ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 15 ਮਾਰਚ :2021
ਜ਼ਿਲ੍ਹਾ ਰੋਜ਼ਗਰ ਜਨਰੇਸ਼ਨ ਤੇ ਸਿਖਲਾਈ ਅਫਸਰ ਸ਼੍ਰੀਮਤੀ ਅਰਵਿੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਇਸਤਰੀਆਂ ਲਈ ਬੁਟੀਕ ਦੇ ਕੰਮ ਨੂੰ ਸਵੈ-ਰੋਜ਼ਗਾਰ ਦੇ ਤੌਰ ਤੇ ਅਪਨਾਉਣਾ ਆਮਦਨ ਦਾ ਇੱਕ ਵਧੀਆ ਸਾਧਨ ਸਿੱਧ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ/ਕਰਜ਼ਾ ਸਕੀਮਾਂ ਦੇ ਤਹਿਤ ਬੁਟੀਕ ਦਾ ਕੰਮ ਸ਼ੁਰੂ ਕਰਨ ਲਈ ਵੀ ਕਰਜਾ ਸਕੀਮ ਚਲਾਈ ਜਾ ਰਹੀ ਹੈ। ਇਹ ਸਕੀਮ ਉਦਯੋਗ ਵਿਭਾਗ ਦੇ ਅਧੀਨ ਹੈ ਅਤੇ ਇਸ ਸਕੀਮ ਤਹਿਤ ਸਰਕਾਰ ਵੱਲੋਂ 25% ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਸਕੀਮ ਮੁੱਖ ਰੂਪ ਵਿੱਚ ਇਸਤਰੀਆਂ ਲਈ ਲਾਹੇਵੰਦ ਹੈ ਕਿਉ਼ਂਕਿ ਇਸ ਸਕੀਮ ਤਹਿਤ ਕਿਸੇ ਵੀ ਵਰਗ ਜਨਰਲ, ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਨਾਲ ਸਬੰਧਤ ਔਰਤਾਂ ਇਸ ਦਾ ਲਾਭ ਲੈ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਕੀਮ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਲਈ ਲਾਗੂ ਹੁੰਦੀ ਹੈ।
ਸ਼੍ਰੀਮਤੀ ਅਰਵਿੰਦਰ ਕੌਰ ਨੇ ਦੱਸਿਆ ਕਿ ਇਸ ਸਕੀਮ ਲਈ ਅਪਲਾਈ ਕਰਨ ਵਾਸਤੇ ਆਧਾਰ ਕਾਰਡ, ਪੈਨ ਕਾਰਡ, ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਬੈਂਕ ਖਾਤੇ ਦੀ ਕਾਪੀ, ਫੋਟੋਆਂ, ਪ੍ਰੋਜੈਕਟ ਰਿਪੋਰਟ ਅਤੇ ਜਾਤੀ ਸਰਟੀਫਿਕੇਟ (ਜੇਕਰ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਨਾਲ ਸਬੰਧਤ ਹੋਵੇ) ਆਦਿ ਦਸਤਾਵੇਜ ਲੋੜੀਂਦੇ ਹਨ। ਉਨ੍ਹਾਂ ਦੱਸਿਆ ਕਿ ਬੁਟੀਕ ਦਾ ਕੰਮ ਸ਼ੁਰੂ ਕਰਨ ਲਈ ਬੈਂਕ ਕਰਜ਼ਾ ‘ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ’ ਤਹਿਤ ਦਿੱਤਾ ਜਾਂਦਾ ਹੈ। ਚਾਹਵਾਨ ਪ੍ਰਾਰਥੀ ਬੁਟੀਕ ਦੇ ਸਵੈ-ਰੋਜ਼ਗਾਰ ਲਈ ਜ਼ਿਲ੍ਹਾ ਉਦਯੋਗ ਕੇਂਦਰ, ਮੰਡੀ ਗੋਬਿੰਦਗੜ੍ਹ ਦੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰਾਰਥੀ ਆਪਣਾ ਲੋਨ ਕੇਸ ਵੈੱਬਸਾਈਟ kviconline.gov.in ਤੇ ਵੀ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਕਿਸੇ ਵੀ ਕੰਮ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਦੇ ਹੈਲਪਲਾਈਨ ਨੰ: 9915682436 ਤੇ ਵੀ ਸੰਪਰਕ ਕਰ ਸਕਦੇ ਹਨ।