਂ ਕਿ ਪਤੀ ਚਰਨਪਾਲ ਉਰਫ ਵਿੱਕੀ ਹਾਲੇ ਜੇਲ੍ਹ ਵਿੱਚ ਹੀ ਬੰਦ ਹੈ।
ਤਫਤੀਸ਼ ਅਧਿਕਾਰੀ ਦੋਸ਼ੀਆਂ ਨੂੰ ਫਾਇਦਾ ਦੇਣ ਦੇ ਰੌਂਅ ‘ਚ
ਮ੍ਰਿਤਕ ਦੀ ਮਾਂ ਮਨਜੀਤ ਕੌਰ ਅਤੇ ਉਸ ਦੇ ਮਾਮਾ ਨਰਿੰਦਰ ਸਿੰਘ ਨੇ ਕਿਹਾ ਕਿ ਤਫਤੀਸ਼ ਅਧਿਕਾਰੀ ਨੂੰ ਉਹ ਚਲਾਨ ਪੇਸ਼ ਕਰਵਾਉਣ ਲਈ ਕਈ ਵਾਰ ਮਿਲ ਚੁੱਕੇ ਹਨ। ਪਰੰਤੂ ਉਹ ਨਿਸਚਿਤ ਸਮੇਂ ਵਿੱਚ ਚਲਾਨ ਪੇਸ਼ ਨਾ ਕਰਕੇ, ਦੋਸ਼ੀ ਚਰਨਪਾਲ ਸਿੰਘ ਦੀ ਜਮਾਨਤ ਕਰਵਾਉਣ ਲਈ ਕਥਿਤ ਤੌਰ ਤੇ ਮੱਦਦ ਕਰ ਰਿਹਾ ਹੈ। ਉਨਾਂ ਕਿਹਾ ਕਿ ਉਨਾਂ ਐਸ.ਐਚ.ਉ ਨਾਲ ਵੀ ਫੋਨ ਤੇ ਗੱਲ ਕੀਤੀ, ਪਰੰਤੂ ਉਨਾਂ ਦੋ ਟੁੱਕ ਸ਼ਬਦਾਂ ਵਿੱਚ ਕਹਿ ਦਿੱਤਾ, ਤੁਸੀਂ ਤਫਤੀਸ਼ ਅਧਿਕਾਰੀ ਨਾਲ ਹੀ ਗੱਲ ਕਰੋ। ਜਦੋਂ ਚਲਾਨ ਪੇਸ਼ ਨਾ ਕਰਨ ਸਬੰਧੀ ਐਸ.ਐਚ.ਉ ਗੁਰਮੇਲ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਚਲਾਨ ਬਿਲਕੁਲ ਤਿਆਰ ਹੈ, ਛੇਤੀ ਹੀ ਚਲਾਨ ਟੂ ਕੋਰਟ ਕਰ ਦਿੱਤਾ ਜਾਵੇਗਾ। ਦੋਸ਼ੀ ਦੀ ਜਮਾਨਤ ਕਰਵਾਉਣ ‘ਚ ਮੱਦਦ ਕਰਨ ਦੇ ਦੋਸ਼ ਬੇਬੁਨਿਆਦ ਹਨ।