ਹਰਪ੍ਰੀਤ ਕੌਰ, ਸੰਗਰੂਰ, 9 ਮਾਰਚ 2021
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਲੋਂ ਆਈ.ਸੀ.ਏ.ਆਰ-ਅਟਾਰੀ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਥਾਨਕ ਖੇੜੀ ਕੇਂਦਰ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਸੈਲਫ-ਹੈਲਪ ਗਰੁੱਪਾਂ ਦੀਆਂ ਔਰਤ ਮੈਂਬਰਾਂ ਅਤੇ ਪਿੰਡਾਂ ਦੀਆਂ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੈਨਿੰਗ) ਨੇ ਕਿਸਾਨ ਅਤੇ ਪੇਂਡੂ ਔਰਤਾਂ ਦੀ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਔਰਤਾਂ ਦੇ ਸ਼ਸਕਤੀਕਰਨ ਕਰਨ ਲਈ ਕੇ.ਵੀ.ਕੇ ਦੀ ਭੂਮਿਕਾ ‘ਤੇ ਚਾਨਣਾ ਪਾਇਆ। ਉਨਾਂ ਕਿਸਾਨ ਬੀਬੀਆਂ ਅਤੇ ਭੈਣਾਂ ਨੂੰ ਗ੍ਰਹਿ ਪ੍ਰਬੰਧ ਅਤੇ ਸਹਾਇਕ ਧੰਦਿਆਂ ਦੇ ਸਿਖਲਾਈ ਕੋਰਸਾਂ ਬਾਰੇ ਵੀ ਦੱਸਿਆ। ਸ. ਗਮਦੂਰ ਸਿੰਘ, ਬਲਾਕ ਟੈਕਨੋਲੋਜੀ ਮੈਨੇਜਰ, ਆਤਮਾ, ਸੰਗਰੂਰ ਨੇ ਔਰਤਾ ਨੂੰ ਆਰਥਿਕ ਗਤੀਵਿਧੀਆਂ ਵਧਾਉਣ ਲਈ ਸੈਲਫ ਹੈਲਪ ਗਰੁੱਪ ਬਣਾਉਣ ਬਾਰੇ ਜਾਗਰੁਕ ਕੀਤਾ।
ਅੰਤ ਵਿੱਚ ਪ੍ਰੋਗਰਾਮ ਵਿੱਚ ਸ਼ਾਮਲ ਸਮੂਹ ਮਹਿਲਾਵਾਂ ਨੂੰ ਪੌਸ਼ਟਿਕ ਬਗੀਚੀ ਲਈ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਅਤੇ ਪੀ ਏ ਯੂ ਦਾ ਸਾਹਿਤ ਵੰਡਿਆ ਗਿਆ। ਮਹਿਲਾਵਾਂ ਨੂੰ ਘਰੇਲੂ ਅਤੇ ਫਲਦਾਰ ਬਗੀਚੀ ਦੀ ਮਾਡਲ ਪ੍ਰਦਰਸ਼ਨੀ ਦਾ ਦੌਰਾ ਵੀ ਕਰਵਾਇਆ ਗਿਆ। ਇਸ ਮੌਕੇ ਸ੍ਰੀਮਤੀ ਹਰਪ੍ਰੀਤ ਕੌਰ ਨੂੰ ਮੁਰਗੀ ਪਾਲਣ, ਅਮਨਦੀਪ ਕੌਰ ਨੂੰ ਖੇਤੀਬਾੜੀ, ਸਵਿਤਾ ਰਾਣੀ ਨੂੰ ਖੁੰਬਾਂ ਦੀ ਕਾਸ਼ਤ, ਮਿਸ ਚੰਨਪ੍ਰੀਤ ਕੌਰ ਨੂੰ ਕੱਪੜਿਆਂ ਦਾ ਬੂਟੀਕ ਅਤੇ ਸ੍ਰੀਮਤੀ ਅਰਵਿੰਦਰ ਕੌਰ ਨੂੰ ਸੰਜੀਵਨੀ ਸੈਲਫ ਗਰੁੱਪ ਦੇ ਖੇਤਰ ਵਿੱਚ ਕੋਰਬਾਰ ਸਥਾਪਿਤ ਕਰਨ ਬਦਲੇ ਸਨਮਾਨਿਤ ਕੀਤਾ ਗਿਆ।