ਬਜਟ ਵਿੱਚ ਹਰੇਕ ਵਰਗ ਦੇ ਲੋਕਾਂ ਦਾ ਰੱਖਿਆ ਗਿਆ ਹੈ ਧਿਆਨ
ਬੁਢਾਪਾ ਪੈਨਸ਼ਨ ਤੇ ਆਸ਼ੀਰਵਾਦ ਸਕੀਮ ਦੀ ਰਾਸ਼ੀ ਵਿੱਚ ਵਾਧਾ ਅਤੇ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਦਾ ਐਲਾਨ ਇਤਿਹਾਸਕ: ਜੀ.ਪੀ.
ਅਸ਼ੋਕ ਧੀਮਾਨ , ਬਸੀ ਪਠਾਣਾ/ਫ਼ਤਹਿਗੜ੍ਹ ਸਾਹਿਬ 9 ਮਾਰਚ:2021
ਬਸੀ ਪਠਾਣਾ ਦੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ. ਨੇ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੂੰ ਸਾਲ 2021-22 ਦਾ ਲੋਕ ਪੱਖੀ ਬਜਟ ਪੇਸ਼ ਕਰਨ ਲਈ ਵਧਾਈ ਦਿੱਤੀ ਹੈ। ਵਿਧਾਇਕ ਜੀ.ਪੀ. ਨੇ ਕਿਹਾ ਕਿ ਬਜਟ ਵਿੱਚ ਸਰਕਾਰੀ ਬੱਸਾਂ ਵਿੱਚ ਔਰਤਾਂ ਨੂੰ ਮੁਫਤ ਸਫਰ ਸਹੂਲਤ ਦੇਣੀ ਇੱਕ ਕ੍ਰਾਂਤੀਕਾਰੀ ਕਦਮ ਹੈ। ਇਸ ਤੋਂ ਇਲਾਵਾ ਬੁਢਾਪਾ ਪੈਨਸ਼ਨ ਦੀ ਰਾਸ਼ੀ 750 ਰੁਪਏ ਤੋਂ ਵਧਾ ਕੇ 1500 ਕੀਤੀ ਗਈ ਹੈ ਜਿਸ ਨਾਲ ਪੈਨਸ਼ਨ ਧਾਰਕਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਅਧੀਨ ਦਿੱਤੀ ਜਾਂਦੀ 21000/- ਰੁਪਏ ਦੀ ਰਾਸ਼ੀ ਨੂੰ ਵੀ ਵਧਾ ਕੇ 51000/- ਰੁਪਏ ਕੀਤਾ ਗਿਆ ਹੈ ਜਿਸ ਦਾ ਲਾਭ ਪਾਤਰਾਂ ਨੂੰ ਵੱਡਾ ਲਾਭ ਮਿਲੇਗਾ।
ਬਸੀ ਪਠਾਣਾ ਹਲਕੇ ਦੇ ਵਿਧਾਇਕ ਨੇ ਕਿਹਾ ਕਿ ਪੈਨਸ਼ਨ ਵਿੱਚ ਵਾਧੇ ਨਾਲ ਪੈਨਸ਼ਨਰਾਂ ਦੀ ਚਿਰਕੋਣੀ ਮੰਗ ਪੂਰੀ ਹੋਈ ਹੈ। ਅਸ਼ੀਰਵਾਦ ਸਕੀਮ ਦੀ ਰਾਸ਼ੀ 21 ਹਜ਼ਾਰ ਤੋਂ ਵਧਾ ਕੇ 51 ਹਜ਼ਾਰ ਰੁਪਏ ਕਰਨ ਨਾਲ ਔਰਤਾਂ ਨੂੰ ਵੱਡੇ ਪੱਧਰ ਉੱਤੇ ਲਾਭ ਮਿਲੇਗਾ ਤੇ ਉਹਨਾਂ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਵਿਚ ਸਹਾਈ ਹੋਵੇਗਾ।
ਵਿਧਾਇਕ ਜੀ.ਪੀ. ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲ ਦੌਰਾਨ ਸੂਬੇ ਦਾ ਵੱਡੇ ਪੱਧਰ ਉੱਤੇ ਵਿਕਾਸ ਕਰਵਾਇਆ ਹੈ ਤੇ ਆਉਣ ਵਾਲੇ ਇਕ ਸਾਲ ਵਿੱਚ ਸੂਬੇ ਦਾ ਐਨਾ ਵਿਕਾਸ ਕਰਵਾਇਆ ਜਾਵੇਗਾ ਜਿੰਨਾ ਅੱਜ ਤੱਕ ਇਕ ਸਾਲ ਵਿੱਚ ਨਹੀਂ ਹੋਇਆ ਹੋਵੇਗਾ। ਸ. ਜੀ.ਪੀ. ਨੇ ਕਿਹਾ ਕਿ ਔਰਤਾਂ ਨੂੰ ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ਵਿਚ ਮੁਫ਼ਤ ਸਫ਼ਰ ਦੀ ਸਹੂਲਤ ਦੇ ਕੇ ਪੰਜਾਬ ਸਰਕਾਰ ਨੇ ਵਿਸ਼ਵ ਮਹਿਲਾ ਦਿਵਸ ਉੱਤੇ ਵੱਡਾ ਇੱਕ ਤੋਹਫਾ ਦਿੱਤਾ ਹੈ। ਇਸ ਨਾਲ ਔਰਤਾਂ ਨੂੰ ਸਫ਼ਰ ਸਬੰਧੀ ਆਰਥਿਕ ਮੁਸ਼ਕਲਾਂ ਤੋਂ ਨਿਜਾਤ ਮਿਲੇਗੀ।