ਪੱਤਰਕਾਰਾਂ, ਸਰਕਾਰੀ/ਨਿੱਜੀ ਬੈਂਕਾਂ ਦੇ ਕਰਮਚਾਰੀਆਂ, ਸਰਕਾਰੀ/ਪ੍ਰਾਈਵੇਟ ਸਕੂਲਾਂ, ਅਨਾਜ ਏਜੰਸੀਆਂ ਦਾ ਸਟਾਫ, ਨਿਆਂਇਕ ਅਧਿਕਾਰੀ/ਅਦਾਲਤ ਦਾ ਸਟਾਫ/ਐਡਵੋਕੇਟ, ਗੈਰ-ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਦੇ ਮੈਂਬਰਾਂ ਲਈ ਖੋਲੀ ਕੋਰੋਨਾ ਵੈਕਸੀਨੇਸ਼ਨ
ਕੋਵਿਡ-19 ਦੀ ਰੋਕਥਾਮ ਲਈ ਵੈਕਸੀਨੇਸ਼ਨ ‘ਚ ਲਿਆਂਦੀ ਜਾਵੇ ਤੇਜ਼਼ੀ ,ਡੀਸੀ ਨੇ ਕਿਹਾ ! ਕੋਵਿਡ ਅਜੇ ਖਤਮ ਨਹੀਂ ਹੋਇਆ, ਸਾਵਧਾਨੀਆਂ ਦੀ ਕੀਤੀ ਜਾਵੇ ਸਖ਼ਤੀ ਨਾਲ ਪਾਲਣਾ
ਦਵਿੰਦਰ ਡੀ.ਕੇ. ਲੁਧਿਆਣਾ, 15 ਮਾਰਚ 2021
ਕੋਵਿਡ-19 ਟੀਕਾਕਰਨ ਦੇ ਦਾਇਰੇ ਨੂੰ ਹੋਰ ਵਧਾਉਂਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਜਨਤਕ ਹਿੱਤ ਵਿੱਚ ਇੱਕ ਵੱਡਾ ਫੈਸਲਾ ਲੈਂਦਿਆਂ ਪੱਤਰਕਾਰਾਂ, ਸਰਕਾਰੀ/ਨਿੱਜੀ ਬੈਂਕਾਂ ਦੇ ਕਰਮਚਾਰੀਆਂ, ਸਰਕਾਰੀ/ਪ੍ਰਾਈਵੇਟ ਸਕੂਲਾਂ, ਅਨਾਜ ਏਜੰਸੀਆਂ ਦਾ ਸਟਾਫ, ਨਿਆਂਇਕ ਅਧਿਕਾਰੀ/ਅਦਾਲਤ ਦਾ ਸਟਾਫ/ਐਡਵੋਕੇਟ, ਗੈਰ-ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਦੇ ਮੈਂਬਰ ਜਿਨ੍ਹਾਂ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਯੋਗਦਾਨ ਪਾਇਆ ਹੋਵੇ, ਉਨ੍ਹਾਂ ਨੂੰ ਫਰੰਟ ਲਾਈਨ ਵਰਕਰ ਵਜੋਂ ਰਜਿਸਟਰ ਕਰਵਾ ਕੇ ਵੈਕਸੀਨੇਸ਼ਨ ਕਰਾਉਣ ਦੀ ਆਗਿਆ ਦਿੱਤੀ ਹੈ ਤਾਂ ਜੋ ਕੋਵਿਡ ਮਹਾਂਮਾਰੀ ਤੋਂ ਇੱਕ ਵੱਡੀ ਅਬਾਦੀ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਕਦਮ ਚੁੱਕਿਆ। ਉਨ੍ਹਾਂ ਇਸ ਮਹਾਂਮਾਰੀ ਦਾ ਸਾਹਮਣਾ ਕਰਨ ਲਈ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਜਲਦ ਤੋਂ ਜਲਦ ਇਸ ਦੀ ਚੇਨ ਨੂੰ ਤੋੜਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ/ਪ੍ਰਾਈਵੇਟ ਬੈਂਕਾਂ, ਸਰਕਾਰੀ/ਪ੍ਰਾਈਵੇਟ ਸਕੂਲਾਂ, ਖੁਰਾਕ ਅਨਾਜ ਏਜੰਸੀਆਂ, ਨਿਆਂਇਕ ਅਧਿਕਾਰੀ/ਅਦਾਲਤਾਂ ਦਾ ਸਟਾਫ/ਐਡਵੋਕੇਟ, ਗੈਰ-ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਦੇ ਮੈਂਬਰਾਂ ਨੂੰ ਫਰੰਟਲਾਈਨ ਵਰਕਰ ਵਜੋਂ ਰਜਿਸਟਰ ਕੀਤਾ ਜਾਵੇ, ਕਿਉਂਕਿ ਇਨ੍ਹਾਂ ਸਰਿਆਂ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਅਣਥੱਕ ਮਿਹਨਤ ਕਰਦਿਆਂ ਆਫਲਾਈਨ ਜਾਂ ਆਨਲਾਈਨ ਸੇਵਾਂਵਾਂ ਨਿਭਾਈਆਂ ਗਈਆਂ।
ਸ੍ਰੀ ਸ਼ਰਮਾ ਨੇ ਕਿਹਾ ਕਿ ਲਾਭਪਾਤਰੀ ਟੀਕਾਕਰਨ ਲਈ ਆਪਣਾ ਅਧਿਕਾਰਤ ਆਈ.ਡੀ. ਅਤੇ ਆਧਾਰ ਕਾਰਡ ਦੇ ਨਾਲ ਸਰਕਾਰੀ/ਪ੍ਰਾਈਵੇਟ ਹਸਪਤਾਲਾਂ ਵਿਚ ਸਥਾਪਤ ਸੈਸ਼ਨ ਸਥਾਨਾਂ ‘ਤੇ ਕੋਵਿਡ ਵੈਕਸੀਨ ਦਾ ਟੀਕਾ ਲਗਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇੱਕ ਟੀਕੇ ਲਈ, ਸਰਕਾਰ ਦੁਆਰਾ ਨਿਰਧਾਰਤ ਅਧਿਕਾਰਤ ਖਰਚੇ ਦਾ ਭੁਗਤਾਨ ਕਰਨਾ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਟੀਕਾਕਰਨ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਯੋਗ ਵਿਅਕਤੀਆਂ ਤੱਕ ਪਹੁੰਚ ਕਰਕੇ ਇਸ ਸੁਵਿਧਾ ਦਾ ਲਾਭ ਦਿੱਤਾ ਜਾਵੇ।
ਉਨ੍ਹਾਂ ਸਾਰੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਵੈਕਸੀਨੇਸ਼ਨ ਕਰਵਾਉਣ ਨੂੰ ਪਹਿਲ ਦੇਣ।
ਉਨ੍ਹਾਂ ਵਸਨੀਕਾਂ ਨੂੰ ਸਾਵਧਾਨ/ਸੁਚੇਤ ਰਹਿਣ ਦੀ ਤਾਕੀਦ ਕਰਦਿਆਂ ਕਿਹਾ ਕਿ ਕੋਵਿਡ ਅਜੇ ਖਤਮ ਨਹੀਂ ਹੋਇਆ ਹੈ ਅਤੇ ਜੇਕਰ ਲੋਕ ਇਸ ਦੀ ਲਾਗ ਤੋਂ ਬਚਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਮਾਸਕ ਪਹਿਨਣਾ, ਸਮਾਜਕ ਦੂਰੀ ਬਣਾਉਣਾ ਅਤੇ ਹੱਥ ਧੋਣਾ/ਸੈਨੀਟਾਈਜ਼ਰਜ਼ ਦੀ ਵਰਤੋਂ ਸਮੇਤ ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਅਵੇਸਲੇ ਨਾ ਹੋਣ ਅਤੇ ਅਦਿੱਖ ਦੁਸ਼ਮਣ ਵਿਰੁੱਧ ਲੜਾਈ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ।