ਜ਼ਿਲ੍ਹਾ ਦੇ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਸਕੂਲ ਮੁਖੀਆਂ ਨੇ ਕੀਤੀ ਯੋਜਨਾਬੰਧੀ
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੀਤਾ ਉਤਸ਼ਾਹ ਵਧਾਉਣ ਲਈ ਵਿਸ਼ੇਸ਼ ਦੌਰਾ
ਹਰਪ੍ਰੀਤ ਕੌਰ , ਸੰਗਰੂਰ, 7 ਮਾਰਚ 2021
ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸੰਗਰੂਰ ਜ਼ਿਲ੍ਹੇ ਦੇ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਜਾਰੀ ਹਨ। ਸਕੂਲਾਂ ਵਿੱਚ ਅਧਿਆਪਕਾਂ ਦਾ ਹੌਂਸਲਾ ਵਧਾਉਣ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸਕੂਲਾਂ ਵਿੱਚ ਅਚਨਚੇਤ ਦੌਰਾ ਕਰਕੇ ਸਕੂਲਾਂ ਵਿੱਚ ਸਮਾਰਟ ਤਕਨਾਲੋਜੀ ਨਾਲ ਪ੍ਰਦਾਨ ਕੀਤੀ ਜਾ ਰਹੀ ਗੁਣਾਤਮਿਕ ਸਿੱਖਿਆ ਅਤੇ ਅਧਿਆਪਕਾਂ ਵੱਲੋਂ ਮਿਸ਼ਨ ਸ਼ਤ-ਪ੍ਰਤੀਸ਼ਤ ਲਈ ਕੀਤੀ ਜਾ ਰਹੀ ਮਿਹਨਤ ਪ੍ਰਤੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸ਼ਾਬਾਸ਼ ਦਿੱਤੀ।ਸਰਕਾਰੀ ਮਿਡਲ ਸਕੂਲ ਕਾਲਾਝਾੜ ਵਿਖੇ ਸਕੂਲ ਇੰਚਾਰਜ ਹਰਪ੍ਰੀਤ ਕੌਰ ਐੱਸ.ਐੱਸ. ਮਿਸਟ੍ਰੈਸ ਦੀ ਅਗਵਾਈ ਵਿੱਚ ਸਕੂਲ ਦੀਆਂ ਦੀਵਾਰਾਂ ਬਹੁਤ ਹੀ ਸੁੰਦਰ ਗਿਆਨਵਧਾਊ ਸਮੱਗਰੀ ਨਾਲ ਸਜੀਆਂ ਹੋਈਆਂ ਸਨ ਉੱਥੇ ਵਿਦਿਆਰਥੀਆਂ ਨੇ ਅੰਗਰੇਜ਼ੀ ਵਿੱਚ ਸਕੂਲ ਬਾਰੇ ਜਾਣਕਾਰੀ ਦੇ ਕੇ ਹੈਰਾਨ ਕਰ ਦਿੱਤਾ। ਇਸਦੇ ਨਾਲ ਹੀ ਸਕੂਲ ਅਧਿਆਪਕਾਂ ਨੇ ਜਾਣਕਾਰੀ ਦਿੱਤੀ ਕਿ ਸਕੂਲ ਵਿੱਚ ਦੁਜੇ ਪਿੰਡਾਂ ਤੋਂ ਵੀ ਪੜ੍ਹਣ ਲਈ ਆਉਂਦੇ ਹਨ ਜਿਸ ‘ਤੇ ਸਕੱਤਰ ਸਕੂਲ ਸਿੱਖਿਆ ਨੇ ਸਕੂਲ ਨੂੰ ਟਰਾਂਸਪੋਰਟ ਸੁਵਿਧਾ ਪ੍ਰਦਾਨ ਕਰਵਾਉਣ ਲਈ ਮੁੱਖ ਦਫ਼ਤਨ ਨੂ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਸਰਕਾਰੀ ਪ੍ਰਾਇਮਰੀ ਸਕੂਲ ਕਾਲਾਝਾੜ ਵਿੱਚ ਬਣ ਰਹੇ ਗਣਿਤ ਵਿੱਦਿਅਕ ਪਾਰਕ ਅਤੇ ਮਿਡ ਡੇ ਮੀਲ ਮਲਟੀਪਰਪਜ਼ ਹਾਲ ਦੀ ਵੀ ਸਕੱਤਰ ਸਕੂਲ ਸਿੱਖਿਆ ਕਿ੍ਰਸ਼ਨ ਕੁਮਾਰ ਨੇ ਸਰਾਹਨਾ ਕੀਤੀ।
ਸਰਕਾਰੀ ਪ੍ਰਾਇਮਰੀ ਸਕੂਲ ਲਾਡਬਨਜਾਰਾ ਕਲਾਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਕੂਲ ਹੈੱਡ ਟੀਚਰ ਖੁਦ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਸਮੇਂ ਤੋਂ ਬਾਅਦ ਵਾਧੂ ਕਲਾਸ ਲਗਾ ਕੇ ਵਿਦਿਆਰਥੀਆਂ ਨੂੰ ਪ੍ਰੋਜੈਕਟਰ ਰਾਹੀਂ ਪੜ੍ਹਾ ਰਹੇ ਸਨ।ਵਿਦਿਆਰਥੀ ਬਹੁਤ ਹੀ ਰੌਚਿਕਤਾ ਨਾਲ ਸਮਾਰਟ ਕਲਾਸਰੂਮ ਅੰਦਰ ਮਾਡਲ ਟੈਸਟ ਪੇਪਰ ਹੱਲ ਕਰਦੇ ਹੋਏ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਸਨ।
ਸਕੱਤਰ ਸਕੂਲ ਸਿੱਖਿਆ ਨੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਲਗਾਤਾਰ ਸਿਖਲਾਈ ਦਿੱਤੀ ਜਾ ਰਹੀ ਹੈ। ਅਧਿਆਪਕ ਅਤੇ ਸਕੂਲ ਮੁਖੀਆਂ ਨੇ ਉਤਸ਼ਾਹਿਤ ਹੋ ਕੇ ਸਕੂਲਾਂ ਵਿੱਚ ਸਿੱਖਿਆ ਪੱਧਰ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਉੱਚਾ ਚੁੱਕਿਆ ਹੈ। ਸਕੂਲਾਂ ਦੀ ਦਿੱਖ ਆਕਰਸ਼ਕ ਬਣ ਰਹੀ ਹੈ। ਵਿਭਾਗ ਵੱਲੋਂ ਮਿਲੀਆਂ ਗ੍ਰਾਂਟਾਂ ਨੂੰ ਪਾਰਦਰਸ਼ੀ ਢੰਗ ਨਾਲ ਖਰਚ ਕੀਤੇ ਜਾਣ ਦੇ ਨਾਲ-ਨਾਲ ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਵਿਭਾਗ ਵੱਲੋਂ ਚਲਾਏ ਗਏ ਮਿਸ਼ਨ ਸ਼ਤ-ਪ੍ਰਤੀਸ਼ਤ, ਦਾਖ਼ਲਾ ਮੁਹਿੰਮ, ਇੰਗਲਿਸ਼ ਬੂਸਟਰ ਕਲੱਬ, ਬਡੀ ਗਰੁੱਪ, ਸਮਾਰਟ ਸਕੂਲ ਮੁਹਿੰਮ ਲਈ ਵਿਸ਼ੇਸ਼ ਯੋਜਨਾਬੰਦੀ, ਅਧਿਆਪਕਾਂ ਦੀ ਸਮਰੱਥਾ ਉਸਾਰੀ ਪ੍ਰੋਗਰਾਮਾਂ ਦਾ ਸਾਕਾਰਾਤਮਕ ਪ੍ਰਭਾਵ ਦੇਖਣ ਵਿੱਚ ਆਇਆ ਹੈ।