ਸੀਨੀਅਰ ਸਿਟੀਜ਼ਨਾਂ ਨੂੰ ਵੈਕਸੀਨ ਲਵਾਉਣ ਦੀ ਅਪੀਲ, 10 ਨਵੇਂ ਕੇਸ ਆਏ ਹੋਰ
ਰਘਬੀਰ ਹੈਪੀ ,ਬਰਨਾਲਾ, 17 ਮਾਰਚ 2021
ਕਰੋਨਾ ਵੈਕਸੀਨ ਬਿਲਕੁਲ ਸੁਰੱਖਿਆ ਹੈ, ਇਸ ਸਬੰਧੀ ਅਫਵਾਹਾਂ ਤੋਂ ਬਚਿਆ ਜਾਵੇ ਅਤੇ ਸੀਨੀਅਰ ਸਿਟੀਜ਼ਨ ਇਹ ਵੈਕਸੀਨ ਜ਼ਰੂਰ ਲਗਵਾਉਣ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਨੇ ਹਫਤਾਵਰੀ ਫੇਸਬੁਕ ਲਾਈਵ ਸੈਸ਼ਨ ਦੌਰਾਨ ਕੀਤਾ। ਉਨਾਂ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਹੁਣ ਤੱਕ 2413 ਪਾਜ਼ੇਟਿਵ ਕੇਸ ਆਏ ਹਨ, ਜਿਨਾਂ ਵਿਚੋਂ 2282 ਵਿਅਕਤੀ ਠੀਕ ਹੋ ਚੁੱਕੇ ਹਨ। ਹੁਣ ਜ਼ਿਲੇ ਵਿਚ ਐਕਟਿਵ ਕੇਸ 64 ਹਨ ਅਤੇ ਅੱਜ 10 ਨਵੇਂ ਕੇਸ ਆਏ ਹਨ। ਉਨਾਂ ਕਿਹਾ ਕਿ ਜ਼ਿਲਾ ਬਰਨਾਲਾ ਵਿਚ ਵੀ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਵਾਇਰਸ ਦੇ ਕੇਸ ਵਧ ਰਹੇ ਹਨ। ਉਨਾਂ ਆਖਿਆ ਕਿ ਕਰੋਨਾ ਦਾ ਖਤਰਾ ਹੋਰ ਨਾ ਵਧੇ, ਇਸ ਵਾਸਤੇ ਜਿੱਥੇ ਮਾਸਕ ਪਾਉਣ, ਹੱਥਾਂ ਦੀ ਸਫਾਈ ਤੇ ਸਮਾਜਿਕ ਦੂਰੀ ਦਾ ਖਿਆਲ ਰੱਖਿਆ ਜਾਵੇ, ਉਥੇ ਯੋਗ ਵਿਅਕਤੀ ਜੋ ਕਿ 60 ਸਾਲ ਤੋਂ ਉਪਰ ਦੇ ਅਤੇ 45 ਸਾਲ ਤੋਂ ਉਪਰ ਦੇ ਸਹਿ ਰੋਗਾਂ ਤੋਂ ਪੀੜਤ ਹਨ, ਉਹ ਵੈਕਸੀਨ ਜ਼ਰੂਰ ਲਵਾਉਣ।
ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਚਲਾਈ ਜਾ ਰਹੀ ਹੈ, ਜਿਸ ਤਹਿਤ ਵੱਖ ਵੱਖ ਕੈਂਪ ਲਾ ਕੇ ਈ ਕਾਰਡ ਬਣਾਏ ਜਾ ਰਹੇ ਹਨ। ਉਨਾਂ ਕਿਹਾ ਕਿ ਸਮਾਰਟ ਰਾਸ਼ਨ ਕਾਰਡ ਧਾਰਕ, ਕਿਰਤ ਵਿਭਾਗ ਨਾਲ ਰਜਿਸਟਰਡ ਮਜ਼ਦੂਰ, ਜੇ ਫਾਰਮ ਧਾਰਕ ਕਿਸਾਨ, ਐਕਰੀਡੇਟਿਡ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ, ਆਬਕਾਰੀ ਅਤੇ ਟੈਕਸ ਵਿਭਾਗ ਨਾਲ ਰਜਿਸਟਰਡ ਛੋਟੇ ਵਪਾਰੀ ਆਪਣੇ ਈ-ਕਾਰਡ ਜ਼ਰੂਰ ਬਣਵਾਉਣ। ਇਸ ਸਕੀਮ ਤਹਿਤ ਲਾਭਪਾਤਰੀ ਪਰਿਵਾਰ ਦਾ ਸਾਲਾਨਾ 5 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਸੂਚੀਬੱਧ ਹਸਪਤਾਲਾਂ ਵਿਚ ਮੁਫਤ ਹੈ। ਉਨਾਂ ਕਿਹਾ ਕਿ ਸਕੀਮ ਤਹਿਤ ਰਜਿਸਟਰਡ ਵਿਅਕਤੀ ਈ-ਕਾਰਡ ਜ਼ਰੂਰ ਬਣਵਾਉਣ।
12 ਮੁਢਲੇ ਸਿਹਤ ਕੇਂਦਰਾਂ ਵਿਚ ਵੈਕਸੀਨ ਦੀ ਸਹੂਲਤ ਸ਼ੁਰੂ: ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ ਜਿੱਥੇ ਸਿਵਲ ਹਸਪਤਾਲ ਬਰਨਾਲਾ, ਸੰਧੂ ਪੱਤੀ ਮੁਢਲੇ ਸ਼ਹਿਰੀ ਸਿਹਤ ਕੇਂਦਰ, ਸਬ ਡਿਵੀਜ਼ਨਲ ਹਸਪਤਾਲ ਤਪਾ, ਸੀਐਚਸੀ ਧਨੌਲਾ, ਭਦੌੜ ਤੇ ਮਹਿਲ ਕਲਾਂ ਵਿਚ ਵੈਕਸੀਨ ਮੁਫਤ ਲਾਈ ਜਾ ਰਹੀ ਹੈ, ਉਥੇ ਮੁਢਲੇ ਸਿਹਤ ਕੇਂਦਰਾਂ ਵਿਚ ਵੀ ਇਹ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਮੁਢਲੇ ਸਿਹਤ ਕੇਂਦਰ ਸਹਿਣਾ, ਟੱਲੇਵਾਲ, ਢਿੱਲਵਾਂ, ਰੂੜੇਕੇ ਕਲਾਂ, ਹਮੀਦੀ, ਸੇਖਾ, ਭੱਠਲਾਂ, ਠੀਕਰੀਵਾਲਾ, ਗਹਿਲ, ਛਾਪਾ ਤੇ ਚੰਨਣਵਾਲ ਤੋਂ ਵੀ ਵੈਕਸੀਨ ਲਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਪ੍ਰੇਮ ਨਗਰ ਬਰਨਾਲਾ ਵਿੱਚ ਵੀ ਵੈਕਸੀਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਵੈਕਸੀਨੇਸ਼ਨ ਸੈਂਟਰ ਇਸ ਲਈ ਵਧਾਏ ਗਏ ਹਨ ਤਾਂ ਜੋ ਨੇੜਲੇ ਸੈਂਟਰ ਤੋਂ ਵੈਕਸੀਨ ਲਵਾਈ ਜਾ ਸਕੇ।