ਹਰਿੰਦਰ ਨਿੱਕਾ , ਬਰਨਾਲਾ 9 ਮਾਰਚ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਡਾ ਹਰਿੰਦਰਜੀਤ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਇਕ ਗੈਰ ਸੰਚਾਰੀ ਬਿਮਾਰੀਆ ਸਬੰਧੀ ਜਾਗਰੂਕਤਾ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਜਾਗਰੂਕਤਾ ਵੈਨ ਦਾ ਮੁੱਖ ਮਕਸਦ ਗੈਰ ਸੰਚਾਰੀ ਬਿਮਾਰੀਆਂ ਜਿਵੇ ਸ਼ੂਗਰ,ਬਲੱਡ ਪ੍ਰੈਸ਼ਰ,ਕੈਂਸਰ ਆਦਿ ਲਈ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਣਾ ਹੈ।
ਗੈਰ ਸੰਚਾਰੀ ਬਿਮਾਰੀਆਂ ਸਬੰਧੀ ਚਲਾਈ ਜਾ ਰਹੀ ਇਸ ਵੈਨ ਨੂੰ ਸਿਵਲ ਹਸਪਤਾਲ ਬਰਨਾਲਾ ਤੋਂ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਸਾਂਝੇ ਤੌਰ ਤੇ ਡਾ ਰਜਿੰਦਰ ਸਿੰਗਲਾ ਡੀ.ਆਈ.ਓ.,ਡਾ ਗੁਰਮਿੰਦਰ ਔਜਲਾ ਡੀ.ਐਮ.ਸੀ., ਡਾ ਲਖਬੀਰ ਕੌਰ ਡੀ.ਐਫ.ਪੀ.ਓ. ,ਡਾ ਜੌਤੀ ਕੌਸ਼ਲ ਐਸ.ਐਮ.ਓ.ਸਿਵਲ ਹਸਪਤਾਲ, ਵੱਲੋਂ ਅਦਾ ਕੀਤੀ ਗਈ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਡਾ ਰਜਿੰਦਰ ਸਿੰਗਲਾ ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਸਾਰੇ ਜਿਲੇ ਵਿੱਚ ਚਾਰ ਦਿਨਾਂ ਲਈ ਲੋਕਾਂ ਨੂੰ ਜਾਗਰੂਕ ਕਰੇਗੀ ਅਤੇ ਇਸ ਵੈਨ ਵਿੱਚ ਜਾਗਰੂਕ ਲਈ ਆਧੁਨਿਕ ਆਡਿਓ ਵਿਜੀਊਲ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਕਿ ਸਰਲ ਤੇ ਸਧਾਰਨ ਭਾਸ਼ਾ ਵਿੱਚ ਇਹਨਾਂ ਬਿਮਾਰੀਆਂ ਦੇ ਲੱਛਣ ਇਹਨਾਂ ਤੋਂ ਬਚਣ ਦਾ ਢੰਗ ਅਤੇ ਤੁਰੰਤ ਚੈਕ ਅੱਪ ਕਰਵਾਉਣ ਸਬੰਧੀ ਜਾਗਰੂਕ ਕਰੇਗੀ।
ਵੈਨ ਨੂੰ ਰਵਾਨਾ ਕਰਨ ਮੌਕੇ ਕੁਲਦੀਪ ਸਿੰਘ ਜਿਲਾ ਮਾਸ ਮੀਡੀਆ ਅਫਸਰ ਅਤੇ ਹਰਜੀਤ ਸਿੰਘ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਵੱਲੋਂ ਵਿਸ਼ੇਸ਼ ਰੂਪ ਵਿੱਚ ਹਾਜਰੀਨ ਆਮ ਲੋਕਾਂ ਨੂੰ ਇਹਨਾਂ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਵਿਸਥਾਰਪੂਰਵਕ ਢੰਗ ਨਾਲ ਜਾਗਰੂਕਤਾ ਭਰਪੂਰ ਭਾਸ਼ਣ ਦਿੱਤਾ ਗਿਆ।