ਵਾਲ-ਵਾਲ ਬਚਿਆ ਪਰਿਵਾਰ,ਮੌਕੇ ਤੋਂ ਫਰਾਰ ਦੋਸ਼ੀ,ਪੁਲਿਸ ਨੇ ਕੀਤਾ ਗਿਰਫ਼ਤਾਰ
ਘਰ ਅੰਦਰ ਖੜ੍ਹਾ ਮੋਟਰ ਸਾਈਕਲ, ਪੀੜ੍ਹਾ ਸੈਟ ਆਦਿ ਸਮਾਨ ਹੋਇਆ ਰਾਖ
ਹਰਿੰਦਰ ਨਿੱਕਾ , ਬਰਨਾਲਾ 17 ਮਾਰਚ 2021
ਦੂਜਾ ਵਿਆਹ ਕਰਵਾਇਆ, ਪਰ ਰੇਨੂੰ ਬਾਲਾ ਨੂੰ ਉਹ ਵੀ ਰਾਸ ਨਾ ਆਇਆ, ਇਹ ਮਾਮਲਾ ਉਦੋਂ ਉਜਾਗਰ ਹੋਇਆ , ਜਦੋਂ ਇੱਕ ਸ਼ਰਾਬੀ ਪਤੀ ਨੇ ਬੱਚਿਆ ਸਣੇ ਆਪਣੀ ਪਤਨੀ ਨੂੰ ਜਿੰਦਾ ਸਾੜ ਕੇ ਜਾਨੋ ਮਾਰ ਦੇਣ ਦੀ ਨੀਯਤ ਨਾਲ ਘਰ ਨੂੰ ਪੈਟ੍ਰੋਲ ਛਿੜਕ ਕੇ ਅੱਗ ਦੇ ਹਵਾਲੇ ਕਰ ਦਿੱਤਾ। ਪਰੰਤੂ ਅੱਗ ਲੱਗ ਜਾਣ ਦਾ ਪਤਾ ਲੱਗ ਜਾਣ ਕਾਰਣ ਸ਼ਰਾਬੀ ਦੀ ਪਤਨੀ ਰੇਨੂੰ ਬਾਲਾ ਆਪਣੇ ਬੱਚਿਆ ਸਣੇ ਘਰ ਤੋਂ ਬਾਹਰ ਨਿਕਲਣ ਵਿੱਚ ਸਫਲ ਹੋ ਗਈ। ਮੌਕੇ ਤੋਂ ਫਰਾਰ ਹੋਏ ਦੋਸ਼ੀ ਨੂੰ ਪੁਲਿਸ ਨੇ ਗਿਰਫ਼ਤਾਰ ਵੀ ਕਰ ਲਿਆ ਹੈ ।
ਰੇਨੂੰ ਬਾਲਾ ਪਤਨੀ ਸਤਨਾਮ ਸਿੰਘ ਵਾਸੀ ਟੀ-ਪੁਆਇੰਟ ਬਠਿੰਡਾ,ਧਨੌਲਾ ਰੋਡ ਬਰਨਾਲਾ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਲਿਖਾਇਆ ਕਿ ਉਸ ਦੀ ਪਹਿਲੀ ਸ਼ਾਦੀ ਸਰਬਜੀਤ ਸਿੰਘ ਵਾਸੀ ਮੰਡੀ ਕਲਾਂ ਨਾਲ ਹੋਈ ਸੀ। ਇਸ ਸ਼ਾਦੀ ਤੋਂ ਉਸ ਦੇ 2 ਬੱਚੇ ਇੱਕ ਬੇਟਾ , ਇੱਕ ਬੇਟੀ ਪੈਦਾ ਹੋਏ। ਉਸ ਸਮੇਂ ਬੇਟੀ ਹਰਜੋਤ ਕੌਰ ਦੀ ਉਮਰ ਕਰੀਬ 05 ਸਾਲ ਅਤੇ ਬੇਟੇ ਅਰਜਨ ਸਿੰਘ ਦੀ ਉਮਰ ਕਰੀਬ 03 ਸਾਲ ਸੀ । ਫਿਰ ਉਸ ਦੀ ਦੂਜੀ ਸ਼ਾਦੀ ਸਤਨਾਮ ਸਿੰਘ ਨਾਲ ਹੋਈ | ਰੇਨੂੰ ਬਾਲਾ ਨੇ ਕਿਹਾ ਕਿ ਅਸੀ ਕੁੱਝ ਅਰਸਾ ਪਹਿਲਾ ਜੋ ਰਹਾਇਸ਼ੀ ਮਕਾਨ ਮੇਰੇ ਨਾਂ ਪਰ ਹੈ ਦੀ ਰਜਿਸਟਰੀ ਤੇ ਬੈਕ ਵਿੱਚੋਂ ਲੋਨ ਕਰਵਾਕੇ ਇੱਕ ਟਰੱਕ ਨੰਬਰੀ ਪੀ.ਬੀ.13 ਬੀ.ਡੀ. 5876 ਛੇ ਚੱਕਾ ਨਵਾਂ ਖਰੀਦ ਕਰ ਲਿਆ ਸੀ । ਜਿਸ ਦੀਆਂ ਕਿਸਤਾਂ ਚਲ ਰਹੀਆ ਹਨ। ਪਰੰਤੂ ਉਸ ਦਾ ਪਤੀ ਸਤਨਾਮ ਸਿੰਘ ਸਰਾਬ ਪੀਣ ਦਾ ਆਦੀ ਹੈ ਜੋ ਅਕਸਰ ਹੀ ਸਰਾਬ ਪੀ ਕੇ ਮੇਰੀ ਅਤੇ ਮੇਰੇ ਬੱਚਿਆਂ ਦੀ ਕੁੱਟ-ਮਾਰ ਕਰਦਾ ਰਹਿੰਦਾ ਹੈ ।
ਰੇਨੂੰ ਬਾਲਾ ਨੇ ਦੱਸਿਆ ਕਿ 15-03-2021 ਨੂੰ ਵਕਤ ਕਰੀਬ 9/10 ਵਜੇ ਰਾਤ ਨੂੰ ਨਸ਼ੇ ਵਿੱਚ ਧੁੱਤ ਸਤਨਾਮ ਸਿੰਘ ਨੇ ਘਰ ਅੰਦਰ ਆ ਕੇ ਪੈਟਰੋਲ ਛਿੜਕ ਕੇ ਮਕਾਨ ਨੂੰ ਹੀ ਅੱਗ ਲਗਾ ਦਿੱਤੀ । ਅੱਗ ਨਾਲ ਬੇਸ਼ੱਕ ਮਕਾਨ ਅੰਦਰ ਖੜ੍ਹਾ ਮੋਟਰਸਾਇਕਲ ਮਾਰਕਾ ਟੀ.ਬੀ.ਐਸ. ਨੰਬਰੀ ਪੀ.ਬੀ 19 ਐਸ 328 ਮਾਡਲ, ਡਰਾਇੰਗ ਰੂਮ ਵਿੱਚ ਰੱਖੇ ਹੋਏ ਪੀੜ੍ਹਾ ਸੈਟ , ਰਸੋਈ ਵਿੱਚ ਅਤੇ ਮਕਾਨ ਵਿੱਚ ਰੱਖਿਆ ਪਿਆ ਹੋਰ ਸਮਾਨ ਸੜ੍ਹ ਕੇ ਸੁਆਹ ਹੋ ਗਿਆ । ਪਰੰਤੂ ਪਰਿਵਾਰ ਨੇ ਆਪਣੇ ਆਪ ਨੂੰ ਕਿਸੇ ਤਰਾਂ ਅੱਗ ਦੀਆਂ ਲਪਟਾਂ ਵਿੱਚ ਘਿਰਨ ਤੋਂ ਬਚਾਅ ਲਿਆ। ਰੇਨੂੰ ਬਾਲਾ ਨੇ ਦੱਸਿਆ ਕਿ ਉਸ ਦੇ ਪਤੀ ਸਤਨਾਮ ਸਿੰਘ ਨੇ ਕੋਠੀ ਨੂੰ ਲੱਗੀਆ ਹੋਈਆਂ ਜੋੜੀਆ ਦੀ ਭੰਨ ਤੋੜ ਕਰਕੇ ਵੀ ਕਾਫੀ ਨੁਕਸਾਨ ਕਰ ਦਿੱਤਾ ਅਤੇ ਖੁਦ ਮੌਕਾ ਤੋਂ ਭੱਜ ਗਿਆ। ਹੰਡਿਆਇਆ ਚੌਂਕੀ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਰੇਨੂੰ ਬਾਲਾ ਦੇ ਬਿਆਨ ਦੇ ਅਧਾਰ ਤੇ ਦੋਸ਼ੀ ਸਤਨਾਮ ਸਿੰਘ ਦੇ ਖਿਲਾਫ ਇਰਾਦਾ ਕਤਲ ਅਤੇ ਹੋਰ ਸੰਗੀਨ ਧਾਰਾਂਵਾਂ ਅਧੀਨ ਕੇਸ ਦਰਜ਼ ਕਰਕੇ, ਮਾਮਲੇ ਦੀ ਤਫਤੀਸ਼ ਏ.ਐਸ.ਆਈ ਗੁਰਮੇਲ ਸਿੰਘ ਨੂੰ ਸੌਂਪ ਦਿੱਤੀ ਹੈ। ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦੋਸ਼ੀ ਨੂੰ ਗਿਰਫਤਾਰ ਵੀ ਕਰ ਲਿਆ ਹੈ।