ਸ਼ਰਾਬ ਤਸਕਰਾਂ ਮੂਹਰੇ ਬੌਣੇ ਹੋਏ ਪੁਲਿਸ ਦੇ ਯਤਨ !
ਹਰਿੰਦਰ ਨਿੱਕਾ , ਬਰਨਾਲਾ 9 ਮਾਰਚ 2021
ਜਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੀ ਆਮਦ ਤੋਂ ਬਾਅਦ ਨਸ਼ੀਲੀਆਂ ਗੋਲੀਆਂ/ਨਸ਼ੀਲੇ ਟੀਕਿਆਂ ਅਤੇ ਹੋਰ ਵੱਖ ਵੱਖ ਤਰਾਂ ਦੀ ਡਰੱਗ ਤਸਕਰੀ ਕਰਨ ਵਾਲਿਆਂ ਤੇ ਕੀਤੀ ਗਈ ਸਿਫਤੀ ਸਖਤੀ ਤੋਂ ਬਾਅਦ ਹੁਣ ਨਸ਼ਾ ਤਸਕਰਾਂ ਦਾ ਪੂਰਾ ਜੋਰ ਨਜਾਇਜ਼ ਸ਼ਰਾਬ ਦੀ ਤਸਕਰੀ ਤੇ ਲੱਗਿਆ ਹੋਇਆ ਹੈ। ਬੇਸ਼ੱਕ ਜਿਲ੍ਹੇ ਦੇ ਸਾਰੇ ਹੀ ਪੁਲਿਸ ਥਾਣਿਆਂ ਵਿੱਚ ਲੱਗਭੱਗ ਹਰ ਦੂਜੇ-ਚੌਥੇ ਦਿਨ ਸ਼ਰਾਬ ਤਸਕਰੀ ਦੇ ਧੰਦੇ ਵਿੱਚ ਸ਼ਾਮਿਲ ਛੋਟੇ-ਛੋਟੇ ਸਮਗਲਰਾਂ ਦੇ ਖਿਲਾਫ ਕੇਸ ਦਰਜ ਕਰਕੇ, ਉਨਾਂ ਤੋਂ ਥੋੜ੍ਹੀ ਬਹੁਤ ਨਜਾਇਜ਼ ਸ਼ਰਾਬ ਵੀ ਅਕਸਰ ਬਰਾਮਦ ਕੀਤੀ ਜਾਂਦੀ ਹੈ। ਪਰੰਤੂ ਬੀਤੇ ਵਰ੍ਹੇ ਤੋਂ ਹੁਣ ਤੱਕ ਪੁਲਿਸ ਨੇ ਕੋਈ ਵੱਡੇ ਸ਼ਰਾਬ ਤਸਕਰ ਨੂੰ ਹੱਥ ਨਹੀਂ ਪਾਇਆ ਅਤੇ ਨਾ ਹੀ ਨਸ਼ੀਲੀਆਂ ਗੋਲੀਆਂ ਦੇ ਤਸਕਰਾਂ ਨੂੰ ਨੱਥ ਪਾਉਣ ਵਾਂਗੂੰ ਸ਼ਰਾਬ ਤਸਕਰੀ ਰੋਕਣ ਦੀ ਮੰਸ਼ਾ ਨਾਲ ਫੜ੍ਹੇ ਗਏ ਸ਼ਰਾਬ ਤਸਕਰਾਂ ਤੋਂ ਪੁੱਛਗਿੱਛ ਕਰਕੇ, ਵੱਡੇ ਤਸਕਰਾਂ ਦੀ ਪੈੜ ਦੱਬਣ ਦੀ ਕੋਈ ਕੋਸ਼ਿਸ਼ ਹੋਈ ਹੈ। ਸ਼ਰਾਬ ਤਸਕਰਾਂ ਤੇ ਸ਼ਿਕੰਜਾ ਨਾ ਕਸੇ ਜਾਣ ਨੂੰ ਭਾਂਵੇ ਫਿਲਹਾਲ ਪੁਲਿਸ ਦੀ ਲਾਪਰਵਾਹੀ ਜਾਂ ਮਿਲੀਭੁਗਤ ਤਾਂ ਕਹਿਣਾ ਦਰੁਸਤ ਨਹੀਂ ਲੱਗਦਾ । ਪਰੰਤੂ ਇਹ ਜਰੂਰ ਕਿਹਾ ਜਾ ਸਕਦਾ ਹੈ ਕਿ ਹਾਲੇ ਤੱਕ ਪੁਲਿਸ ਮੁਖੀ ਦੀ ਪੈਣੀ ਨਜ਼ਰ ਤੋਂ ਸ਼ਰਾਬ ਤਸਕਰਾਂ ਬਚੇ ਹੀ ਹੋਏ ਹਨ।
ਲੋਕਾਂ ਦੀ ਉਮੀਦ ਐਸ.ਐਸ.ਪੀ. ਦੀ ਵੱਡੀ ਕਾਰਵਾਈ ਤੇ ਹੀ ਟਿਕੀ
ਇਹ ਕਹਿਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਪੁਲਿਸ ਮੁਖੀ ਸੰਦੀਪ ਗੋਇਲ ਵੱਲੋਂ ਵੱਡੇ ਵੱਡੇ ਡਰੱਗ ਤਸਕਰਾਂ ਖਿਲਾਫ ਕੀਤੀ ਵੱਡੀ ਕਾਰਵਾਈ ਦੀਆਂ ਧੁੰਮਾਂ ਜਿਲ੍ਹੇ /ਜੋਨ/ ਰੇਂਜ ਜਾਂ ਸੂਬੇ ਤੱਕ ਹੀ ਸਿਮਟ ਕੇ ਨਹੀਂ ਰਹੀਆਂ । ਬਲਕਿ ਗੁਆਂਢੀ ਸੂਬਿਆਂ ਤੱਕ ਵੀ ਡਰੱਗ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਦੀ ਗੂੰਜ ਸੁਣਾਈ ਪੈਂਦੀ ਰਹੀ ਹੈ ਅਤੇ ਡਰੱਗ ਤਸਕਰਾਂ ਦੇ ਚੀਸ ਵੀ ਲੰਬੇ ਸਮੇਂ ਤੱਕ ਪੈਂਦੀ ਰਹੇਗੀ। ਜਿਸ ਕਾਰਣ ਡਰੱਗ ਤਸਕਰਾਂ ਦੇ ਕਰਿੰਦਿਆਂ ਦਾ ਪੂਰਾ ਧਿਆਨ ਹੁਣ ਸ਼ਰਾਬ ਤਸਕਰੀ ਰਾਹੀਂ ਮੋਟੀ ਕਮਾਈ ਕਰਨ ਤੇ ਕੇਂਦਰਿਤ ਹੋਇਆ ਪਿਆ ਹੈ। ਰਾਹੀ ਬਸਤੀ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਅਤੇ ਸੰਧੂ ਪੱਤੀ ਦੇ ਨਿਰਭੈ ਸਿੰਘ ਨੇ ਸ਼ਰਾਬ ਤਸਕਰੀ ਦਾ ਜੋਰ ਹੋਣ ਤੇ ਚੁਟਕੀ ਲੈਂਦਿਆਂ ਕਿਹਾ, ਹਾਲੇ ਗੋਇਲ ਸਾਬ੍ਹ ਦਾ ਧਿਆਨ ਸ਼ਰਾਬ ਤਸਕਰਾਂ ਵੱਲ ਨਹੀਂ ਹੋਇਆ, ਜੇ ਉਨਾਂ ਦੀ ਨਜ਼ਰ ਸ਼ਰਾਬ ਤਸਕਰਾਂ ਤੇ ਇੱਕ ਵਾਰ ਪੈ ਗਈ ਤਾਂ ਫਿਰ ਛੋਟੇ ਮੋਟੇ ਸ਼ਰਾਬ ਤਸਕਰ ਤਾਂ ਡਰ ਕੇ ਘੁਰਨਿਆਂ ਵਿੱਚ ਵੜ੍ਹ ਜਾਣਗੇ। ਵੱਡੇ ਸ਼ਰਾਬ ਤਸਕਰਾਂ ਦੀਆਂ ਚੀਕਾਂ ਵੀ ਗੁਆਂਢੀ ਸੂਬਿਆਂ ਤੱਕ ਸੁਣਾਈ ਦੇਣਗੀਆਂ। ਬੱਸ ਸਟੈਂਡ ਦੀ ਬੈਕ ਸਾਈਡ ਤੁਰ ਫੁਰ ਕੇ ਕਬਾੜ ਦਾ ਸਮਾਨ ਖਰੀਦ ਰਹੇ ਬਲਦੇਵ ਸਿੰਘ ਨੇ ਕੁੰਢੀਆਂ ਮੁੱਛਾਂ ਤੇ ਹੱਥ ਫੇਰਦਿਆਂ ਇੱਕ ਸ਼ਰਾਬ ਤਸਕਰ ਨੂੰ ਕਿਹਾ, ਉਏ ਹੁਣੇ ਹੀ ਕੰਮ ਕਾਰ ਕੋਈ ਹੋਰ ਲੱਭ ਲੈ, ਜਿਵੇਂ ਤੁਸੀਂ ਝੋਲਿਆਂ ਵਿੱਚ ਪਾ ਕੇ ਘਰ ਘਰ ਸ਼ਰੇਆਮ ਸ਼ਰਾਬ ਵੇਚਦੇ ਫਿਰਦੇ ਹੋ ਨਾ, ਜੇ ਕਿਤੇ ਵੱਡੇ ਸਾਬ੍ਹ ਤੱਕ ਗੱਲ ਪਹੁੰਚ ਗਈ, ਫਿਰ ਥੋਨੂੰ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਲੁਕਦਿਆਂ ਨੂੰ ਥਾਂ ਵੀ ਨਹੀਂ ਥਿਆਉਣੀ।
ਪ੍ਰਸ਼ਾਸ਼ਨ ਲਈ ਕਦੇ ਵੀ ਵੱਡੀ ਸਿਰਦਰਦੀ ਬਣ ਸਕਦੀ ਐ ,ਨਜਾਇਜ਼ ਸ਼ਰਾਬ ਦੀ ਵਿਕਰੀ
ਪੰਜਾਬ ਦੇ ਵੱਖ ਵੱਖ ਸਰਹੱਦੀ ਜਿਲ੍ਹਿਆਂ ਵਿੱਚ ਮਾੜੀ ਤੇ ਨਜ਼ਾਇਜ਼ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੀਆਂ ਸੁਰਖੀਆਂ ਦੀ ਸਿਆਹੀ ਵੀ ਹਾਲੇ ਪੂਰੀ ਤਰਾਂ ਨਹੀਂ ਸੁੱਕੀ ਅਤੇ ਨਾ ਹੀ ਘਰਾਂ ਵਿੱਚ ਵਿਛੇ ਸੱਥਰਾਂ ਵਾਲੇ ਪਰਿਵਾਰਾਂ ਦਾ ਦਰਦ ਘਟਿਆ ਹੈ। ਪਰੰਤੂ ਬਰਨਾਲਾ ਜਿਲ੍ਹੇ ਅੰਦਰ ਹੋ ਰਹੀ ਸ਼ਰਾਬ ਦੀ ਤਸਕਰੀ ਕਦੇ ਵੀ ਉਸੇ ਤਰਾਂ ਪ੍ਰਸ਼ਾਸ਼ਨ ਲਈ ਵੱਡੀ ਸਿਰਦਰਦੀ ਪੈਦਾ ਕਰ ਸਕਦੀ ਹੈ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਪਤਾਨ ਦੇ ਇਸ਼ਾਰੇ ਦੀ ਉਡੀਕ ਐ, ਛੋਟੇ ਤਾਂ ਕੀ ਵੱਡੇ ਸ਼ਰਾਬ ਤਸਕਰਾਂ ਨਾਲ ਵੀ ਉਹ ਹੋਊ, ਜਿਸਨੂੰ ਇਲਾਕੇ ਦੇ ਲੋਕ ਹੀ ਨਹੀਂ, ਉਨਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਯਾਦ ਰੱਖਿਆ ਕਰਨਗੀਆਂ।