9 ਦੋਸ਼ੀਆਂ ਖਿਲਾਫ ਕੇਸ ਦਰਜ, ਦੋਸ਼ੀਆਂ ਦੀ ਤਲਾਸ਼ ਵਿੱਚ ਜੁਟੀ ਪੁਲਿਸ
ਹਰਿੰਦਰ ਨਿੱਕਾ/ ਮਨੀ ਗਰਗ , ਬਰਨਾਲਾ 13 ਮਾਰਚ 2021
ਮਾਤਾ ਗੁਜਰੀ ਨਗਰ ਖੁੱਡੀ ਰੋਡ ਬਰਨਾਲਾ ਤੇ ਪੈਂਦੇ ਸ਼ਿਵ ਮੰਦਰ ਦੇ ਨੇੜੇ ਕੁਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਕਾਰਣ ਇੱਕ ਕਾਰ ਸਵਾਰ ਵਿਅਕਤੀ ਨੂੰ ਘੇਰ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਕਾਰ ਨੂੰ ਅੱਗ ਲਾ ਕੇ ਫਰਾਰ ਹੋ ਗਏ। ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਜਸਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੇੜੇ ਰੋਡੇ ਫਾਟਕ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਚੰਡੀਗੜ੍ਹ ਵਿਖੇ ਟੂਰ ਐਂਡ ਟਰੈਵਲ ਦਾ ਕੰਮ ਕਰਦਾ ਹਾਂ ਅਤੇ ਚੰਡੀਗੜ ਵਿਖੇ ਹੀ ਗੱਡੀ ਨੰਬਰੀ PB-01-C-5250 ਕੈਬ ਟੈਕਸੀ ਚਲਾਉਦਾ ਹੈ। 11.3.2021 ਨੂੰ ਉਹ ਆਪਣੀ ਉਕਤ ਗੱਡੀ ਲੈ ਕੇ ਆਪਣੇ ਘਰ ਬਰਨਾਲਾ ਮਾਤਾ ਪਿਤਾ ਪਾਸ਼ ਆਇਆ ਹੋਇਆ ਸੀ। 12.3.21 ਨੂੰ ਉਹ ਆਪਣੇ ਘਰੇਲੂ ਕੰਮ ਲਈ ਪਿੰਡ ਖੁੱਡੀ ਕਲਾਂ ਤੋਂ ਵਾਪਿਸ ਬਰਨਾਲਾ ਵੱਲ ਕਾਰ ਵਿੱਚ ਸਵਾਰ ਹੋ ਕੇ ਆ ਰਿਹਾ ਸੀ।
ਜਦੋਂ ਉਹ ਸਿਵ ਮੰਦਰ ਮਾਤਾ ਗੁਜਰੀ ਨਗਰ ਖੁੱਡੀ ਰੋੜ ਬਰਨਾਲਾ ਦੇ ਨਜਦੀਕ ਪੁੱਜਾ ਤਾਂ ਵਕਤ ਕਰੀਬ 9.00 ਵਜੇ ਰਾਤ ਦਾ ਸੀ ਤਾਂ ਮੰਦਰ ਅਤੇ ਸ਼ੈਲਰ ਦੀਆ ਲਾਇਟਾਂ ਜਗ ਰਹੀਆ ਸੀ। ਇਸੇ ਦੌਰਾਨ ਕੁਲਦੀਪ ਸਿੰਘ , ਲਛਮਨ ਸਿੰਘ ਕੁਲਦੀਪ ਦੇ ਮਾਮੇ ਦਾ ਲੜਕਾ ਪਿੰਡ ਹੰਡਿਆਇਆ, ਕੁਲਦੀਪ ਦੀ ਮਾਸੀ ਦਾ ਲੜਕਾ ਪਿੰਡ ਕੈਰੇ ਤੇ 4/5 ਅਣਪਛਾਤੇ ਵਿਅਕਤੀ ਜਿੰਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਅਤੇ ਬੇਸਬਾਲ ਸੋਟੀਆ ਤੇ ਰਾਡਾਂ ਨਾਲ ਲੈਸ ਹੋ ਕੇ ਆਪਣੇ ਮੋਟਰਸਾਇਕਲਾ ਸਮੇਤ ਪਹਿਲਾ ਹੀ ਸੜਕ ਪਰ ਖੜੇ ਸੀ। ਉਸ ਦੀ ਗੱਡੀ ਨੂੰ ਦੇਖ ਕੇ ਕੁਲਦੀਪ ਸਿੰਘ ਨੇ ਅੱਗੇ ਹੋ ਕੇ ਉਸ ਨੂੰ ਘੇਰ ਲਿਆ ਤਾਂ ਕੁਲਦੀਪ ਸਿੰਘ ਦੇ ਮਾਮੇਂ ਦੇ ਲੜਕੇ ਨੇ ਉਸ ਦੀ ਗੱਡੀ ਦੀ ਤਾਕੀ ਖੋਲ੍ਹਕੇ ਉਸ ਨੂੰ ਖਿੱਚ ਕੇ ਗੱਡੀ ਵਿਚੋਂ ਬਾਹਰ ਕੱਢ ਲਿਆ । ਜਦੋਂ ਕਿ ਲਛਮਨ ਸਿੰਘ ਨੇ ਲਲਕਾਰਾ ਮਾਰਿਆ ਕਿ ਇਸ ਨੂੰ ਅੱਜ ਸੁੱਕਾ ਨਹੀਂ ਜਾਣ ਦੇਣਾ, ਇਤਨੇ ਵਿੱਚ ਦੋਸ਼ੀਆਂ ਨੇ ਆਪਣੇ ਫੜ੍ਹੇ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਅਣਪਛਾਤੇ ਵਿਅਕਤੀਆਂ ਨੇ ਵੀ ਉਸ ਦੀ ਗੱਡੀ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਗੱਡੀ ਭੰਨਣ ਤੋਂ ਰੋਕਣ ਦੀ ਕੋਸ਼ਿਸ ਕੀਤੀ ਤਾਂ ਦੋਸ਼ੀਆਂ ਨੇ ਕਾਰ ਨੂੰ ਅੱਗ ਲਾ ਦਿੱਤੀ। ਰੌਲਾ ਪਾਉਣ ਤੇ ਸਾਰੇ ਦੋਸ਼ੀ ਮੌਕੇ ਤੋਂ ਭੱਜ ਗਏ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਦਲਵਿੰਦਰ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਨਾਮਜ਼ਦ ਦੋਸ਼ੀਆਂ ਅਤੇ ਹੋਰ ਅਣਪਛਾਤਿਆਂ ਖਿਲਾਫ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਪੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।