ਅਸ਼ੋਕ ਵਰਮਾ , ਬਠਿੰਡਾ 17 ਮਾਰਚ 2021
ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੰਗਤ ਡਾਕਟਰ ਅੰਜੁ ਕਾਂਸਲ ਦੀ ਪ੍ਰਧਾਨਗੀ ਹੇਠ ਕੈਂਸਰ ਜਾਗਰੂਕਤਾ ਵੈਨ ਬਲਾਕ ਸੰਗਤ ਦੇ ਵੱਖ ਵੱਖ ਪਿੰਡਾਂ ਵਿੱਚ ਰਵਾਨਾ ਕੀਤੀ ਗਈ। ਕਮਿਊਨਿਟੀ ਹੈਲਥ ਸੈਂਟਰ ਸੰਗਤ ਤੋਂ ਐਸ ਐਮ ਓ ਡਾ ਅੰਜੁ ਕਾਂਸਲ ਨੇ ਝੰਡੀ ਵਿਖਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸਮੂਹ ਮੈਡੀਕਲ, ਪੈਰਾ ਮੈਡੀਕਲ ਸਟਾਫ਼ ਅਤੇ ਸੰਗਤ ਵਾਸੀ ਹਾਜਰ ਸਨ। ਕੈਂਸਰ ਜਾਗਰੂਕਤਾ ਵੈਨ ਨੇ ਸੰਗਤ, ਪਿੰਡ ਜੱਸੀ ਬਾਗ਼ ਵਾਲੀ, ਚੱਕ ਰੁਲਦੂ ਸਿੰਘ ਵਾਲਾ,ਪਥਰਾਲਾ, ਬਾਂਡੀ, ਨੰਦਗੜ੍ਹ ਅਤੇ ਘੁੱਦਾ ਵਿੱਖੇ ਜਾਗਰੂਕਤਾ ਪ੍ਰਚਾਰ ਕੀਤਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸ ਐਮ ਓ ਡਾ ਅੰਜੂ ਕਾਂਸਲ ਨੇ ਦੱਸਿਆ ਕਿ ਕੈਂਸਰ ਦੇ ਲੱਛਣ ਮਾਰ ਹੇਠ ਆਏ ਅੰਗਾਂ ਅਤੇ ਕੈਂਸਰ ਦੇ ਪੜਾਅ ‘ਤੇ ਨਿਰਭਰ ਕਰਦੇ ਹਨ ਜਿਵੇਂ ਛਾਤੀ ਦੇ ਕੈਂਸਰ ’ਚ ਛਾਤੀ ’ਚ ਗੰਢ ਹੋਣਾ, ਗੰਢ ਦਾ ਸਖਤ ਹੋਣਾ, ਤੇਜ਼ੀ ਨਾਲ ਵਧਣਾ, ਚਮੜੀ ਲਾਲ ਹੋਣਾ, ਮਵਾਦ ਜਾਂ ਖੂਨ ਨਿਕਲਣਾ; ਫੇਫੜੇ ਦੇ ਕੈਂਸਰ ਵਿਚ ਲਗਾਤਾਰ ਖਾਂਸੀ, ਖਾਂਸੀ ਵਿਚ ਲਹੂ ਆਉਣਾ, ਸਾਹ ਫੁੱਲਣਾ ਆਦਿ। ਕੁਝ ਲੱਛਣ ਮਾਰ ਹੇਠ ਆਏ ਅੰਗਾਂ ਤੋਂ ਇਲਾਵਾ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ, ਜਿਵੇਂ ਭਾਰ ਘਟਣਾ, ਭੁੱਖ ਨਾ ਲੱਗਣਾ, ਬੁਖਾਰ ਜਾਂ ਕਮਜ਼ੋਰੀ ਮਹਿਸੂਸ ਹੋਣਾ ਹੈ।
ਬਲਾਕ ਹੈਲਥ ਐਜੂਕੇਟਰ ਸਾਹਿਲ ਪੁਰੀ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਪਿੰਡ ਪੱਧਰ ਤੇ ਲੋਕਾਂ ਨੂੰ ਕੈਂਸਰ ਰੋਗ ਦੇ ਲੱਛਣ ਅਤੇ ਇਲਾਜ਼ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਬਾਰੇ ਦੱਸਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਦੀ ਗੰਭੀਰਤਾ ਨੂੰ ਧਿਆਨ ‘ਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਕੈਂਸਰ ਦੇ ਮਰੀਜ਼ਾਂ ਦੀ ਵਿੱਤੀ ਸਹਾਇਤਾ ਲਈ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਚਲਾਈ ਜਾ ਰਹੀ ਹੈ ਜਿਸ ਤਹਿਤ ਮਰੀਜ਼ਾਂ ਨੂੰ ਕੈਂਸਰ ਦੇ ਇਲਾਜ ਲਈ 1.5 ਲੱਖ ਰੁਪਏ ਤੱਕ ਦੇ ਇਲਾਜ਼ ਦੀ ਮਦਦ ਦਿਤੀ ਜਾਂਦੀ ਹੈ