ਖ਼ੁਦ ਗੁਲਾਮ ਹਾ
ਖੁਦ ਗਲਾਮ ਹਾਂ ਅੰਦਰ ਵੱਸਦੇ ਚੋਰਾਂ ਦਾ
ਮੈਂ ਕੀ ਮਾਰਗਦਰਸ਼ਨ ਕਰਨੈ ਹੋਰਾਂ ਦਾ
ਹੱਸਣ ਦਾ ਵੀ ਸਾਂਗ ਜਿਹਾ ਈ ਕਰਦਾ ਹਾਂ
ਜਰ ਨਹੀਂ ਹੁੰਦਾ ਰੁਦਨ ਕਲਹਿਰੀ ਮੋਰਾਂ ਦਾ
ਬਦ ਇਖਲਾਕ ਕਾਂਵਾਂ ਨੂੰ ਬੰਦਾ ਪੁੱਛੇ ਕੋਈ
ਕੀ ਜੁਰਮ ਹੈ ਦੱਸੋ ਭੋਲਿਆਂ ਢੋਰਾਂ ਦਾ
ਇੱਕੋ ਮਕਸਦ ਬੰਦੇ ਨਾਲ਼ੋਂ ਬੰਦਾ ਪਾੜ ਦਿਓ
ਟੈਲੀਵਿਜ਼ਨਾਂ ਉੱਤੇ ਪੈਂਦੇ ਨਿੱਤ ਦੇ ਸ਼ੋਰਾਂ ਦਾ
ਸਿੱਧੀ ਕੰਧ ਕ੍ਹਵੇ ਤਾਂ ਕੋਈ ਉਜਰ ਨਹੀਂ
ਚੜ੍ਹ ਜਾਂਦਾ ਏ ਸੀਮਿੰਟ ਅਕਸਰ ਕੋਰਾਂ ਦਾ
ਕਦਰ ਕਿਸੇ ਨਾ ਕਰਨੀ ਲੱਗਦੈ ਪਾਣੀ ਦੀ
ਜਦੋਂ ਤੀਕ ਨਾ ਮੁੱਕਿਆ ਪਾਣੀ ਬੋਰਾਂ ਦਾ
ਲੁੱਟੇ ਜਾਂਦੇ ਰਹਿਣਗੇ ਕਾਮੇ ਓਦੋਂ ਤੱਕ
ਲਹੂ ਨਾ ਖੌਲਿਆ ਜਦੋਂ ਤੱਕ ਕੰਮਜੋਰਾਂ ਦਾ
ਚੰਨ ਬੱਦਲ ਦੀ ਚਾਦਰ ਲੈ ਕੇ ਸੌਂ ਜਾਵੇ
ਪਿਆਰ ਪਰਖਿਆ ਜਾਂਦਾ ਫੇਰ ਚਕੋਰਾਂ ਦਾ
ਏਥੇ ਹਿਟਲਰ ਬਣਜਾ ਭਾਂਵੇ ਸਿਕੰਦਰ ਤੂੰ
ਓਥੇ ਮਤਲਬ ਨਹੀਂਊਂ ਹਿੱਕ ਦੇ ਜ਼ੋਰਾਂ ਦਾ
ਇੱਕ ਗੱਲ ਰੱਬਾ ਰਾਜ਼ ਦੇ ਖਾਨੇ ਪਾ ਦੇ ਤੂੰ
ਕੱਖ ਨਹੀ ਰਹਿੰਦਾ ਹੁੰਦਾ ਵੱਢੀਖੋਰਾਂ ਦਾ
ਬਲਵਿੰਦਰ ਸਿੰਘ ਰਾਜ਼ 9872097217)