ਪੁਲਿਸ ਪਾਰਟੀ ਸਣੇ ਮੌਕੇ ਦੇ ਪਹੁੰਚੇ ਐਸ.ਐਚ.ਉ. ਗੁਰਮੇਲ ਸਿੰਘ
ਰਘਵੀਰ ਹੈਪੀ, ਅਦੀਸ਼ ਗੋਇਲ , ਬਰਨਾਲਾ 17 ਮਾਰਚ 2021
ਸ਼ਹਿਰ ਦੇ ਸੇਖਾ ਰੋਡ ਖੇਤਰ ਦੀ ਗਲੀ ਨੰਬਰ 4 ਵਿੱਚ ਉਸਾਰੀ ਅਧੀਨ ਕੋਠੀ ਦਾ ਲੈਂਟਰ ਡਿੱਗਣ ਕਾਰਣ ਕੰਮ ਕਰਦੇ 2 ਮਜਦੂਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਦੋਵਾਂ ਜਖਮੀਆਂ ਨੂੰ ਇਲਾਕੇ ਦੇ ਲੋਕਾਂ ਨੇ ਸਿਵਲ ਹਸਪਤਾਲ ਪਹੁੰਚਾਇਆ। ਇਲਾਜ ਕਰ ਰਹੇ ਡਾਕਟਰਾਂ ਅਨੁਸਾਰ ਇੱਕ ਮਜਦੂਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਦੋਂ ਕਿ ਦੂਸਰੇ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਮੌਕੇ ਬਚਾਅ ਲਈ ਪਹੁੰਚੇ ਮੇਜ਼ਰ ਸਿੰਘ ਨੇ ਦੱਸਿਆ ਕਿ ਕਰੀਬ ਸਾਢੇ ਕੁ 6 ਵਜੇ ਕਾਫੀ ਖੜ੍ਹਕਾ ਸੁਣਨ ਤੋਂ ਬਾਅਦ ਉਹ ਹੋਰ ਲੋਕਾਂ ਦੇ ਨਾਲ ਕੋਠੀ ਦੇ ਡਿੱਗੇ ਬਾਦਰੇ ਵਾਲੇ ਲੈਂਟਰ ਕੋਲ ਪਹੁੰਚੇ। ਉਦੋਂ ਇੱਕ ਮਜਦੂਰ ਪਿੱਲਰ ਦੇ ਹੇਠਾਂ ਦੱਬਿਆ ਪਿਆ ਸੀ। ਜਿਸ ਨੂੰ ਇਕੱਠੇ ਹੋਏ ਲੋਕਾਂ ਨੇ ਸੁਰੱਖਿਅਤ ਬਾਹਰ ਕੱਢਿਆ ਅਤੇ ਦੂਸਰੇ ਮਜਦੂਰ ਦੇ ਵੀ ਡਿੱਗਣ ਕਾਰਣ ਕੁਝ ਸੱਟਾਂ ਲੱਗੀਆਂ ਹੋਈਆਂ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ 2 ਦੇ ਐਸ.ਐਚ.ਉ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਏ.ਐਸ.ਆਈ. ਸੁਖਵਿੰਦਰ ਸਿੰਘ ਅਦਿ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਪਹੁੰਚ, ਜਿੰਨਾਂ ਮੌਜੂਦ ਲੋਕਾਂ ਦੀ ਮੱਦਦ ਨਾਲ ਦੋਵਾਂ ਜਖਮੀ ਮਜਦੂਰਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ। ਐਸ.ਐਚ.ਉ ਗੁਰਮੇਲ ਸਿੰਘ ਨੇ ਦੱਸਿਆ ਕਿ ਨਰਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਨੇ ਆਪਣੀ ਕੋਠੀ ਦੇ ਕੰਮ ਦਾ ਠੇਕਾ ਜੱਸੀ ਠੇਕੇਦਾਰ ਨੂੰ ਦਿੱਤਾ ਹੋਇਆ ਸੀ। ਜਿਸ ਕੋਲ ਜਸਕਰਨ ਸਿੰਘ ਵਾਸੀ ਛੀਨੀਵਾਲ ਕਲਾਂ ਅਤੇ ਹਰਦੀਪ ਸਿੰਘ ਵਾਸੀ ਬੋਪਾਰਾਏ ਖੁਰਦ ਕੰਮ ਕਰਦੇ ਸਨ। ਅਚਾਣਕ ਕੋਠੀ ਦੇ ਬਾਦਰੇ ਦਾ ਲੈਂਟਰ ਡਿੱਗ ਪੈਣ ਕਾਰਣ, ਉਕਤ ਦੋਵੇਂ ਮਜਦੂਰ ਜਖਮੀ ਹੋ ਗਏ। ਉਨਾਂ ਦੱਸਿਆ ਕਿ ਦੁਰਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ, ਜਖਮੀਆਂ ਦੇ ਬਿਆਨ ਦੇ ਅਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਫਿਲਹਾਲ ਦੁਰਘਟਨਾ ਦੇ ਕਾਰਣ ਦਾ ਪਤਾ ਨਹੀਂ ਲੱਗ ਸਕਿਆ।